ਅੰਮ੍ਰਿਤਸਰ, 15 ਜੁਲਾਈ-  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਭਾਰਤ ਦੇ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਨੂੰ ਇੱਕ ਪੱਤਰ ਲਿਖ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਆਉਂਦੇ ਕਾਲਜਾਂ ਦੀ  ਬਕਾਇਆ ਸਕਾਲਰਸ਼ਿਪ ਰਾਸ਼ੀ ਜਾਰੀ ਕਰਨ ਦੀ ਮੰਗ ਕੀਤੀ ਹੈ। ਲਿਖੇ ਪੱਤਰ ਵਿਚ ਪ੍ਰੋ: ਬਡੂੰਗਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਚੱਲਦੇ ਏਡਿਡ ਤੇ ਅਨਏਡਿਡ ੩੫ ਕਾਲਜ ਜਿਨਾਂ ਵਿਚ ਪਛੜੀਆਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਦੀ ਸਮੁੱਚੀ ਫੀਸ ਸਕਾਲਰਸ਼ਿਪ ਅਧੀਨ ਮੁਆਫ ਕੀਤੀ ਜਾਂਦੀ ਹੈ। ਪਿਛਲੇ ਕੁਝ ਵਿੱਤੀ ਸਾਲਾਂ ਤੋਂ ਸਕਾਲਰਸ਼ਿਪ ਦੀ ਬਣਦੀ ਕੁੱਲ ਰਾਸ਼ੀ ੧੨,੨੬,੮੬,੮੧੭/- ਅੱਖਰੀਂ ਬਾਰਾਂ ਕਰੋੜ ਛੱਬੀ ਲੱਖ ਛਿਆਸੀ ਹਜ਼ਾਰ ਅੱਠ ਸੌ ਸਤਾਰਾਂ ਰੁਪਏ ਬਣਦੀ ਹੈ, ਜੋ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਨਹੀਂ ਕੀਤੀ ਗਈ ਜਿਸ ਕਾਰਨ ਇਨਾਂ ਵਿੱਦਿਅਕ ਸੰਸਥਾਵਾਂ ਦੇ ਆਰਥਿਕ ਢਾਂਚੇ ਉਪਰ ਗੰਭੀਰ ਅਸਰ ਪਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਨੋਟੀਫਿਕੇਸ਼ਨ ਅਨੁਸਾਰ ਸ਼੍ਰੋਮਣੀ ਕਮੇਟੀ ਅਧੀਨ ਚੱਲਦੇ ਕਾਲਜਾਂ ਵਿਚ ਪੜ੍ਹਦੇ ਪਛੜੀਆਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਦੀ ਸਮੁੱਚੀ ਫੀਸ ਸਕਾਲਰਸ਼ਿਪ ਅਧੀਨ ਮੁਆਫ ਕੀਤੀ ਜਾਂਦੀ ਹੈ। ਪਰੰਤੂ ਇਸ ਬਕਾਇਆ ਰਕਮ ਦੇ ਨਾ ਮਿਲਣ ਕਾਰਨ ਕਾਲਜਾਂ ਦੇ ਵਿਕਾਸ ਕਾਰਜਾਂ ਅਤੇ ਸਟਾਫ ਦੀਆਂ ਤਨਖਾਹਾਂ ਦੀ ਅਦਾਇਗੀ ਕਰਨ ਵਿਚ ਵੱਡੀ ਰੁਕਾਵਟ ਆ ਰਹੀ ਹੈ। ਪ੍ਰੋ: ਬਡੂੰਗਰ ਨੇ ਸ੍ਰੀ ਅਰੁਣ ਜੇਤਲੀ ਨੂੰ ਅਪੀਲ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਵਿਦਿਅਕ ਅਦਾਰਿਆਂ ਵਿਚ ਜਿਥੇ ਸਕਾਲਰਸ਼ਿਪ ਰਾਹੀਂ ਪਛੜੀਆਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਨੇ ਵਿਦਿਆ ਦਾ ਗਿਆਨ ਦਿੱਤਾ ਜਾਂਦਾ ਹੈ, ਉਨਾਂ ਕਾਲਜਾਂ ਦੀ ਬਣਦੀ ਸਕਾਲਰਸ਼ਿਪ ਰਾਸ਼ੀ ਜਲਦ ਜਾਰੀ ਕੀਤੀ ਜਾਵੇ ਤਾਂ ਜੋ ਕਾਲਜਾਂ ਦੇ ਵਿਗੜ ਰਹੇ ਆਰਥਿਕ ਪ੍ਰਬੰਧ ਨੂੰ ਸੁਧਾਰਿਆ ਜਾ ਸਕੇ।