ਬਾਬਾ ਨਿਧਾਨ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਨਡਾਲੋਂ ਵਿਖੇ ਗੁਰਮਤਿ ਸਮਾਗਮ


ਨਡਾਲੋਂ (ਹੁਸ਼ਿਆਰਪੁਰ), ੨੫ ਮਾਰਚ – ਬਾਬਾ ਨਿਧਾਨ ਸਿੰਘ ਜੀ (ਸ੍ਰੀ ਹਜ਼ੂਰ ਸਾਹਿਬ ਵਾਲਿਆਂ) ਦੇ ਜਨਮ ਦਿਹਾੜੇ ਮੌਕੇ ਉਨ੍ਹਾਂ ਦੇ ਜੱਦੀ ਪਿੰਡ ਨਡਾਲੋਂ ਦੇ ਗੁਰਦੁਆਰਾ ਸੰਤ ਬਾਬਾ ਦੀਵਾਨ ਸਿੰਘ ਜੀ ਅਤੇ ਸੰਤ ਬਾਬਾ ਨਿਧਾਨ ਸਿੰਘ ਜੀ ਵਿਖੇ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਉਚੇਚੇ ਤੌਰ ‘ਤੇ ਹਾਜ਼ਰੀ ਭਰੀ। ਇਸ ਮੌਕੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਪ੍ਰੋ. ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਬਾਬਾ ਨਿਧਾਨ ਸਿੰਘ ਜੀ ਦਾ ਸੇਵਾ ਦੇ ਖੇਤਰ ਵਿਚ ਮਿਸਾਲੀ ਯੋਗਦਾਨ ਹੈ, ਜੋ ਉਨ੍ਹਾਂ ਦੀ ਗੁਰੂ ਨੂੰ ਸਮਰਪਿਤ ਸ਼ਖ਼ਸੀਅਤ ਦੀ ਤਰਜਮਾਨੀ ਕਰਦਾ ਹੈ। ਉਨ੍ਹਾਂ ਕਿਹਾ ਕਿ ਬਾਬਾ ਜੀ ਵੱਲੋਂ ਕੀਤੇ ਗਏ ਸੇਵਾ ਦੇ ਉੱਦਮ ਪਿੱਛੇ ਕਰਤਾਰੀ ਸ਼ਕਤੀ ਦਾ ਵਿਸ਼ੇਸ਼ ਰੋਲ ਸੀ। ਉਨ੍ਹਾਂ ਆਖਿਆ ਕਿ ਅਜਿਹੀਆਂ ਸ਼ਖ਼ਸੀਅਤਾਂ ਸਾਡੇ ਲਈ ਚਾਨਣ ਮੁਨਾਰੇ ਦੀ ਤਰ੍ਹਾਂ ਹੁੰਦੀਆਂ ਹਨ ਜਿਸ ਤੋਂ ਅਗਵਾਈ ਪ੍ਰਾਪਤ ਕਰ ਕੇ ਅਸੀਂ ਆਪਣੇ ਜੀਵਨ ਨੂੰ ਸੁਚੱਜਾ ਬਣਾ ਸਕਦੇ ਹਾਂ।

ਪ੍ਰੋ. ਬਡੂੰਗਰ ਨੇ ਵਿਸ਼ੇਸ਼ ਤੌਰ ਤੇ ਬਾਬਾ ਨਿਧਾਨ ਸਿੰਘ ਜੀ ਦੇ ਨਾਮ ਤੇ ਕਾਰਜਸ਼ੀਲ ਸੁਸਾਇਟੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਬਾਬਾ ਜੀ ਦੇ ਨਾਮ ਤੇ ਬਣੀ ਬਾਬਾ ਨਿਧਾਨ ਸਿੰਘ ਜੀ ਇੰਟਰਨੈਸ਼ਨਲ ਸੁਸਾਇਟੀ ਵੱਲੋਂ ਉਨ੍ਹਾਂ ਦੀ ਘਾਲਣਾ ਅਤੇ ਦੇਣ ਨੂੰ ਅਕਾਦਮਿਕ ਪੱਧਰ ਤੇ ਪ੍ਰਚਾਰਨ ਲਈ ਸੁਸਾਇਟੀ ਦੇ ਸੰਸਥਾਪਕ ਡਾ. ਪਰਮਜੀਤ ਸਿੰਘ ਸਰੋਆ ਵਧਾਈ ਦੇ ਹੱਕਦਾਰ ਹਨ। ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ੪ ਅਗਸਤ ਨੂੰ ਬਾਬਾ ਨਿਧਾਨ ਸਿੰਘ ਜੀ ਦੀ ਯਾਦ ਵਿਚ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ, ਸ੍ਰੀ ਅੰਮ੍ਰਿਤਸਰ ਵਿਖੇ ਸਮਾਗਮ ਕਰਵਾਉਣ ਦਾ ਐਲਨ ਵੀ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਇਸ ਗੁਰਦੁਆਰਾ ਸਾਹਿਬ ਦੇ ਸੁੰਦਰੀਕਰਨ ਦੀ ਜਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਵੇਗੀ।
