ਅੰਮ੍ਰਿਤਸਰ, 10 ਨਵੰਬਰ- ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁ: ਪ੍ਰ: ਕਮੇਟੀ) ਸ੍ਰੀ ਅੰਮ੍ਰਿਤਸਰ ਵੱਲੋਂ ਧਾਰਮਿਕ ਵਿਦਿਆ ਦੇ ਪ੍ਰਚਾਰ-ਪ੍ਰਸਾਰ ਲਈ ਅਰੰਭੀ ਮੁਹਿੰਮ ਤਹਿਤ ਪੂਰੇ ਭਾਰਤ ਦੇ ਸਕੂਲਾਂ/ਕਾਲਜਾਂ ਵਿੱਚ ਵਿਦਿਆਰਥੀਆਂ ਵਿੱਚ ਸਿੱਖੀ ਸੰਸਕਾਰਾਂ ਦਾ ਸੰਚਾਰ ਕਰਨ ਲਈ ਸਲਾਨਾ ਧਾਰਮਿਕ ਪ੍ਰੀਖਿਆ ਲਈ ਜਾਂਦੀ ਹੈ। ਇਸ ਸਬੰਧ ਵਿੱਚ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ੍ਰ. ਸੁਖਦੇਵ ਸਿੰਘ ਭੂਰਾ ਕੋਹਨਾ ਨੇ ਦਸਿਆ ਕਿ ਇਸ ਸਾਲ ਧਾਰਮਿਕ ਪ੍ਰੀਖਿਆ ਸਕੂਲਾਂ/ਕਾਲਜਾਂ ਵਿੱਚ ਵਿਦਿਆਰਥੀਆਂ ਦੀ ਵਧੀ ਹੋਈ ਗਿਣਤੀ ਨੂੰ ਸਨਮੁਖ ਰੱਖਕੇ ਦੋ ਭਾਗਾਂ ਵਿੱਚ ਆਯੋਜਿਤ ਕੀਤੀ ਜਾ ਰਹੀ ਹੈ। ਜਿਸ ਵਿੱਚ ਪੰਜਾਬ ਦੇ ਦੁਆਬਾ ਤੇ ਮਾਲਵਾ ਜ਼ੋਨ ਦੇ ਸਕੂਲਾਂ ਕਾਲਜਾਂ ਵਿੱਚ ਧਾਰਮਿਕ ਪ੍ਰੀਖਿਆ ਮਿਤੀ ੧੪ ਅਤੇ ੧੫ ਨਵੰਬਰ-੨੦੧੭ ਨੂੰ ਹੋਵੇਗੀ। ਇਸੇ ਤਰ੍ਹਾਂ ਪੰਜਾਬ ਦੇ ਮਾਝਾ ਜ਼ੋਨ ਅਤੇ ਪੰਜਾਬ ਤੋਂ ਬਾਹਰਲੇ ਰਾਜਾਂ ਵਿੱਚ ਇਹ ਧਾਰਮਿਕ ਪ੍ਰੀਖਿਆ ਮਿਤੀ ੨੧ ਅਤੇ ੨੨ ਨਵੰਬਰ-੨੦੧੭ ਨੂੰ ਹੋਵੇਗੀ। ਇਸ ਸਬੰਧ ਵਿੱਚ ਧਾਰਮਿਕ ਪ੍ਰੀਖਿਆ ਦੇ ਹਰ ਪ੍ਰਕਾਰ ਦੇ ਲੋੜੀਂਦੇ ਪ੍ਰਬੰਧ ਆਦਿ ਮੁਕੰਮਲ ਕਰਦਿਆਂ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਨੂੰ ਰੋਲ ਨੰਬਰ ਜਾਰੀ ਕਰ ਦਿੱਤੇ ਗਏ ਹਨ। ਧਾਰਮਿਕ ਪ੍ਰੀਖਿਆ ਸਬੰਧੀ ਪੂਰੇ ਭਾਰਤ ਵਿੱਚ ੬੦੦ ਕੇਂਦਰ ਨੀਯਤ ਕੀਤੇ ਗਏ ਹਨ, ਜਿਸ ਵਿੱਚ ਵੱਖ-ਵੱਖ ਦਰਜਿਆਂ ਦੇ ੫੦ ਹਜ਼ਾਰ ਵਿਦਿਆਰਥੀ ਭਾਗ ਲੈ ਰਹੇ ਹਨ। ਸ. ਭੂਰਾ ਕੋਹਨਾ ਨੇ ਧਾਰਮਿਕ ਪ੍ਰੀਖਿਆ ਵਿੱਚ ਸ਼ਾਮਲ ਸਮੂੰਹ ਸਕੂਲਾਂ ਕਾਲਜਾਂ ਦੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਵਿਦਿਆਰਥੀਆਂ ਦੇ ਰੋਲ ਨੰਬਰ ਨਾ ਪੁੱਜਣ ਦੀ ਸੂਰਤ ਵਿੱਚ ਪ੍ਰਬੰਧਕ, ਦਫ਼ਤਰ ਧਾਰਮਿਕ ਪ੍ਰੀਖਿਆ ਵਿਭਾਗ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁ: ਪ੍ਰ: ਕਮੇਟੀ) ਨਾਲ ਸੰਪਰਕ ਕਰ ਸਕਦੇ ਹਨ।