ਸਮੁੱਚਾ ਸਿੱਖ ਪੰਥ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਇਕੱਤਰ ਹੋਵੇ- ਬਾਬਾ ਲੱਖਾ ਸਿੰਘ
3ਅੰਮ੍ਰਿਤਸਰ : ੮ ਨਵੰਬਰ (         ) ਬਾਬਾ ਲੱਖਾ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰਦੁਆਰਾ ਝੰਡੇ ਬੁੰਗੇ ਅਸਥਾਨ ਤੇ ਪੰਥਕ ਏਕਤਾ, ਇਤਫਾਕ ਤੇ ਚੜ੍ਹਦੀ ਕਲਾ ਲਈ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਜੁੜ ਬੈਠੀਆਂ ਸੰਗਤਾਂ ਨੇ ਭਾਈ ਜਗਤਾਰ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਜਥੇ ਪਾਸੋਂ ਇਲਾਹੀ ਬਾਣੀ ਦੇ ਕੀਰਤਨ ਸਰਵਣ ਕੀਤੇ। ਅਰਦਾਸ ਭਾਈ ਕੁਲਵਿੰਦਰ ਸਿੰਘ ਅਰਦਾਸੀਆ ਸ੍ਰੀ ਦਰਬਾਰ ਸਾਹਿਬ ਨੇ ਕੀਤੀ ਤੇ ਹੁਕਮਨਾਮਾ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਲਿਆ।
ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਸਮਾਂ ਸਮੁੱਚੀਆਂ ਸਿੱਖ ਸੰਗਤਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਇਕੱਤਰ ਹੋਣ ਦਾ ਵਾਸਤਾ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਗੁਰਬਾਣੀ ਦੀਆਂ ਪੋਥੀਆਂ ਤੇ ਗੁਟਕੇ ਸਾਹਿਬਾਨ ਦੀ ਜੋ ਬੇਅਦਬੀ ਕੀਤੀ ਜਾ ਰਹੀ ਹੈ ਉਹ ਅਸਹਿ ਹੈ। ਉਨ੍ਹਾਂ ਕਿਹਾ ਕਿ ਫੁੱਟ ਪਾਊ ਤਾਕਤਾਂ ਤੋਂ ਸੁਚੇਤ ਹੋ ਕੇ ਪੂਰੇ ਖਾਲਸਾ ਪੰਥ ਨੂੰ ਹੁਣ ਇਕੱਜੁੱਟ ਹੋਣਾ ਚਾਹੀਦਾ ਹੈ।
ਬਾਬਾ ਲੱਖਾ ਸਿੰਘ ਨਾਨਕਸਰ ਕਲੇਰਾਂ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਸਿੱਖ ਸ਼ਕਤੀ ਦਾ ਇਕਮੁੱਠ ਹੋਣਾ ਅਤੀ ਜਰੂਰੀ ਹੈ। ਹਰ ਸਿੱਖ ਅੰਦਰ ਸ੍ਰੀ ਅਕਾਲ ਤਖ਼ਤ ਸਾਹਿਬ ਪ੍ਰਤੀ ਅਥਾਹ ਸਤਿਕਾਰ ਹੈ। ਪਰ ਹਉਮੈ ਵੱਸ ਇਕੱਲੇ-ਇਕੱਲੇ ਦਲਾਂ ਵਿੱਚ ਸਿੱਖ ਸ਼ਕਤੀ ਵੰਡੀ ਜਾਣ ਕਾਰਣ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਅਪੀਲ ਕੀਤੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ-ਛਾਇਆ ਹੇਠ ਇਕੱਤਰ ਹੋ ਕੇ ਪੰਥ ਦੀ ਚੜ੍ਹਦੀ ਕਲਾ ਦਾ ਸਬੂਤ ਦਿਓ।
