ਅੰਮ੍ਰਿਤਸਰ 18 ਜਨਵਰੀ (        ) – ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੈਲਬੌਰਨ ਦੇ ਇਕ ਸਕੂਲ ਵੱਲੋਂ ਸਿੱਖ ਵਿਦਿਆਰਥੀ ਨੂੰ ਪਟਕਾ (ਪੱਗੜੀ) ਬੰਨਣ ਕਰਕੇ ਦਾਖਲਾ ਨਾ ਦੇਣ ਦੀ ਘਟਨਾ ਦੀ ਨਿੰਦਾ ਕੀਤੀ ਹੈ।
ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਕੇਸਾਂ ਦੀ ਸੰਭਾਲ ਵਾਸਤੇ ਸਿੱਖ ਲਈ ਸਿਰ ਨੂੰ ਢੱਕਣਾ ਬਹੁਤ ਜ਼ਰੂਰੀ ਹੁੰਦਾ ਹੈ।ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਵੱਲੋਂ ਬਖਸ਼ੀ ਦਸਤਾਰ ਸਿੱਖਾਂ ਦੀ ਵੱਖਰੀ ਪਹਿਚਾਣ ਦੀ ਪ੍ਰਤੀਕ ਹੈ।ਉਨ੍ਹਾਂ ਕਿਹਾ ਕਿ ਆਸਟਰੇਲੀਆ ਤੇ ਵਿਸ਼ਵ ਦੇ ਹੋਰਨਾਂ ਮੁਲਕਾਂ ‘ਚ ਸਿੱਖ ਧਰਮ ਵਿੱਚ ਕੇਸਾਂ ਤੇ ਪੱਗੜੀ ਦੀ ਮਹੱਤਤਾ ਨੂੰ ਸਮਝਦਿਆਂ ਹੋਇਆ ਪੱਗੜੀ ਨੂੰ ਵਰਦੀ ਦਾ ਹਿੱਸਾ ਮੰਨਿਆ ਗਿਆ ਹੈ।ਬਹੁਤ ਸਾਰੇ ਦੇਸ਼ਾਂ ਅੰਦਰ ਸਿੱਖਾਂ ਨੂੰ ਦਸਤਾਰ ਸਜਾ ਕੇ ਕੰਮ ਕਰਨ ਅਤੇ ਵੱਖ-ਵੱਖ ਮਹਿਕਮਿਆਂ ਵਿੱਚ ਵੀ ਦਸਤਾਰ ਸਜਾਉਣ ਦੀ ਛੋਟ ਮਿਲੀ ਹੋਈ ਹੈ ਇਸ ਲਈ ਸਬੰਧਤ ਸਕੂਲ ਪ੍ਰਬੰਧਕਾਂ ਨੂੰ ਵੀ ਆਪਣੀ ਵਰਦੀ ਨੀਤੀ ਵਿੱਚ ਤੁਰੰਤ ਤਬਦੀਲੀ ਕਰਨੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਸਿੱਖ ਵਿਦਿਆਰਥੀ ਨੂੰ ਸਕੂਲ ਵੱਲੋਂ ਧਾਰਮਿਕ ਚਿੰਨ੍ਹ ਧਾਰਨ ਕਰਨ ਦੀ ਇਜ਼ਾਜਤ ਨਾ ਦੇਣਾ ਅਨੈਤਿਕ ਫੈਸਲਾ ਹੈ।ਉਨ੍ਹਾਂ ਕਿਹਾ ਕਿ ਆਸਟਰੇਲੀਆ ਵਿੱਚ ਤਕਰੀਬਨ ੭੨ ਹਜ਼ਾਰ ਤੋਂ ਵੱਧ ਸਿੱਖ ਵੱਸ ਰਹੇ ਹਨ ਤੇ ਇਨ੍ਹਾਂ ਵੱਲੋਂ ਸਬੰਧਤ ਦੇਸ਼ ਦੀ ਤਰੱਕੀ ਲਈ ਹਰ ਸੰਭਵ ਯੋਗਦਾਨ ਪਾਇਆ ਜਾ ਰਿਹਾ ਹੈ।
ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਮਿਸਟਰ ਮੈਲਕਮ ਟਰਨਬੁੱਲ ਨੂੰ ਅਪੀਲ ਕੀਤੀ ਕਿ ਉਹ ਸਕੂਲ ਪ੍ਰਬੰਧਕਾਂ ਖਿਲਾਫ ਸਖ਼ਤ ਕਾਰਵਾਈ ਕਰਦਿਆਂ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਨੂੰ ਪਹਿਲ ਦੇ ਆਧਾਰ ਤੇ ਲਾਗੂ ਕਰਵਾਉਣ ਤਾਂ ਕਿ ਧਾਰਮਿਕ ਪਹਿਚਾਣ ਕਰਕੇ ਸਿੱਖ ਵਿਦਿਆਰਥੀਆਂ ਨੂੰ ਨਮੋਸ਼ੀ ਦਾ ਸਾਹਮਣਾ ਨਾ ਕਰਨਾ ਪਵੇ।