ਅੰਮ੍ਰਿਤਸਰ, ੧੩ ਨਵੰਬਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਸਾਬਕਾ ਜਨਰਲ ਸਕੱਤਰ ਸ. ਸੁਖਦੇਵ ਸਿੰਘ ਭੌਰ ਵੱਲੋਂ ਸ਼੍ਰੋਮਣੀ ਕਮੇਟੀ ਦੀ ਕਾਰਜਸ਼ੈਲੀ ਸਬੰਧੀ ਉਠਾਏ ਸਵਾਲਾਂ ‘ਤੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਸ. ਭੌਰ ਲੰਮਾ ਸਮਾਂ ਸ਼੍ਰੋਮਣੀ ਕਮੇਟੀ ਦੀਆਂ ਵੱਡੀਆਂ ਜ਼ਿੰਮੇਵਾਰੀਆਂ ‘ਤੇ ਕਾਰਜਸ਼ੀਲ ਰਹਿੰਦਿਆਂ ਐਕਟਿੰਗ ਪ੍ਰਧਾਨ ਅਤੇ ੧੬ ਸਾਲ ਜਨਰਲ ਸਕੱਤਰ ਰਹੇ ਹਨ। ਉਨ੍ਹਾਂ ਨੂੰ ਸੰਸਥਾ ਬਾਰੇ ਕੁਝ ਵੀ ਬੋਲਣ ਤੋਂ ਪਹਿਲਾਂ ਇਸ ਦੀਆਂ ਪਰੰਪਰਾਵਾਂ ਅਤੇ ਮਾਣ ਮਰਯਾਦਾ ਨੂੰ ਜ਼ਰੂਰ ਧਿਆਨ ਵਿਚ ਰੱਖਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਸ਼ੈਲੀ ਵਿਚ ਖ਼ਾਮੀਆਂ ਹਨ ਤਾਂ ੧੬ ਸਾਲ ਇਸੇ ਸੰਸਥਾ ਦੀ ਅਹੁਦੇਦਾਰੀ ‘ਤੇ ਬਰਕਰਾਰ ਰਹਿੰਦਿਆਂ ਸ. ਭੌਰ ਨੇ ਇਸ ਬਾਰੇ ਕੀ ਕਦਮ ਚੁੱਕੇ ਹਨ। ਭਾਈ ਚਾਵਲਾ ਨੇ ਸ. ਭੌਰ ਦੀ ਇਸ ਬਿਆਨਬਾਜ਼ੀ ਨੂੰ ਉਸਦੀ ਰਾਜਸੀ ਮਨਸ਼ਾ ਨਾਲ ਜੋੜਦਿਆਂ ਕਿਹਾ ਕਿ ਅੱਜ ਸ. ਭੌਰ ਆਪਣੇ ਹਿੱਤਾਂ ਲਈ ਕੌਮ ਦੀ ਮਹਾਨ ਧਾਰਮਿਕ ਸੰਸਥਾ ਦੇ ਅਕਸ ਨੂੰ ਵਿਗਾੜਨ ਦਾ ਯਤਨ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਪ੍ਰੋ: ਕਿਰਪਾਲ ਸਿੰਘ ਬਡੂੰਗਰ ਦੀ ਅਗਵਾਈ ਵਿਚ ਮੌਜੂਦਾ ਕਾਰਜਕਾਰਨੀ ਵੱਲੋਂ ਮਹਿਜ਼ ਇੱਕ ਸਾਲ ਦੇ ਸਮੇਂ ਵਿਚ ਇਤਿਹਾਸਕ ਕਾਰਜ ਕੀਤੇ ਗਏ ਹਨ, ਜਿਸ ਵਿਚ ਸਿੱਖ ਕੌਮ ਦੇ ਪ੍ਰਚਾਰ-ਪ੍ਰਸਾਰ ਦੇ ਨਾਲ-ਨਾਲ ਜਿਨ੍ਹਾਂ ਸ਼ਖਸੀਅਤਾਂ ਨੇ ਸਮਾਜ ਦੀ ਸਿਰਜਣਾ ਵਿਚ ਅਹਿਮ ਪੈੜਾਂ ਪਾਈਆਂ ਉਨ੍ਹਾਂ ਦੀਆਂ ਯਾਦਾਂ ਮਨਾਈਆਂ ਗਈਆਂ। ਉਨ੍ਹਾਂ ਕਿਹਾ ਕਿ ਅੱਜ ਸਿੱਖ ਸੰਗਤਾਂ ਪ੍ਰੋ: ਕਿਰਪਾਲ ਸਿੰਘ ਬਡੂੰਗਰ ਵੱਲੋਂ ਵਿਸ਼ੇਸ਼ ਰੁਚੀ ਦਿਖਾ ਕੇ ਕੀਤੇ ਜਾ ਰਹੇ ਧਰਮ ਪ੍ਰਚਾਰ ਦੇ ਕਾਰਜਾਂ ਦੀ ਸ਼ਲਾਘਾ ਕਰ ਰਹੀਆਂ ਹਨ। ਪਰ ਸ. ਭੌਰ ਅੱਜ ਪੰਥ ਵਿਰੋਧੀ ਤਾਕਤਾਂ ਦੇ ਹੱਥਾਂ ਵਿਚ ਖੇਡਦਿਆਂ ਅਜਿਹੀ ਬਿਆਨਬਾਜ਼ੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੰਸਥਾ ਦੀ ਅਹੁਦੇਦਾਰੀ ਤੋਂ ਲਾਂਭੇ ਹੋਣ ਤੋਂ ਬਾਅਦ ਅਜਿਹੀਆਂ ਬਿਆਨਬਾਜ਼ੀਆਂ ਚਰਚਾ ਵਿਚ ਆਉਣ ਲਈ ਹੀ ਕੀਤੀਆਂ ਜਾਂਦੀਆਂ ਹਨ ਅਤੇ ਅਜਿਹੇ ਵਰਤਾਰੇ ਨੂੰ ਹਰ ਸੁਚੇਤ ਵਿਅਕਤੀ ਬਾਖੂਬੀ ਸਮਝਦਾ ਹੈ।