ਦਮਦਮੀ ਟਕਸਾਲ ਤੇ ਸੰਤ ਸਮਾਜ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕਰਦਿਆਂ ਕਿਹਾ ਕਿ ਜਦੋਂ ਕਿਤੇ ਵੀ ਸਿੱਖ ਕੌਮ ਤੇ ਭੀੜ ਬਣੀ ਹੈ ਤਾਂ ਪੰਥ ਖਾਲਸਾ ਹਮੇਸ਼ਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸਰਵਉੱਚ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੇਧ ਲੈਂਦਾ ਆ ਰਿਹਾ ਹੈ ਤੇ ਹਰ ਔਕੜ ਸਮੇਂ ਖਾਲਸਾ ਏਥੋਂ ਸੇਧ ਲੈ ਕੇ ਹਮੇਸ਼ਾਂ ਆਪਣੇ ਮਕਸਦ ਵਿੱਚ ਕਾਮਯਾਬ ਹੋਇਆ ਹੈ ਤੇ ਚੜ੍ਹਦੀ ਕਲਾ ਵਿੱਚ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਫੇਰ ਦੁਸ਼ਮਣ ਤਾਕਤਾਂ ਵੱਲੋਂ ਸੋਚੀ ਸਮਝੀ ਸਾਜਿਸ਼ ਤਹਿਤ ਸਾਡੇ ਪਾਵਨ ਪਵਿੱਤਰ ਸ੍ਰੀ ਗੁਰੂ ਗ੍ਰੰਥ ਜੀ ਦੀ ਪੰਜਾਬ ‘ਚ ਜਗ੍ਹਾ-ਜਗ੍ਹਾ ਬੇਅਦਬੀ ਕੀਤੀ ਜਾ ਰਹੀ ਹੈ ਜੋ ਨਾ ਸਹਾਰਣ ਯੋਗ ਹੈ। ਦੁਸ਼ਮਣਾ ਦੀ ਇਸ ਘਿਨਾਉਣੀ ਕਾਰਵਾਈ ਕਰਕੇ ਦੇਸ਼-ਵਿਦੇਸ਼ਾਂ ਵਿੱਚ ਵਸਦੀਆਂ ਸਿੱਖ ਸੰਗਤਾਂ ਦੇ ਮਨਾ ਵਿੱਚ ਭਾਰੀ ਰੋਸ ਤੇ ਰੋਹ ਹੈ। ਉਨ੍ਹਾਂ ਕਿਹਾ ਕਿ ਇਸ ਅਉਖੀ ਘੜੀ ਸਮੇਂ ਆਪਸ ਵਿੱਚ ਉੱਲਝਣ ਦੀ ਬਜਾਏ ਸਮੁੱਚੀਆਂ ਸਿੱਖ ਧਾਰਮਿਕ ਜਥੇਬੰਦੀਆਂ, ਸਭਾ ਸੁਸਾਇਟੀਆਂ ਹੀ ਨਹੀਂ ਬਲਕਿ ਸਮੁੱਚਾ ਸਿੱਖ ਪੰਥ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ-ਛਾਇਆ ਹੇਠ ਇਕੱਤਰ ਹੋਵੇ ਤੇ ਆਪਸ ਵਿੱਚ ਮਿਲ ਬੈਠ ਕੇ ਅਗਲੇਰਾ ਪ੍ਰੋਗਰਾਮ ਉਲੀਕਿਆ ਜਾਵੇ। ਉਨ੍ਹਾਂ ਕਿਹਾ ਕਿ ਇਕੱਲੇ-ਇਕੱਲੇ ਦੇ ਪ੍ਰੋਗਰਾਮ ਦੇਣ ਨਾਲ ਕੌਮ ਦਾ ਕੁਝ ਨਹੀਂ ਸਵਾਰਿਆ ਜਾ ਸਕਦਾ। ਉਨ੍ਹਾਂ ਸਮੁੱਚੀਆਂ ਸੰਪਰਦਾਵਾਂ, ਧਾਰਮਿਕ ਸਖਸ਼ੀਅਤਾਂ ਨੂੰ ਜੋਰ ਦੇ ਕੇ ਕਿਹਾ ਕਿ ਆਓ ਇਸ ਔਖੇ ਸਮੇਂ ਵਿੱਚ ਮੀਰੀ-ਪੀਰੀ ਦੇ ਮਾਲਿਕ ਸ੍ਰੀ ਗੁਰੂ ਹੋਰਗੋਬਿੰਦ ਸਾਹਿਬ ਜੀ ਦਾ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦਾ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਪ ਸਭ ਨੂੰ ਇਕੱਤਰਤਾ ਲਈ ਅਵਾਜ ਮਾਰ ਰਿਹਾ ਹੈ।
ਇਸ ਉਪਰੰਤ ਸਮੁੱਚੇ ਸੰਤਾਂ ਮਹਾਂਪੁਰਸ਼ਾਂ ਤੇ ਸਮੂਹ ਸੰਗਤਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀਆਂ ਪਰੀਕਰਮਾਂ ਕੀਤੀਆਂ ਤੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਸੰਤ ਬਾਬਾ ਲੱਖਾ ਸਿੰਘ ਜੀ ਨਾਨਕਸਰ ਕਲੇਰਾਂ ਤੇ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਮੁਖੀ ਦਮਦਮੀ ਟਕਸਾਲ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਐਡੀ: ਹੈਡ ਗ੍ਰੰਥੀ, ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰ: ਪ੍ਰਤਾਪ ਸਿੰਘ ਮੈਨੇਜਰ, ਬਾਬਾ ਗੁਰਦੇਵ ਸਿੰਘ, ਬਾਬਾ ਭਾਗ ਸਿੰਘ, ਬਾਬਾ ਸਰਦਾਰਾ ਸਿੰਘ ਨਾਨਕਸਰ ਵਾਲੇ, ਬਾਬਾ ਨਛੱਤਰ ਸਿੰਘ ਝਾਮਪੁਰ, ਬਾਬਾ ਅਮਰ ਸਿੰਘ ਧੂਲ ਕੋਟ, ਬਾਬਾ ਮੰਗਲ ਸਿੰਘ ਮੁਗਲਚੱਕ, ਬਾਬਾ ਬੰਤਾ ਸਿੰਘ ਮੁੰਡਾ ਪਿੰਡ, ਬਾਬਾ ਸਾਧੂ ਸਿੰਘ, ਬਾਬਾ ਬਲਜੀਤ ਸਿੰਘ, ਬਾਬਾ ਅਰਵਿੰਦਰ ਸਿੰਘ, ਬਾਬਾ ਬਲਵੰਤ ਸਿੰਘ, ਬਾਬਾ ਹਰਬੰਸ ਸਿੰਘ, ਬਾਬਾ ਸਤਨਾਮ ਸਿੰਘ, ਬਾਬਾ ਬਿਲੰਭਰ ਸਿੰਘ ਸਾਰਾਗੜ੍ਹੀ, ਬਾਬਾ ਪ੍ਰੀਤਮ ਸਿੰਘ ਪਟਿਆਲਾ, ਬਾਬਾ ਹਰੀ ਸਿੰਘ, ਬਾਬਾ ਮਹੰਤ ਕੁਲਦੀਪ ਸਿੰਘ, ਬਾਬਾ ਸੁਰਿੰਦਰ ਸਿੰਘ ਫਰੀਦ, ਬਾਬਾ ਇੰਦਰਪਾਲ ਸਿੰਘ ਦੇਵੀਵਾਲ, ਬਾਬਾ ਪ੍ਰੀਤਮ ਸਿੰਘ ਸ਼ਹੀਦ ਬਾਬਾ ਦੀਪ ਸਿੰਘ ਅਸਥਾਨ, ਬਾਬਾ ਜੀ ਰਾੜਾ ਸਾਹਿਬ ਵਾਲੇ, ਬਾਬਾ ਸ਼ਮਸ਼ੇਰ ਸਿੰਘ, ਬਾਬਾ ਗੁਰਭੇਜ ਸਿੰਘ ਖਜਾਲਾ, ਮਹੰਤ ਕੁਲਦੀਪ ਸਿੰਘ ਨਾਨਕਸਰ ਵਾਲੇ, ਗਿਆਨੀ ਅਮਰੀਕ ਸਿੰਘ, ਗਿਆਨੀ ਜੁਝਾਰ ਸਿੰਘ, ਭਾਈ ਨਰਿੰਦਰ ਸਿੰਘ ਬਾੜਾ, ਸ੍ਰ: ਹਰਭਜਨ ਸਿੰਘ ਬਰਾੜ, ਸ੍ਰ: ਸਤਨਾਮ ਸਿੰਘ ਉੱਪਲ, ਸ੍ਰ: ਸੁਖਜੀਤ ਸਿੰਘ ਬਗੌਰਾ ਪੀ ਟੀ ਸੀ, ਬਾਬਾ ਸੁਖਦੇਵ ਸਿੰਘ ਲੰਗਰਾਂ ਵਾਲੇ ਤਰਨ-ਤਾਰਨ, ਸ੍ਰ: ਬਲਵਿੰਦਰ ਸਿੰਘ ਭਿੰਡਰ, ਗਿਆਨੀ ਸਰਵਣ ਸਿੰਘ, ਗਿਆਨੀ ਕਰਨੈਲ ਸਿੰਘ ਗਰੀਬ, ਸ੍ਰ: ਧਰਮਿੰਦਰ ਸਿੰਘ ਨਾਨਕਸਰ ਕਲੇਰਾਂ, ਸ੍ਰ: ਹਰਪ੍ਰੀਤ ਸਿੰਘ ਸੋਨੂੰ, ਸ੍ਰ ਕੁਲਵੰਤ ਸਿੰਘ ਰਾਠੌਰ, ਜਥੇਦਾਰ ਭਾਈ ਸੁਖਜੀਤ ਸਿੰਘ, ਸੰਤ ਗੁਰਜੀਤ ਸਿੰਘ ਸ਼ਿਕਾਗੋ, ਪ੍ਰੋ: ਸਰਚਾਂਦ ਸਿੰਘ, ਸ੍ਰ: ਮਨਮੋਹਣ ਸਿੰਘ ਸਠਿਆਲਾ, ਸ੍ਰ: ਦਿਲਜੀਤ ਸਿੰਘ ਬੇਦੀ, ਸ੍ਰ: ਕੁਲਵਿੰਦਰ ਸਿੰਘ ‘ਰਮਦਾਸ’ ਇੰਚਾਰਜ ਪਬਲੀਸਿਟੀ, ਸ੍ਰ: ਇੰਦਰ ਮੋਹਣ ਸਿੰਘ ‘ਅਨਜਾਣ’ ਇੰਚਾਰਜ ਗੁਰਦੁਆਰਾ ਗਜਟ, ਸ੍ਰ: ਸੁਖਵਿੰਦਰ ਸਿੰਘ ਅਗਵਾਨ ਤੇ ਹੋਰ ਬਹੁਤ ਸਾਰੇ ਸੰਤਾਂ ਮਹਾਂਪੁਰਸ਼ਾਂ ਨੇ ਸ਼ਮੂਲੀਅਤ ਕੀਤੀ।