ਅੰਮ੍ਰਿਤਸਰ, 22 ਅਪ੍ਰੈਲ –ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਕੈਨੇਡਾ ਦੇ ਐਲਬਰਟਾ ਸੂਬੇ ਵਿਚ ਸਿੱਖਾਂ ਨੂੰ ਦਸਤਾਰ ਸਜਾ ਕੇ ਦੋ ਪਹੀਆ ਵਾਹਨ ਚਲਾਉਣ ਦੀ ਇਜ਼ਾਜਤ ਦੇਣ ਦਾ ਭਰਵਾਂ ਸਵਾਗਤ ਕੀਤਾ ਹੈ। ਉਨ੍ਹਾਂ ਆਖਿਆ ਕਿ ਦਸਤਾਰ ਸਿੱਖਾਂ ਦਾ ਧਾਰਮਿਕ ਚਿੰਨ੍ਹ ਹੋਣ ਦੇ ਨਾਲ-ਨਾਲ ਸਿੱਖੀ ਦਾ ਗੌਰਵ ਵੀ ਹੈ। ਇਸਦੇ ਨਾਲ ਹੀ ਦਸਤਾਰ ਸੁਰੱਖਿਆ ਦਾ ਵੀ ਸਾਧਨ ਬਣਦੀ ਹੈ। ਪ੍ਰੋ: ਬਡੂੰਗਰ ਨੇ ਕਿਹਾ ਕਿ ਬੇਸ਼ੱਕ ਹੈਲਮਟ ਦਾ ਮਕਸਦ ਵਾਹਨ ਚਾਲਕ ਲਈ ਸੁਰੱਖਿਆ ਪ੍ਰਦਾਨ ਕਰਨਾ ਹੈ, ਪਰੰਤੂ ਸਿੱਖਾਂ ਨੂੰ ਦਸਤਾਰ ਦੇ ਹੁੰਦਿਆਂ ਹੋਰ ਕਿਸੇ ਵੀ ਸੁਰੱਖਿਆ ਸਾਧਨ ਦੀ ਲੋੜ ਨਹੀਂ ਰਹਿੰਦੀ। ਇਸ ਲਈ ਕੈਨੇਡਾ ਦੇ ਐਲਬਰਟਾ ਸੂਬੇ ਦੀ ਸਰਕਾਰ ਵੱਲੋਂ ਸਿੱਖਾਂ ਨੂੰ ਹੈਲਮਟ ਤੋਂ ਛੋਟ ਦਾ ਫੈਸਲਾ ਢੁੱਕਵਾਂ ਤੇ ਅਰਥ ਭਰਪੂਰ ਹੈ। ਉਨ੍ਹਾਂ ਇਕ ਵਾਰ ਫਿਰ ਇਸ ਫੈਸਲੇ ਦਾ ਸਵਾਗਤ ਕਰਦਿਆਂ ਆਖਿਆ ਕਿ ਗੁਰੂ ਬਖਸ਼ੀ ਦਸਤਾਰ ਦੀ ਮਹਾਨਤਾ ਨੂੰ ਠੋਸ ਢੰਗ ਨਾਲ ਪੇਸ਼ ਕਰਨ ਕਰਕੇ ਸਥਾਨਕ ਸਿੱਖ ਵਧਾਈ ਦੇ ਹੱਕਦਾਰ ਹਨ।