ਅੰਮ੍ਰਿਤਸਰ ਪੁੱਜਣ ਤੇ ਜਥੇਦਾਰ ਅਵਤਾਰ ਸਿੰਘ ਵੱਲੋਂ ਨਿੱਘਾ ਸਵਾਗਤ

ਸੰਗਤਾਂ ਦੀ ਮੰਗ ਤੇ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾ ਲਈ ਕੇਂਦਰ ਸਰਕਾਰ ਨੂੰ ਹਵਾਈ ਉਡਾਨ ਸ਼ੁਰੂ ਕਰਨ ਦੀ ਕੀਤੀ ਜਾਵੇਗੀ ਅਪੀਲ- ਜਥੇਦਾਰ ਅਵਤਾਰ ਸਿੰਘ

ਅੰਮ੍ਰਿਤਸਰ : ੨੧ ਜੂਨ (        ) ਸਿੱਖ ਰਾਜ ਦੇ ਉਸਰੱਈਏ, ਮਹਾਨ ਜਰਨੈਲ ਬਾਬਾ ਬੰਦਾ ਸਿੰਘ ਜੀ ਬਹਾਦਰ, ਬਾਬਾ ਅਜੈ ਸਿੰਘ ਤੇ ਹੋਰ ਸ਼ਹੀਦਾਂ ਨੂੰ ਸਮਰਪਿਤ ੩੦੦ ਸਾਲਾ ਸ਼ਹੀਦੀ ਸਮਾਗਮ ਦੇ ਸਬੰਧ ਵਿੱਚ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਹਜ਼ੂਰ ਸਾਹਿਬ ਤੋਂ ਦਿੱਲੀ ਤੱਕ ਜਾਣ ਵਾਲੇ ਨਗਰ ਕੀਰਤਨ ਦੇ ਅੰਮ੍ਰਿਤਸਰ ਪੁੱਜਣ ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ  ਵੱਲੋਂ ਜੀ ਆਇਆਂ ਕਹਿੰਦਿਆਂ ਨਿੱਘਾ ਸਵਾਗਤ ਕੀਤਾ ਗਿਆ। ੨੦ ਜੂਨ ਨੂੰ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਇਸ ਨਗਰ ਕੀਰਤਨ ਦੇ ਪੁੱਜਣ ਤੇ ਸ਼੍ਰੋਮਣੀ ਕਮੇਟੀ ਦੇ ਸਮੁੱਚੇ ਸਟਾਫ਼ ਵੱਲੋਂ ਜੈਕਾਰਿਆਂ ਦੀ ਗੂੰਜ ਨਾਲ ਨਗਰ ਕੀਰਤਨ ਵਿੱਚ ਸ਼ਾਮਿਲ ਪ੍ਰਬੰਧਕਾਂ ਤੇ ਸੰਗਤਾਂ ਦਾ ਜੋਰਦਾਰ ਸਵਾਗਤ ਕੀਤਾ ਗਿਆ। ਰਾਤ ਦਾ ਠਹਿਰਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕਰਨ ਉਪਰੰਤ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਕਸ਼ਮੀਰ ਸਿੰਘ, ਸਿੰਘ ਸਾਹਿਬ ਗਿਆਨੀ ਰਾਮ ਸਿੰਘ ਜੀ, ਧੂਪੀਆ, ਸ੍ਰ: ਰਜਿੰਦਰ ਸਿੰਘ ਪੁਜਾਰੀ, ਸ੍ਰ: ਗੁਰਮੀਤ ਸਿੰਘ, ਸ੍ਰ: ਅਮਰੀਕ ਸਿੰਘ, ਸ੍ਰ: ਸੁਰਜੀਤ ਸਿੰਘ, ਸ੍ਰ: ਭਾਗਿੰਦਰ ਸਿੰਘ ਮੈਂਬਰ ਪ੍ਰਬੰਧਕ ਕਮੇਟੀ, ਸ੍ਰ: ਸੁਖਵਿੰਦਰ ਸਿੰਘ ਤੇ ਸ੍ਰ: ਬਲਵਿੰਦਰ ਸਿੰਘ ਸਾਬਕਾ ਮੈਂਬਰ, ਸ੍ਰ: ਨਰਾਇਣ ਸਿੰਘ ਸਹਾਇਕ ਸੁਪ੍ਰਿੰਟੈਂਡੈਂਟ ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਨੂੰ ਸਿਰੋਪਾਓ, ਸ੍ਰੀ ਸਾਹਿਬ, ਲੋਈ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ ਗਿਆ।

