ਅੰਮ੍ਰਿਤਸਰ 28 ਮਾਰਚ (          ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਬਰਨਾਲਾ ਦੇ ਅਗਰਸੈਨ ਚੌਕ ‘ਚ ਸਥਿਤ ਗੁਰਦੁਆਰਾ ਸਾਹਿਬ ‘ਚ ੧੨ ਗੁਟਕਾ ਸਾਹਿਬ ਦੀ ਬੇਅਦਬੀ ਤੇ ਲੁਧਿਆਣਾ ਵਿਖੇ ਬਸਤੀ ਜੋਧੇਵਾਲ ਇਲਾਕੇ ਦੀ ਆਨੰਦਪੁਰੀ ਕਲੋਨੀ ਵਿੱਚ ਕੂੜੇ ਦੇ ਢੇਰਾਂ ‘ਤੇ ਗੁਟਕਾ ਸਾਹਿਬ ਦੇ ਪੰਨੇ ਖਿਲਰੇ ਪਾਏ ਜਾਣ ਦੀਆਂ ਹਿਰਦੇਵੇਦਕ ਘਟਨਾਵਾਂ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕੀਤੀ ਹੈ।
ਪ੍ਰੋ. ਬਡੂੰਗਰ ਨੇ ਕਿਹਾ ਕਿ ਬਰਨਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਗੁਟਕਿਆਂ ਦੀ ਬੇਅਦਬੀ ਲਈ ਪ੍ਰਬੰਧ ਵਿੱਚ ਢਿਲ ਕਾਰਨ ਪ੍ਰਬੰਧਕ ਕਮੇਟੀ ਜ਼ਿੰਮੇਵਾਰ ਹੈ ਜਿਨ੍ਹਾਂ ਗੁਟਕਾ ਸਾਹਿਬ ਦੀ ਸਾਂਭ-ਸੰਭਾਲ ਵੱਲ ਧਿਆਨ ਨਾ ਦਿੰਦਿਆਂ ਅਣਗਹਿਲੀ ਵਰਤੀ ਹੈ।ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਇਸ ਦੁੱਖਦਾਈ ਘਟਨਾ ਦੀ ਬਾਰੀਕੀ ਨਾਲ ਜਾਂਚ ਕਰੇ ਅਤੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕਰੇ।ਪ੍ਰੋ. ਬਡੂੰਗਰ ਨੇ ਲੁਧਿਆਣਾ ਵਿਖੇ ਵਾਪਰੀ ਦੂਜੀ ਘਟਨਾ ਬਾਰੇ ਆਖਿਆ ਕਿ ਜੋ ਬਾਣੀ ਸਾਨੂੰ ਸਰਬੱਤ ਦੇ ਭਲੇ ਤੇ ਹਰ ਧਰਮ ਦਾ ਸਤਿਕਾਰ ਕਰਨ ਦੀ ਪ੍ਰੇਰਨਾ ਦਿੰਦੀ ਹੈ ਉਸ ਬਾਣੀ ਦੇ ਪੰਨੇ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਇਕ ਵਿਅਕਤੀ ਦੇ ਘਰ ਦੇ ਬਾਹਰੋਂ ਖਿਲਰੇ ਮਿਲਣ ਨਾਲ ਸਿੱਖ ਭਾਈਚਾਰੇ ਅੰਦਰ ਰੋਸ ਹੈ।
ਉਨ੍ਹਾਂ ਪ੍ਰਸ਼ਾਸਨ ਨੂੰ ਜ਼ੋਰ ਦੇ ਕੇ ਕਿਹਾ ਕਿ ਇਨ੍ਹਾਂ ਮਾਮਲਿਆਂ ਨੂੰ ਗੰਭੀਰਤਾ ਨਾਲ ਲੈ ਕੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕਰੇ ਤਾਂ ਕਿ ਅਜਿਹੀ ਦੁੱਖਦਾਈ ਘਟਨਾ ਮੁੜ ਨਾ ਵਾਪਰੇ।ਉਨ੍ਹਾਂ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਪਾਵਨ ਗੁਰਬਾਣੀ ਦੀ ਬੇਅਦਬੀ ਦੀਆਂ ਅਜਿਹੀਆਂ ਘਟਨਾਵਾਂ ਨੂੰ ਠੱਲ੍ਹਣ ਲਈ ਸੁਹਿਰਦ ਯਤਨ ਕੀਤੇ ਜਾਣ ਅਤੇ ਗੁਰੂ-ਘਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।