ਅੰਮ੍ਰਿਤਸਰ, 19 ਜੁਲਾਈ:- ਮਹਾਰਾਸ਼ਟਰ ਦੇ ਸਕੂਲਾਂ ਦੇ ਸਿਲੇਬਸ ਵਿਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਸਬੰਧੀ ਛਪੀ ਇਤਰਾਜ਼ਯੋਗ ਸਮੱਗਰੀ ਦਾ ਗੰਭੀਰ ਨੋਟਿਸ ਲੈਂਦਿਆਂ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਸਿੱਖ ਪੰਥ ਦੀ ਚੜ੍ਹਦੀ ਕਲਾ, ਧਰਮ ਦੇ ਪ੍ਰਚਾਰ ਤੇ ਪ੍ਰਸਾਰ ਅਤੇ ਸਿੱਖ ਕੌਮ ਦੇ ਹਿੱਤਾਂ ਲਈ ਆਪਣਾ ਵਡਮੁੱਲਾ ਯੋਗਦਾਨ ਪਾਇਆ। ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਖਿਲਾਫ ਪੰਜਾਬ ਦੇ ਕਿਸੇ ਵੀ ਥਾਣੇ ਵਿਚ ਕੋਈ ਵੀ ਐਫ.ਆਈ.ਆਰ. ਦਰਜ ਨਹੀਂ ਅਤੇ ਨਾ ਹੀ ਦੇਸ਼ ਵਿਚ ਉਨ੍ਹਾਂ ਦੇ ਅੱਤਵਾਦੀ ਹੋਣ ਦਾ ਕੋਈ ਰਿਕਾਰਡ ਹੀ ਮੌਜੂਦ ਹੈ। ਪਰੰਤੂ ਮਹਾਰਾਸ਼ਟਰ ਦੇ ਸਕੂਲਾਂ ਦੇ ੯ਵੀਂ ਜਮਾਤ ਦੀ ਹਿਸਟਰੀ ਐਂਡ ਪੋਲੀਟੀਕਲ ਸਾਇੰਸ ਲਈ ਸਟੇਟ ਬਿਊਰੋ ਆਫ ਟੈਕਸਟ ਬੁੱਕ ਦੇ ਸਫਾ ਨੰਬਰ ੬ ਤੇ ੧੦ ਵਿਚ ਸੰਤਾਂ ਨੂੰ ਅੱਤਵਾਦੀ ਲਿਖਿਆ ਗਿਆ ਹੈ, ਜੋ ਅਤੀ ਨਿੰਦਣਯੋਗ ਹੈ ਅਤੇ ਇਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਵੀ ਠੇਸ ਪੁੱਜੀ ਹੈ। ਪ੍ਰੋ: ਬਡੂੰਗਰ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਸ੍ਰੀ ਦੇਵੇਂਦਰ ਫੜਨਵੀਸ ਅਤੇ ਸਿੱਖਿਆ ਮੰਤਰੀ ਸ੍ਰੀ ਵਿਨੋਦ ਟਾਵਡੇ ਨੂੰ ਅਪੀਲ ਕੀਤੀ ਕਿ ਮਹਾਰਾਸ਼ਟਰ ਦੇ ਨੌਂਵੀਂ ਕਲਾਸ ਦੇ ਸਿਲੇਬਸ ਵਿਚ ਜੋ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਸਬੰਧੀ ਇਤਰਾਜ਼ਯੋਗ ਸਮੱਗਰੀ ਛਾਪੀ ਹੈ ਉਸਨੂੰ ਤੁਰੰਤ ਹਟਾਇਆ ਜਾਵੇ ਅਤੇ ਸਿਲੇਬਸ ਦੀਆਂ ਜਾਰੀ ਕੀਤੀਆਂ ਕਿਤਾਬਾਂ ਨੂੰ ਜ਼ਬਤ ਕਰਕੇ ਅੱਗੋਂ ਤੋਂ ਛਾਪਣ ‘ਤੇ ਰੋਕ ਲਾਈ ਜਾਵੇ।