ਸੰਗਤਾਂ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕਰਦਿਆਂ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਦੇਸ਼ ਦੇ ਕੋਨੇ-ਕੋਨੇ ਵਿੱਚ ਵਸੀਆਂ ਸਮੁੱਚੀਆਂ ਸਿੱਖ ਸੰਗਤਾਂ ਸਿੱਖ ਰਾਜ ਦੇ ਪਹਿਲੇ ਸੰਸਥਾਪਕ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਜੀ ਬਹਾਦਰ, ਬਾਬਾ ਅਜੈ ਸਿੰਘ ਤੇ ਹੋਰ ਸ਼ਹੀਦਾਂ ਦੀ ਯਾਦ ਵਿੱਚ ਗੁਰਮਤਿ ਸਮਾਗਮਾਂ ਦੇ ਨਾਲ-ਨਾਲ ਨਗਰ ਕੀਰਤਨ ਵਿੱਚ ਸ਼ਾਮਿਲ ਹੋ ਕੇ ਮਹਾਨ ਸ਼ਹੀਦਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਅਰਪਣ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਿੱਖ ਧਰਮ ਸੰਸਾਰ ਦੇ ਪ੍ਰੁਮੁੱਖ ਧਰਮਾਂ ਵਿੱਚੋਂ ਇੱਕ ਹੈ। ਇਸ ਧਰਮ ਦਾ ਉਦਭਵ ਸਮੇਂ ਦੇ ਅੱਤਿਆਚਾਰ, ਅਨਿਆਂ, ਸਮਾਜੀ ਤੇ ਧਾਰਮਿਕ ਜੀਵਨ ਵਿੱਚ ਆਈਆਂ ਗਿਰਾਵਟਾਂ ਨੂੰ ਦੂਰ ਕਰਨ ਲਈ ਹੋਇਆ। ਇਹ ਧਰਮ ਅਜਿਹਾ ਪ੍ਰੇਮ ਦਾ ਪਿਰਮ ਪਿਆਲਾ ਹੈ ਜਿਸ ਦਾ ਸੁਆਦ ਸਿਰ ਦੇ ਕੇ ਹੀ ਚੱਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ, ਬਾਬਾ ਅਜੈ ਸਿੰਘ ਤੇ ਹੋਰ ਸ਼ਹੀਦਾਂ ਨੇ ਗੁਰੂ ਕੇ ਬਚਨ, ਸਿਧਾਂਤ, ਪਰੰਪਰਾ ਦੇ ਬਿਰਧ ਦੀ ਲਾਜ ਪਾਲਣ ਲਈ ਅਦੁੱਤੀ ਕੁਰਬਾਨੀ ਦਿੱਤੀ ਹੈ। ਬਾਬਾ ਬੰਦਾ ਸਿੰਘ ਜੀ ਬਹਾਦਰ ਮਹਾਨ ਤਪੱਸਵੀ, ਮਹਾਨ ਯੋਧੇ, ਮਹਾਨ ਸੂਰਵੀਰ, ਸਿੱਖ ਪੰਥ ਦੇ ਪਹਿਲੇ ਜਰਨੈਲ, ਸਿੱਖ ਰਾਜ ਦੇ ਸੰਸਥਾਪਕ ਅਤੇ ਭੂਮੀ ਸੁਧਾਰ ਅੰਦੋਲਨ ਦੇ ਪਰਵਰਤੱਕ ਸਨ। ਉਨ੍ਹਾਂ ਕਲਗੀਧਰ ਦਸਮੇਸ਼ ਪਿਤਾ ਤੋਂ ਅੰਮ੍ਰਿਤਪਾਨ ਕਰਨ ਤੇ ਥਾਪੜਾ ਲੈਣ ਉਪਰੰਤ ਅਣਿਆਂ ਤੇ ਅੱਤਿਆਚਾਰ ਵਿਰੁੱਧ ਲੜਦੇ ਹੋਏ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਤੇ ਮਾਤਾ ਗੁੱਜਰ ਕੌਰ ਜੀ ਦੀ ਸ਼ਹਾਦਤ ਦਾ ਬਦਲਾ ਲਿਆ। ਵਜੀਦੇ ਨੂੰ ਮਾਰ ਕੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਤੇ ਖਾਲਸਾ ਰਾਜ ਸਥਾਪਿਤ ਕਰਕੇ ਹੱਕ, ਸੱਚ ਤੇ ਇਨਸਾਫ਼ ਦੀ ਗੱਲ ਕਰਦੇ ਹੋਏ ਕਿਸਾਨਾਂ ਨੂੰ ਜ਼ਮੀਨਾਂ ਦੀ ਮਾਲਕੀ ਦਾ ਹੱਕ ਦਿਵਾਇਆ। ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਨਾਮ ਦਾ ਸਿੱਕਾ ਚਲਾਇਆ ਤੇ ਖਾਲਸੇ ਦੇ ਹਰ ਮੈਦਾਨ ਫਤਿਹ ਦੇ ਝੰਡੇ ਝੁਲਾਏ।

ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਦੇ ਦਿਨ-ਦਿਹਾੜੇ ਤੇ ਸ਼ਹੀਦ ਸਿੰਘਾਂ ਦੀਆਂ ਸ਼ਤਾਬਦੀਆਂ ਮਨਾਉਣ ਦਾ ਮੌਕਾ ਕਿਸੇ ਕਰਮਾਂ ਭਾਗਾਂ ਵਾਲਿਆਂ ਨੂੰ ਹੀ ਮਿਲਦਾ ਹੈ। ਉਨ੍ਹਾਂ ਕਿਹਾ ਕਿ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਹਜ਼ੂਰ ਸਾਹਿਬ ਤੋਂ ਸਿੱਖ ਰਾਜ ਦੇ ਪਹਿਲੇ ਸੰਸਥਾਪਕ, ਮਹਾਨ ਜਰਨੈਲ ਬਾਬਾ ਬੰਦਾ ਸਿੰਘ ਜੀ ਬਹਾਦਰ, ਬਾਬਾ ਅਜੈ ਸਿੰਘ ਤੇ ਹੋਰ ਸ਼ਹੀਦਾਂ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਜੋ ਸ੍ਰੀ ਹਜ਼ੂਰ ਸਾਹਿਬ ਤੋਂ ਚੱਲ ਕੇ ਵੱਖ-ਵੱਖ ਸ਼ਹਿਰਾਂ ਤੋਂ ਹੁੰਦਾ ਹੋਇਆ ਵਿਸ਼ੇਸ਼ ਰੇਲ ਗੱਡੀ ਰਾਹੀਂ ੨੪ ਜੂਨ ਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਜਾ ਰਹੇ ਸਮਾਗਮਾਂ ਵਿੱਚ ਹਾਜ਼ਰੀਆਂ ਭਰਨ ਲਈ ਪਹੁੰਚ ਰਿਹਾ ਹੈ। ਜਿਸ ਦੀ ਅਗਵਾਈ ਸੰਗਤਾਂ ਦੇ ਸਹਿਯੋਗ ਨਾਲ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਕਸ਼ਮੀਰ ਸਿੰਘ, ਗਿਆਨੀ ਰਾਮ ਸਿੰਘ ਧੂਪੀਆ, ਸ੍ਰ: ਗੁਰਮੀਤ ਸਿੰਘ, ਸ੍ਰ: ਰਜਿੰਦਰ ਸਿੰਘ ਤੇ ਸ੍ਰ: ਅਮਰੀਕ ਸਿੰਘ ਮੈਂਬਰ ਤੇ ਸ੍ਰ: ਨਰਾਇਣ ਸਿੰਘ ਅਸਿਸਟੈਂਟ ਸੁਪ੍ਰਿੰਟੈਂਡੇਂਟ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਸਮੂਹ ਪ੍ਰਬੰਧਕਾਂ, ਨਿਹੰਗ ਸਿੰਘ ਜਥੇਬੰਦੀਆਂ, ਧਾਰਮਿਕ ਸਭਾ ਸੁਸਾਇਟੀਆਂ, ਸੰਤਾਂ ਮਹਾਂਪੁਰਸ਼ਾਂ, ਕੀਰਤਨੀ ਜਥਿਆਂ, ਗਤਕਾ ਅਖਾੜਿਆਂ ਤੇ ਸੰਗਤਾਂ ਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੁੱਜਣ ਤੇ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੀ ਆਇਆਂ ਕਹਿੰਦਾ ਹੋਇਆ ਹਾਰਦਿਕ ਸਵਾਗਤ ਕਰਦਾ ਹਾਂ। ਅੱਜ ਇਹ ਨਗਰ-ਕੀਰਤਨ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਰਵਾਨਾ ਹੋ ਕੇ ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਫਤਿਹਗੜ੍ਹ ਸਾਹਿਬ ਤੇ ਵੱਖ-ਵੱਖ ਸਥਾਨਾਂ ਤੋਂ ਹੁੰਦਾ ਹੋਇਆ ੨੪ ਜੂਨ ਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਤੇ ਹੋਰ ਸ਼ਹੀਦਾਂ ਦੀ ਯਾਦ ਵਿੱਚ ਕਰਵਾਏ ਜਾ ਰਹੇ ਸਮਾਗਮਾਂ ਵਿੱਚ ਹਾਜ਼ਰੀਆਂ ਭਰਦਾ ਹੋਇਆ ਸਤਿਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ ਹਾਸਿਲ ਕਰੇਗਾ। ਉਨ੍ਹਾਂ ਕਿਹਾ ਕਿ ਮੈਂ ਪ੍ਰਸ਼ਾਸਨ, ਸਮੁੱਚੇ ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਦੇ ਦਾ ਵੀ ਧੰਨਵਾਦ ਕਰਦਾ ਹਾਂ ਜੋ ਜਗ੍ਹਾ-ਜਗ੍ਹਾ ਪੁੱਜ ਕੇ ਇਸ ਨਗਰ ਕੀਰਤਨ ਦੀ ਸਫ਼ਲਤਾ ਲਈ ਤਨੋ-ਮਨੋ ਸਮਰਪਿਤ ਹੋ ਕੇ ਆਪਣੀਆਂ ਵਡਮੁੱਲੀਆਂ ਸੇਵਾਵਾਂ ਨਿਭਾ ਰਹੇ ਹਨ।

