ਅੰਮ੍ਰਿਤਸਰ 24 ਮਾਰਚ (        ) –  ਪ੍ਰੋ.ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੱਛਮੀ ਆਸਟ੍ਰੇਲੀਆ ਦੇ ਸਕੂਲਾਂ ਵਿੱਚ ਸਿੱਖ ਇਤਿਹਾਸ ਪੜਾਉਣ ਲਈ ਸਥਾਨਕ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲੇ ਦੀ ਪ੍ਰਸੰਸਾ ਕੀਤੀ ਹੈ।ਉਨ੍ਹਾਂ ਕਿਹਾ ਕਿ ਸਰਬੱਤ ਦਾ ਭਲਾ ਮੰਗਣ ਵਾਲੀ ਸਿੱਖ ਕੌਮ ਦੇ ਸ਼ਾਨਾਮੱਤੇ ਇਤਿਹਾਸ, ਫ਼ਲਸਫੇ ਅਤੇ ਸਿੱਖ ਕੌਮ ਦੇ ਸੂਰਬੀਰ ਯੋਧਿਆ ਵੱਲੋਂ ਕੀਤੀਆਂ ਗਈਆਂ ਕੁਰਬਾਨੀਆਂ ਤੋਂ ਵਿਦਿਆਰਥੀਆਂ ਨੂੰ ਜਾਣੂੰ ਕਰਵਾਉਣ ਹਿੱਤ ਆਸਟ੍ਰੇਲੀਆ ਸਰਕਾਰ ਵੱਲੋਂ ਆਪਣੇ ਸਕੂਲਾਂ ਦੇ ਸਿਲੇਬਸ ਵਿੱਚ ਸਿੱਖ ਇਤਿਹਾਸ ਨੂੰ ਸ਼ਾਮਲ ਕਰਨ ਦਾ ਉਪਰਾਲਾ ਸਮੁੱਚੀ ਕੌਮ ਲਈ ਮਾਣ ਵਾਲੀ ਗੱਲ ਹੈ।

ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸਿੱਖ ਧਰਮ ਦੀਆਂ ਮਹਾਨ ਸ਼ਖਸੀਅਤਾਂ ਵੱਲੋਂ ਇਤਿਹਾਸ ਵਿੱਚ ਪਾਏ ਗਏ ਸ਼ਾਨਾਮੱਤੇ ਯੋਗਦਾਨ ਨੂੰ ਸਕੂਲੀ ਵਿਦਿਆਰਥੀਆਂ ਤੱਕ ਪਹੁੰਚਾਣ ਦਾ ਆਸਟ੍ਰੇਲੀਆ ਸਰਕਾਰ ਦਾ ਫੈਸਲਾ ਨਿਰਸੰਦੇਹ ਹੀ ਵਿਦਿਆਰਥੀਆਂ ਅੰਦਰ ਕੌਮੀ ਜਜ਼ਬਾ, ਤਿਆਗ, ਅਣਖ, ਦਲੇਰੀ, ਸਦਭਾਵਨਾ, ਸੇਵਾ ਜਿਹੇ ਗੁਣਾਂ ਨੂੰ ਦ੍ਰਿੜ ਕਰਵਾਏਗਾ।ਉਨ੍ਹਾਂ ਕਿਹਾ ਕਿ ਇਸ ਉੱਦਮ ਸਦਕਾ ਆਪਸੀ ਮਿਲਵਰਤਨ ਦੀ ਭਾਵਨਾ ਵਧੇਗੀ ਅਤੇ ਸਿੱਖ ਵਿਦਿਆਰਥੀਆਂ ਉਪਰ ਹੁੰਦੇ ਨਸਲੀ ਹਮਲਿਆਂ ਦੇ ਰੁਝਾਨ ਨੂੰ ਵੀ ਠੱਲ੍ਹ ਪਵੇਗੀ।

ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ਵਿੱਚ ਵੱਸਦੇ ਸਿੱਖਾਂ ਨੇ ਉਥੋਂ ਦੀ ਆਰਥਿਕ ਤਰੱਕੀ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ ਹੈ ਅਤੇ ਆਪਣੀ ਅੱਡਰੀ ਪਹਿਚਾਣ ਬਣਾਉਂਦਿਆਂ ਆਸਟ੍ਰੇਲੀਆ ਅੰਦਰ ਕਈ ਸਨਮਾਨਯੋਗ ਪਦ ਹਾਸਲ ਕੀਤੇ ਹਨ।ਜਿਸ ਦੇ ਮੱਦੇਨਜ਼ਰ ਪੱਛਮੀ ਆਸਟ੍ਰੇਲੀਆ ਦੀ ਸਰਕਾਰ ਵੱਲੋਂ ਚੁੱਕੇ ਗਏ ਇਸ ਇਤਿਹਾਸਕ ਕਦਮ ਨਾਲ ਆਸਟ੍ਰੇਲੀਆ ਵਿੱਚ ਵੱਸਦੇ ਸਿੱਖ ਭਾਈਚਾਰੇ ਨੂੰ ਹੋਰ ਮਜ਼ਬੂਤੀ ਪ੍ਰਾਪਤ ਹੋਵੇਗੀ।