ਸ਼ਰਾਬ ਮਾਫ਼ੀਏ ਅਤੇ ਵੀਰਪਾਲ ਕੌਰ ਇੰਸਾ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਦੀ ਕੀਤੀ ਮੰਗ

ਅੰਮ੍ਰਿਤਸਰ, 4 ਅਗਸਤ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ ਦੀ ਅਗਵਾਈ ਵਿਚ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੂੰ ਦਿੱਤੇ ਗਏ ਇਕ ਮੰਗ ਪੱਤਰ ਵਿਚ ਨਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਵਫ਼ਦ ਨੇ ਇੱਕ ਵੱਖਰੇ ਮੰਗ ਪੱਤਰ ਰਾਹੀਂ ਬੀਤੇ ਦਿਨੀਂ ਵੀਰਪਾਲ ਕੌਰ ਇੰਸਾ ਵੱਲੋਂ ਡੇਰਾ ਸਿਰਸਾ ਮੁਖੀ ਦੀ ਤੁਲਨਾ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਹੋਰ ਗੁਰੂ ਸਾਹਿਬਾਨ ਨਾਲ ਕਰਨ ’ਤੇ ਵੀ ਸਿੱਖ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਦੇ ਮਾਮਲੇ ਵਿਚ ਬਣਦੀਆਂ ਧਰਾਵਾਂ ਤਹਿਤ ਮੁਕੱਦਮਾ ਦਰਜ ਕਰ ਕੇ ਕਾਨੂੰਨੀ ਕਾਰਵਾਈ ਕਰਨ ਦੀ ਵੀ ਅਪੀਲ ਕੀਤੀ। ਪੁਲਿਸ ਕਮਿਸ਼ਨਰ ਦੇ ਨਾਂ ਦਿੱਤੇ ਗਏ ਮੰਗ ਪੱਤਰ ਵਿਚ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਨਜਾਇਜ਼ ਸ਼ਰਾਬ ਦਾ ਗੈਰ-ਕਾਨੂੰਨੀ ਧੰਦਾ ਕਰਨ ਵਾਲੇ ਲੋਕ ਸਿਆਸੀ ਸ਼ਹਿ ਅਤੇ ਸਰਪ੍ਰਸਤੀ ਅਧੀਨ ਸਬੰਧਤ ਥਾਣਾ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਧੰਦਾ ਕਰ ਰਹੇ ਹਨ। ਇਸ ਨਾਲ ਬੀਤੇ ਦਿਨਾਂ ਵਿਚ ਅਨੇਕਾਂ ਮੌਤਾਂ ਹੋ ਚੁੱਕੀਆਂ ਹਨ, ਪਰੰਤੂ ਫਿਰ ਵੀ ਜ਼ਹਿਰੀਲੀ ਸ਼ਰਾਬ ਦਾ ਧੰਦਾ ਸਿਆਸੀ ਸ਼ਹਿ ’ਤੇ ਨਿਰੰਤਰ ਜਾਰੀ ਹੈ। ਇਸ ਚਲਨ ਵਿਰੁੱਧ ਸਖ਼ਤ ਕਾਰਵਾਈ ਕਰ ਕੇ ਦੋਸ਼ੀਆਂ ਨੂੰ ਕੜਰੀਆਂ ਸਜ਼ਾਵਾਂ ਦਿੱਤੀਆਂ ਜਾਣ। 
ਇਸ ਦੇ ਨਾਲ ਹੀ ਇਕ ਹੋਰ ਮੰਗ ਪੱਤਰ ਵਿਚ ਡੇਰਾ ਪ੍ਰੇਮੀ ਵੀਰਪਾਲ ਕੌਰ ਇੰਸਾ ਵੱਲੋਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਤੁਲਨਾ ਗੁਰੂ ਸਾਹਿਬਾਨ ਨਾਲ ਕਰਨ ਖ਼ਿਲਾਫ਼ ਸਖ਼ਤ ਕਾਰਵਾਈ ਮੰਗੀ ਗਈ। ਭਾਈ ਮਹਿਤਾ ਨੇ ਦੱਸਿਆ ਕਿ ਬੀਤੇ ਦਿਨੀਂ ਵੀਰਪਾਲ ਕੌਰ ਇੰਸਾ ਵੱਲੋਂ ਡੇਰਾ ਸਿਰਸਾ ਮੁਖੀ ਜੋ ਕਿ ਬਲਾਤਕਾਰ ਅਤੇ ਕਤਲ ਆਦਿ ਜਿਹੇ ਘਨੌਣੇ ਜ਼ੁਰਮਾਂ ਕਾਰਨ ਜ਼ੇਲ੍ਹ ਵਿਚ ਬੰਦ ਹੈ, ਦੀ ਤੁਲਨਾ ਗੁਰੂ ਸਾਹਿਬਾਨ ਨਾਲ ਕਰ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ਉਸ ਨੇ ਜਾਣਬੁਝ ਕੇ ਅਜਿਹੀਆਂ ਘਟੀਆ ਟਿੱਪਣੀਆਂ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਸਮੂਹ ਵੱਲੋਂ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੂੰ ਮੰਗ ਪੱਤਰ ਦੇ ਕੇ ਡੇਰਾ ਪ੍ਰੇਮਣ ਵਿਰੁੱਧ ਬਣਦੇ ਜ਼ੁਰਮਾਂ ਤਹਿਤ ਮੁਕੱਦਮਾ ਦਰਜ ਕਰਕੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਸਮੁੱਚੀ ਮਾਨਵਤਾ ਦੇ ਰਾਹ-ਦਸੇਰਾ ਹਨ ਅਤੇ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਨੀਵਾਂ ਦਿਖਾਉਣ ਵਾਲੀ ਡੇਰਾ ਪ੍ਰੇਮਣ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਪੁਲਿਸ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਮੌਕੇ ਭਾਈ ਮਹਿਤਾ ਤੋਂ ਇਲਾਵਾ ਜਥੇਦਾਰ ਮੰਗਵਿੰਦਰ ਸਿੰਘ ਖਾਪੜਖੇੜੀ, ਮੈਂਬਰ ਸ. ਸੁਰਜੀਤ ਸਿੰਘ ਭਿੱਟੇਵੱਡ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਸ. ਹਰਜਾਪ ਸਿੰਘ ਸੁਲਤਾਨਵਿੰਡ (ਸਾਰੇ ਮੈਂਬਰ ਸ਼੍ਰੋਮਣੀ ਕਮੇਟੀ) ਅਤੇ ਸ. ਦਿਲਰਾਜ ਸਿੰਘ ਆਦਿ ਮੌਜੂਦ ਸਨ।