ਅੰਮ੍ਰਿਤਸਰ, ੭ ਅਗਸਤ- ਰਾਜਸਥਾਨ ਦੇ ਹਨੂੰਮਾਨਗੜ੍ਹ ‘ਚ ਇਕ ਸਕੂਲ ਵੱਲੋਂ ਆਰ.ਏ.ਐੱਸ. (ਰਾਜਸਥਾਨ ਐਡਮਨਿਸਟ੍ਰੇਟਵ ਸਰਵਿਸ) ਦੀ ਪ੍ਰੀਖਿਆ ਦੌਰਾਨ ਅੰਮ੍ਰਿਤਧਾਰੀ ਸਿੱਖ ਵਿਦਿਆਰਥੀਆਂ ਦੇ ਕਕਾਰ ਉਤਾਰਨ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਖਤ ਸ਼ਬਦਾਂ ‘ਚ ਨਿੰਦਾ ਕੀਤੀ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਕੂਲ ਪ੍ਰਬੰਧਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਰਾਜਸਥਾਨ ਸਰਕਾਰ ਤੱਕ ਪਹੁੰਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਰ.ਏ.ਐੱਸ. ਦੀ ਪ੍ਰੀਖਿਆ ਦੌਰਾਨ ਹਨੂੰਮਾਨਗੜ੍ਹ ‘ਚ ਸਿੱਖ ਵਿਦਿਆਰਥੀਆਂ ਨੂੰ ਕਕਾਰ ਉਤਾਰਨ ਦੇ ਫੁਰਮਾਨ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਅਤੇ ਇਸ ਕਾਰਨ ਸਿੱਖ ਜਗਤ ਵਿਚ ਭਾਰੀ ਰੋਸ ਫੈਲਿਆ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਤੋਂ ਬਾਅਦ ਬੇਸ਼ੱਕ ਸਕੂਲ ਪ੍ਰਬੰਧਕਾਂ ਨੇ ਮੁਆਫੀ ਮੰਗ ਲਈ ਹੈ ਪਰ ਇਸ ਘਟਨਾ ਕਾਰਨ ਵਿਦਿਆਰਥੀਆਂ ਨੂੰ ਹੋਈ ਪ੍ਰੇਸ਼ਾਨੀ ਦੀ ਭਰਪਾਈ ਕੌਣ ਕਰੇਗਾ। ਉਨ੍ਹਾਂ ਕਿਹਾ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਕੋਈ ਅਜਿਹੀ ਮਨਮਰਜੀ ਕਰਨ ਦੀ ਹਿੰਮਤ ਨਾ ਕਰ ਸਕੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇੱਕ ਪਾਸੇ ਤਾਂ ਭਾਰਤ ਦਾ ਸੰਵਿਧਾਨ ਸਿੱਖਾਂ ਨੂੰ ਘਰੇਲੂ ਉਡਾਣਾ ਵਿਚ ਵੀ ਕਿਰਪਾਨ ਭਾਵ ਕਕਾਰ ਪਹਿਨਣ ਦੀ ਇਜਾਜਤ ਦਿੰਦਾਂ ਹੈ, ਜਦਕਿ ਦੂਸਰੇ ਪਾਸੇ ਕੁਝ ਅਜਿਹੇ ਲੋਕ ਜਾਣਬੁੱੱਝ ਕੇ ਸਿੱਖਾਂ ਦੇ ਕਕਾਰ ਉਤਾਰਨ ਦੀਆਂ ਕੋਝੀਆਂ ਹਰਕਤਾਂ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਈ ਪ੍ਰੀਖਿਆਵਾਂ ਦੌਰਾਨ ਸਿੱਖ ਬੱਚਿਆਂ ਨੂੰ ਅਜਿਹੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਅਜਿਹੇ ਮਾਮਲਿਆਂ ਨੂੰ ਨਜਿੱਠਣ ਲਈ ਕੇਂਦਰ ਸਰਕਾਰ ਨੂੰ ਵੀ ਪੱਕੇ ਤੌਰ ਤੇ ਖਾਸ ਹਦਾਇਤਾਂ ਜਾਰੀ ਕਰਨੀਆਂ ਚਾਹੀਦੀਆਂ ਹਨ।