ਅੰਮ੍ਰਿਤਸਰ, 21 ਜੁਲਾਈ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਸਕੱਤਰ ਮੀਡੀਆ ਸ. ਕੁਲਵਿੰਦਰ ਸਿੰਘ ਰਮਦਾਸ ਨੇ ਇੱਕ ਅਖਬਾਰ ਵਿਚ ਛਪੀ ਖਬਰ ਦਾ ਖੰਡਨ ਕਰਦਿਆਂ ਕਿਹਾ ਕਿ ਪ੍ਰੋ: ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਗਰ ਦਾ ਸਮਾਂ ਘੱਟ ਕਰਨ ਸਬੰਧੀ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ। ਦਫਤਰ ਸ਼੍ਰੋਮਣੀ ਕਮੇਟੀ ਤੋਂ ਜਾਰੀ ਇਕ ਬਿਆਨ ਵਿਚ ਸ. ਰਮਦਾਸ ਨੇ ਕਿਹਾ ਕਿ ਸਿੱਖ ਕੌਮ ਵਿਸ਼ਵ ਭਰ ਵਿਚ ਗੁਰਦੁਆਰਾ ਸਾਹਿਬਾਨ ਵਿਚ ਬਿਨਾਂ ਭੇਦ ਭਾਵ ਦੇ ਚਲਾਏ ਜਾਂਦੇ ਲੰਗਰਾਂ ਲਈ ਪ੍ਰਸਿੱਧ ਹੈ। ਸਿੱਖਾਂ ਦੇ ਗੁਰਦੁਆਰਾ ਸਾਹਿਬਾਨਾਂ ਵਿਚ ਚੱਲਦੀ ਲੰਗਰ ਦੀ ਪ੍ਰਥਾ ਸਿੱਖ ਧਰਮ ਦੀ ਸ਼ੁਰੂਆਤ ਤੋਂ ਹੀ ਨਿਰੰਤਰ ਚੱਲਦੀ ਆ ਰਹੀ ਹੈ। ਉਨ੍ਹਾਂ ਸਪੱਸ਼ਟ ਕਰਦਿਆਂ ਕਿਹਾ ਕਿ ਲੰਗਰ ਦੀ ਪ੍ਰਥਾ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਚਲਾਈ ਗਈ ਸੀ ਜਿਸ ਦੇ ਰੁਕਣ ਜਾਂ ਘਟਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਅਖਬਾਰ ਵੱਲੋਂ ਪ੍ਰੋ: ਬਡੂੰਗਰ ਦਾ ਬਿਆਨ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ ਜੋ ਬਿਲਕੁਲ ਨਿਰਮੂਲ ਤੇ ਤੱਥ ਰਹਿਤ ਹੈ। ਉਨ੍ਹਾਂ ਪ੍ਰਧਾਨ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੇ ਬਿਆਨ ਬਾਰੇ ਸਪੱਸ਼ਟ ਕਰਦਿਆਂ ਕਿਹਾ ਕਿ ਪ੍ਰਧਾਨ ਸਾਹਿਬ ਨੇ ਜੀ.ਐਸ.ਟੀ. ਬਾਰੇ ਬੋਲਦਿਆਂ ਵਿਅੰਗਮਈ ਢੰਗ ਨਾਲ ਕਿਹਾ ਸੀ ਕਿ “ਜੀ.ਐਸ.ਟੀ. ਲਾਗੂ ਹੋਣ ਨਾਲ ਪੈਣ ਵਾਲੇ ੧੦ ਕਰੋੜ ਰੁਪਏ ਦੇ ਸਲਾਨਾ ਬੋਝ ਦੀ ਭਰਪਾਈ ਲਈ ਸ਼੍ਰੋਮਣੀ ਕਮੇਟੀ ਕੀ ਹੁਣ ਲੰਗਰ ਦਾ ਸਮਾਂ ਘਟਾ ਦੇਵੇ? ਬਲਕਿ ਸਰਕਾਰ ਨੂੰ ਚਾਹੀਦਾ ਹੈ ਕਿ ਤੁਰੰਤ ਲੰਗਰ ਉਪਰ ਲੱਗੇ ਜੀ.ਐਸ.ਟੀ. ਨੂੰ ਖਤਮ ਕਰੇ।” ਸ. ਰਮਦਾਸ ਨੇ ਕਿਹਾ ਕਿ ਇਹੋ ਜਿਹੀਆਂ ਖਬਰਾਂ ਛਾਪਣ ਨਾਲ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜਦੀ ਹੈ ਅਤੇ ਸੰਸਥਾ ਦੇ ਅਕਸ ਨੂੰ ਵੀ ਢਾਹ ਲੱਗਦੀ ਹੈ।