ਜਥੇਦਾਰ ਅਵਤਾਰ ਸਿੰਘ ਦੇ ਇਲਾਵਾ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸ੍ਰ: ਹਰਚਰਨ ਸਿੰਘ, ਡਾ: ਰੂਪ ਸਿੰਘ ਸਕੱਤਰ, ਸ੍ਰ: ਸੁਖਦੇਵ ਸਿੰਘ ਭੂਰਾਕੋਹਨਾ ਵਧੀਕ ਸਕੱਤਰ ਅਤੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਕਸ਼ਮੀਰ ਸਿੰਘ, ਸਿੰਘ ਸਾਹਿਬ ਗਿਆਨੀ ਰਾਮ ਸਿੰਘ ਧੂਪੀਆ, ਮੈਂਬਰ ਸ੍ਰ: ਰਜਿੰਦਰ ਸਿੰਘ, ਸ੍ਰ: ਅਮਰੀਕ ਸਿੰਘ ਤੇ ਸ੍ਰ: ਸੁਰਜੀਤ ਸਿੰਘ ਨੇ ਵੀ ਸੰਗਤਾਂ ਨੂੰ ਸੰਬੋਧਨ ਕੀਤਾ। ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਵੱਲੋਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਦਸਤਾਰ, ਚੋਲਾ, ਸ੍ਰੀ ਸਾਹਿਬ, ਲੋਈ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਇਸ ਦੇ ਇਲਾਵਾ ਸ੍ਰ: ਸੁਰਜੀਤ ਸਿੰਘ ਭਿੱਟੇਵਿੱਢ ਮੈਂਬਰ ਸ਼੍ਰੋਮਣੀ ਕਮੇਟੀ, ਸ੍ਰ: ਹਰਚਰਨ ਸਿੰਘ ਮੁੱਖ ਸਕੱਤਰ, ਡਾ: ਰੂਪ ਸਿੰਘ ਸਕੱਤਰ ਤੇ ਹੋਰ ਅਧਿਕਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ।

ਪ੍ਰੈਸ ਨਾਲ ਗੱਲਬਾਤ ਦੋਰਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ੩੫੦ ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ੍ਰੀ ਪਾਊਂਟਾ ਸਾਹਿਬ ਵਿਖੇ ੫੨ ਕਵੀਆਂ ਦੀ ਯਾਦ ਵਿੱਚ ਕਵੀ ਦਰਬਾਰ ਹੋਵੇਗਾ। ਇੱਕ ਹੋਰ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀਆਂ ਸੰਗਤਾਂ ਦੀ ਮੰਗ ਤੇ ਤਖ਼ਤ ਸਾਹਿਬ ਦੇ ਦਰਸ਼ਨਾ ਲਈ ਕੇਂਦਰ ਸਰਕਾਰ ਨੂੰ ਹਵਾਈ ਉਡਾਨ ਸ਼ੁਰੂ ਕਰਨ ਤੇ ਅੰਮ੍ਰਿਤਸਰ ਤੋਂ ਸ੍ਰੀ ਹਜ਼ੂਰ ਸਾਹਿਬ ਲਈ ਏਅਰ ਕੰਡੀਸ਼ਨਰ ਟਰੇਨ ਚਲਾਉਣ ਦੀ ਅਪੀਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ੧੯੮੪ ਦੇ ਬਲਿਊ ਸਟਾਰ ਅਪ੍ਰੇਸ਼ਨ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਟੈਂਕਾਂ ਤੇ ਗੋਲੀਆਂ ਨਾਲ ਹਮਲਾ ਕਰਨ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਨ ਉਪਰੰਤ ਜੋ ਧਰਮੀ ਫੌਜੀ ਰੋਸ ਵਜੋਂ ਆਪਣੀਆਂ ਬੈਰਕਾਂ ਛੱਡ ਕੇ ਆਏ ਸਨ। ਉਨ੍ਹਾਂ ‘ਚੋਂ ੩੦੯ ਦਾ ਕੋਰਟ ਮਾਰਸਲ ਕੀਤਾ ਗਿਆ , ੪੪ ਸ਼ਹੀਦ ਹੋ ਗਏ, ੩ ਡਿਸਮਿਸ ਹੋ ਗਏ। ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਚੋਂ ਬਹੁਤ ਸਾਰੇ ਧਰਮੀ ਫੌਜੀਆਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਤੇ ਹੋਰ ਵੀ ਮਾਲੀ ਮਦਦ ਕੀਤੀ ਗਈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਚੋਂ ੨੮੫ ਧਰਮੀ ਫੌਜੀ ਜਿਨ੍ਹਾਂ ਨੂੰ ਅਜੇ ਤੱਕ ਕੋਈ ਸਹਾਇਤਾ ਨਹੀਂ ਮਿਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਲੀ ਹੋਣ ਵਾਲੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਵਿੱਚ ਉਨ੍ਹਾਂ ਨੂੰ ਸਲਾਨਾ ੫੦ ਹਜ਼ਾਰ ਰੁਪਏ ਦੀ ਸਹਾਇਤਾ ਦੇਣ ਦਾ ਮਤਾ ਪਾਸ ਕੀਤਾ ਜਾਵੇਗਾ ਤੇ ਉਨ੍ਹਾਂ ਦੇ ਬੱਚਿਆਂ ਨੂੰ ਗਰੇਡ ਵਿੱਚ ਰੱਖ ਕੇ ਨੌਕਰੀ ਦਿੱਤੀ ਜਾਵੇਗੀ ਤੇ ਜਿਨ੍ਹਾਂ ਦੇ ਬੱਚੇ ਪਹਿਲਾਂ ਤੋਂ ਨੌਕਰੀ ਕਰ ਰਹੇ ਹਨ ਉਨ੍ਹਾਂ ਨੂੰ ਵੀ ਸਮੇਂ ਅਨੁੰਸਾਰ ਗਰੇਡ ਵਿੱਚ ਕੀਤਾ ਜਾਵੇਗਾ। ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ੩੨ ਸਾਲ ਬੀਤ ਜਾਣ ਤੇ ਵੀ ਅੱਜ ਸਿੱਖ ਕੌਮ ਨੁੰ ਉਸ ਤੇ ਹੋਏ ਅੱਤਿਆਚਾਰਾਂ ਦਾ ਇਨਸਾਫ਼ ਮਿਲ ਨਹੀਂ ਪਾਇਆ, ਸ਼੍ਰੋਮਣੀ ਕਮੇਟੀ ਉਨ੍ਹਾਂ ਦੇ ਹੱਕ, ਸੱਚ ਤੇ ਇਨਸਾਫ਼ ਲਈ ਹਮੇਸ਼ਾਂ ਤੱਤਪਰ ਰਹੇਗੀ। ਇੱਕ ਹੋਰ ਸਵਾਲ ਦਾ ਜਵਾਬ ਦੇਂਦਿਆਂ ਉਨ੍ਹਾਂ ਕਿਹਾ ਕਿ ਜੋ ਮਰਯਾਦਾ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪ੍ਰਚੱਲਤ ਹੈ ਉਹ ਹੀ ਮੰਨਣੀ ਚਾਹੀਦੀ ਹੈ। ਉਨ੍ਹਾਂ ਸਰਬੱਤ ਸੰਗਤਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਾਲੀ ਮਰਯਾਦਾ ਮੰਨਣ ਤੇ ਉਸ ਤੇ ਪਹਿਰਾ ਦੇਣ ਦੀ ਅਪੀਲ ਕੀਤੀ।

ਇਸ ਮੌਕੇ ਸ੍ਰ: ਸ੍ਰ: ਹਰਭਜਨ ਸਿੰਘ ਮਨਾਵਾਂ, ਸ੍ਰ: ਬਲਵਿੰਦਰ ਸਿੰਘ ਜੌੜਾਸਿੰਘਾ, ਡਾ: ਪਰਮਜੀਤ ਸਿੰਘ ਸਰੋਆ, ਸ੍ਰ: ਮਹਿੰਦਰ ਸਿੰਘ ਆਹਲੀ, ਸ੍ਰ: ਰਣਜੀਤ ਸਿੰਘ, ਸ੍ਰ: ਬਿਜੈ ਸਿੰਘ ਵਧੀਕ ਸਕੱਤਰ, ਸ੍ਰ: ਪਰਮਜੀਤ ਸਿੰਘ ਮੁੰਡਾਪਿੰਡ ਨਿਜੀ ਸਹਾਇਕ,  ਸ੍ਰ: ਜਗਜੀਤ ਸਿੰਘ, ਸ੍ਰ: ਸਕੱਤਰ ਸਿੰਘ, ਸ੍ਰ: ਕੁਲਵਿੰਦਰ ਸਿੰਘ ਰਮਦਾਸ, ਸ੍ਰ: ਤਲਵਿੰਦਰ ਸਿੰਘ, ਸ੍ਰ: ਮਹਿੰਦਰ ਸਿੰਘ, ਸ੍ਰ: ਗੁਰਚਰਨ ਸਿੰਘ, ਸ੍ਰ: ਸਤਿੰਦਰ ਸਿੰਘ, ਸ੍ਰ: ਬਲਵਿੰਦਰ ਸਿੰਘ ਮੀਤ ਸਕੱਤਰ, ਸ੍ਰ: ਸੁਲੱਖਣ ਸਿੰਘ, ਸ੍ਰ: ਗੁਰਿੰਦਰ ਸਿੰਘ, ਸ੍ਰ: ਰਘਬੀਰ ਸਿੰਘ ਮੰਡ ਮੈਨੇਜਰ, ਸ੍ਰ: ਇੰਦਰ ਮੋਹਣ ਸਿੰਘ ‘ਅਨਜਾਣ’ ਇੰਚਾਰਜ ਪਬਲੀਸਿਟੀ, ਸ੍ਰ: ਹਰਜਿੰਦਰ ਸਿੰਘ ਸੁਪ੍ਰਿੰਟੈਂਡੈਂਟ, ਸ੍ਰ: ਮਲਕੀਤ ਸਿੰਘ ਬਹਿੜਵਾਲ ਸਹਾਇਕ ਸੁਪ੍ਰਿੰਟੈਂਡੈਂਟ, ਸ੍ਰ: ਹਰਪ੍ਰੀਤ ਸਿੰਘ ਵਧੀਕ ਮੈਨੇਜਰ, ਸ੍ਰ: ਲਖਬੀਰ ਸਿੰਘ ਮੀਤ ਮੈਨੇਜਰ, ਸ੍ਰ: ਗੁਰਵਿੰਦਰ ਸਿੰਘ ਠਰੂ , ਸ੍ਰ: ਬਲਵਿੰਦਰ ਸਿੰਘ ਖੈਰਾਬਾਦ, ਸ੍ਰ: ਸੁਖਬੀਰ ਸਿੰਘ, ਸ੍ਰ: ਗੁਰਦਿਆਲ ਸਿੰਘ, ਸ੍ਰ: ਸਤਨਾਮ ਸਿੰਘ, ਸ੍ਰ: ਗੁਰਨਾਮ ਸਿੰਘ, ਸ੍ਰ: ਮਨਿੰਦਰਮੋਹਨ ਸਿੰਘ, ਸ੍ਰ: ਗੁਰਮੀਤ ਸਿੰਘ, ਸ੍ਰ: ਮਨਜੀਤ ਸਿੰਘ ਇੰਚਾਰਜ, ਸ੍ਰ: ਚਰਨ ਸਿੰਘ ਚੀਫ਼ ਗੁਰਦੁਆਰਾ ਇੰਸਪੈਕਟਰ, ਸ੍ਰ: ਪਰਉਪਕਾਰ ਸਿੰਘ ਤੇ ਸ੍ਰ: ਇੰਦਰਪਾਲ ਸਿੰਘ ਚੀਫ਼ ਅਕਾਊਟੈਂਟ ਅਤੇ ਸਮੁੱਚਾ ਸ਼੍ਰੋਮਣੀ ਕਮੇਟੀ, ਧਰਮ ਪ੍ਰਚਾਰ ਕਮੇਟੀ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸਟਾਫ਼ ਹਾਜ਼ਰ ਸੀ।