ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ

ਅੰਮ੍ਰਿਤਸਰ 28 ਜੁਲਾਈ – ਬੀਤੇ ਦਿਨ ਗੁਰਦਾਸਪੁਰ ਜ਼ਿਲ੍ਹੇ ਦੇ ਕਸਬਾ ਦੀਨਾ ਨਗਰ ਵਿਖੇ ਪੁਲਿਸ ਸਟੇਸ਼ਨ ‘ਚ ਜ਼ਬਰੀ ਵੜ ਕੇ ਕੁਝ ਹਮਲਾਵਰਾਂ ਨੇ ਮੌਤ ਦਾ ਕੋਹਰਾਮ ਮਚਾਉਂਦਿਆਂ ਬੇ-ਦੋਸ਼ਿਆਂ ਦੇ ਖੂਨ ਦੀ ਜੋ ਹੋਲੀ ਖੇਡੀ ਹੈ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਨੂੰ ਕਾਇਰਤਾਪੂਰਨ ਕਾਰਵਾਈ ਕਰਾਰ ਦਿੱਤਾ ਹੈ।

ਇਥੋਂ ਜਾਰੀ ਪ੍ਰੈਸ ਬਿਆਨ ‘ਚ ਉਨ੍ਹਾਂ ਕਿਹਾ ਕਿ ਹਮਲਾਵਰ ਜਿਨ੍ਹਾਂ ਦੀ ਅਜੇ ਸ਼ਨਾਖਤ ਨਹੀਂ ਹੋ ਸਕੀ ਉਹ ਗਹਿਗੱਚ ਚਲੇ ਮੁਕਾਬਲੇ ‘ਚ ਭਾਵੇਂ ਮਾਰੇ ਗਏ ਹਨ, ਉਨ੍ਹਾਂ ਪੰਜਾਬ ਦੇ ਸ਼ਾਂਤ ਮਾਹੌਲ ਨੂੰ ਇਕ ਵਾਰ ਫਿਰ ਲਾਂਬੂ ਲਾਉਣ ਦੀ ਨਾਪਾਕ ਕੋਸ਼ਿਸ਼ ਕੀਤੀ ਹੈ ਜਿਸ ਤੋਂ ਸੁਚੇਤ ਹੋਣ ਦੀ ਸਖਤ ਲੋੜ ਹੈ।ਉਨ੍ਹਾਂ ਕਿਹਾ ਕਿ ਆਈਆਂ ਖਬਰਾਂ ਮੁਤਾਬਿਕ ਪਹਿਲਾਂ ਇਨ੍ਹਾਂ ਹਮਲਾਵਰਾਂ ਨੇ ਰੇਲਵੇ ਲਾਈਨ ਤੇ ਪੰਜ ਬੰਬ ਲੱਗਾ ਕੇ ਰੇਲ ਗੱਡੀ ਉਡਾਉਣ ਦੀ ਅਸਫਲ ਕੋਸ਼ਿਸ਼ ਕੀਤੀ ਜਿਸ ਦਾ ਸਮੇਂ ਸਿਰ ਪਤਾ ਲੱਗਣ ਤੇ ਇਸ ਤੋਂ ਬਚਾ ਹੋ ਗਿਆ।ਫਿਰ ਇਨ੍ਹਾਂ ਲੋਕਾਂ ਨੇ ਰੋਡਵੇਜ਼ ਦੀ ਬੱਸ ਨੂੰ ਨਿਸ਼ਾਨਾ ਬਣਾਇਆ ਜੋ ਡਰਾਈਵਰ ਦੀ ਸੂਝ-ਬੂਝ ਨਾਲ ਵੱਡਾ ਜਾਨੀ ਨੁਕਸਾਨ ਹੋਣੋ ਬਚ ਗਿਆ ਉਪਰੰਤ ਇਹ ਲੋਕ ਖੂਨੀ ਖੇਡ ਖੇਡਦਿਆਂ ਪੁਲਿਸ ਥਾਣਾ ਦੀਨਾ ਨਗਰ ‘ਚ ਜ਼ਬਰੀ ਜਾ ਵੜੇ ਜਿਥੇ ਇਨ੍ਹਾਂ ਲੋਕਾਂ ਨੂੰ ਪੰਜਾਬ ਦੀ ਬਹਾਦਰ ਪੁਲਿਸ ਨੇ ਘੇਰ ਲਿਆ ਤੇ ਸਖ਼ਤ ਮੁਕਾਬਲੇ ਦੌਰਾਨ ਮਾਰ ਮੁਕਾਇਆ ਹੈ, ਪਰ ਅਣਪਛਾਤੇ ਹਮਲਾਵਰਾਂ ਦੀ ਇਸ ਘਟੀਆਂ ਕਾਰਵਾਈ ਦੌਰਾਨ ਜਿਹੜੇ ਪੁਲਿਸ ਮੁਲਾਜ਼ਮ ਤੇ ਆਮ ਨਾਗਰਿਕ ਆਪਣੇ ਪਰਿਵਾਰਾਂ ਤੋਂ ਸਦਾ ਲਈ ਵਿਛੜ ਚੁੱਕੇ ਹਨ ਉਨ੍ਹਾਂ ਪ੍ਰਤੀ ਡੂੰਘਾ ਅਫਸੋਸ ਤੇ ਪਰਿਵਾਰਾਂ ਨਾਲ ਹਮਦਰਦੀ ਹੈ।ਉਨ੍ਹਾਂ ਕਿਹਾ ਕਿ ਗੋਲੀਆਂ ਦੇ ਵਟਾਂਦਰੇ ਦੌਰਾਨ ਜਿਹੜੇ ਲੋਕ ਜ਼ਖਮੀ ਹੋ ਗਏ ਹਨ ਪਰਮਾਤਮਾ ਅੱਗੇ ਅਰਦਾਸ ਹੈ ਕਿ ਉਹ ਜਲਦੀ ਸਿਹਤਯਾਬ ਹੋ ਕੇ ਆਪਣੇ ਪਰਿਵਾਰਾਂ ‘ਚ ਵਿਚਰਨ।

ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਸਵੇਦਨਸ਼ੀਲ ਤੇ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਮੁੱਦਾ ਹੈ ਇਸ ਲਈ ਦੇਸ਼ ਦੀਆਂ ਸਰਹੱਦਾਂ ਤੇ ਰਾਖੀ ਕਰ ਰਹੀਆਂ ਸੁਰੱਖਿਆ ਫੋਰਸਾਂ ਤੇ ਏਜੰਸੀਆਂ ਨੂੰ ਹੋਰ ਚੌਕਸ ਕਰਨ ਦੀ ਸਖਤ ਲੋੜ ਹੈ।ਉਨ੍ਹਾਂ ਕਿਹਾ ਕਿ ਦੇਸ਼ ਦੀ ਸਰਕਾਰ ਨੂੰ ਇਸ ਮਾਮਲੇ ਦੀ ਤਹਿ ਤੱਕ ਜਾਣ ਦੀ ਜ਼ਰੂਰਤ ਹੈ ਕਿ ਕਿਥੇ ਅਜਿਹੀ ਚੂਕ ਹੋਈ ਤੇ ਇਹ ਲੋਕ ਕੌਣ ਤੇ ਕਿਵੇਂ ਇਥੋਂ ਤੀਕ ਪਹੁੰਚੇ ਹਨ।