ਇਸ ਮੌਕੇ ‘ਤੇ ਸ਼੍ਰੋਮਣੀ ਕਮੇਟੀ ਮੈਂਬਰ ਸ. ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਬੀਬੀ ਰਣਜੀਤ ਕੌਰ ਮਾਹਿਲਪੁਰ ਤੇ ਡਾ. ਪਰਮਜੀਤ ਸਿੰਘ ਸਰੋਆ ਨੇ ਵੀ ਸੰਗਤਾਂ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ ਅਤੇ ਬਾਬਾ ਨਿਧਾਨ ਸਿੰਘ ਜੀ ਦੇ ਜੀਵਨ ਅਤੇ ਉਨ੍ਹਾਂ ਦੇ ਯੋਗਦਾਨ ਤੋਂ ਸੇਧ ਲੈਣ ਦੀ ਪ੍ਰੇਰਨਾ ਕੀਤੀ। ਇਸ ਮੌਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸ. ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਬੀਬੀ ਰਣਜੀਤ ਕੌਰ ਮਾਹਿਲਪੁਰ, ਸ. ਸਤਪਾਲ ਸਿੰਘ ਨਡਾਲੋਂ  ਅਤੇ ਡਾ. ਪਰਮਜੀਤ ਸਿੰਘ ਸਰੋਆ ਆਦਿ ਨੇ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ ਸਨਮਾਨਿਤ ਕੀਤਾ। ਇਸ ਮੌਕੇ ਨਿਊਜਰਸੀ ਅਮਰੀਕਾ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਸ. ਓਂਕਾਰ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਦੀ ਚੱਲ ਰਹੀ ਲੜੀ ਦੇ ਭੋਗ ਪਾਏ ਗਏ  ਭਾਈ ਸੁੱਲਖਣ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਬਾਬਾ ਨਿਧਾਨ ਸਿੰਘ ਜੀ, ਭਾਈ ਤਾਰਬਲਬੀਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਤੇ ਬਾਬਾ ਮਨਜਿੰਦਰ ਸਿੰਘ ਦੇ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਭਾਈ ਗੁਰਪ੍ਰੀਤ ਸਿਮਘ ਲਾਂਡਰਾਂ ਤੇ ਬੀਬੀ ਰਜਵੰਤ ਕੌਰ ਦੇ ਢਾਡੀ ਜਥਿਆਂ ਨੇ ਸੰਗਤਾਂ ਨਾਲ ਗੁਰ ਇਤਿਹਾਸ ਸਾਂਝਾ ਕੀਤਾ।  
ਸਮਾਗਮ ਸਮੇਂ ਅੰਮ੍ਰਿਤ ਸੰਚਾਰ ਵੀ ਕੀਤਾ ਗਿਆ, ਜਿਸ ਵਿਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਪੁੱਜੇ ਪੰਜ ਪਿਆਰਿਆਂ ਨੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਿੱਤਰ ਪ੍ਰਦਰਸ਼ਨੀ ਲਗਾਈ ਗਈ ਅਤੇ ਵਿਸ਼ਾਲ ਕਲੀਨਿਕ ਨਡਾਲੋਂ ਵੱਲੋਂ ਮੈਡੀਕਲ ਚੈਕਅਪ ਕੈਂਪ ਲਗਾ ਕੇ ਫਰੀ ਦਵਾਈਆਂ ਦਿੱਤੀਆਂ ਗਈਆ। ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ।
ਇਸ ਮੌਕੇ ਮੈਂਬਰ ਸ਼੍ਰੋਮਣੀ ਕਮੇਟੀ ਸ. ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਤੇ ਬੀਬੀ ਰਣਜੀਤ ਕੌਰ ਮਾਹਿਲਪੁਰ, ਡਾ. ਪਰਮਜੀਤ ਸਿੰਘ ਸਰੋਆ ਐਡੀ. ਸਕੱਤਰ ਸ਼੍ਰੋਮਣੀ ਕਮੇਟੀ, ਸ. ਕੁਲਵਿੰਦਰ ਸਿੰਘ ਰਮਦਾਸ ਮੀਤ ਸਕੱਤਰ ਮੀਡੀਆ ਸ਼੍ਰੋਮਣੀ ਕਮੇਟੀ, ਸ. ਹਰਭਜਨ ਸਿੰਘ ਵਕਤਾ, ਸ. ਸਤਪਾਲ ਸਿੰਘ ਨਡਾਲੋਂ ਪ੍ਰਧਾਨ ਗੁਰਦੁਆਰਾ ਕਮੇਟੀ, ਸ. ਸੁਖਵਿੰਦਰ ਸਿੰਘ ਬਿੱਲਾ ਨਡਾਲੋਂ ਮੀਤ ਪ੍ਰਧਾਨ, ਸ. ਗੁਰਮੁੱਖ ਸਿੰਘ ਮੈਂਬਰ, ਸ. ਜਸਵਿੰਦਰ ਸਿੰਘ ਮੈਂਬਰ, ਡਾ. ਸਾਹਿਬ ਸਿੰਘ ਡਰੋਲੀ, ਡਾ. ਬਲਵਿੰਦਰ ਸਿੰਘ ਥਿੰਦ, ਸ. ਹਰਪਾਲ ਸਿੰਘ ਮੈਂਬਰ, ਭਾਈ ਦਿਆਲ ਸਿੰਘ ਕਥਾਵਾਚਕ, ਸ. ਸਤਨਾਮ ਸਿੰਘ ਹੈੱਡ ਗ੍ਰੰਥੀ, ਸ. ਗੁਰਅਵਤਾਰ ਸਿੰਘ, ਸ. ਦਵਿੰਦਰ ਸਿੰਘ, ਸ. ਰਜਿੰਦਰ ਸਿੰਘ ਸ. ਜਰਨੈਲ ਸਿੰਘ, ਸ. ਸਤਨਾਮ ਸਿੰਘ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ।