ਦਸਤਾਰਧਾਰੀ ਬੀਬੀ ਦਾ ਕੈਨੇਡਾ ਦੀ ਸੁਪਰੀਮ ਕੋਰਟ ਦੀ ਜੱਜ ਬਣਨਾ ਸਿੱਖ ਕੌਮ ਲਈ ਮਾਣ ਵਾਲੀ ਗੱਲ –ਪ੍ਰੋ: ਕਿਰਪਾਲ ਸਿੰਘ ਬਡੂੰਗਰ
ਸਿੱਖ ਸੰਗਤਾਂ ਨੂੰ ਵੀਜ਼ਿਆਂ ਦੀ ਮਨਜ਼ੂਰੀ ਨਾ ਦੇਣ ਨਾਲ ਕੇਂਦਰ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਹਟੀ –ਪ੍ਰੋ: ਬਡੂੰਗਰ

ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਵਿਚ ਲਏ ਗਏ ਕਈ ਅਹਿਮ ਫੈਸਲੇ

ਰੋਪੜ, ੨੬ ਜੂਨ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਸਥਾਨਕ ਗੁਰਦੁਆਰਾ ਭੱਠਾ ਸਾਹਿਬ ਵਿਖੇ ਅੱਜ ਪ੍ਰੋ: ਕਿਰਪਾਲ ਸਿੰਘ ਬਡੂੰਗਰ ਦੀ ਅਗਵਾਈ ਵਿਚ ਹੋਈ ਅਹਿਮ ਇਕੱਤਰਤਾ ਵਿਚ ਪਿਛਲੇ ਦਿਨੀਂ ਪੰਜਾਬ ਵਿਧਾਨ ਸਭਾ ਅੰਦਰ ਸਿੱਖ ਵਿਧਾਇਕ ਦੀ ਦਸਤਾਰ ਦੀ ਹੋਈ ਬੇਅਦਬੀ ਅਤੇ ਇਸਤਰੀ ਵਿਧਾਇਕਾਂ ਦੇ ਕੀਤੇ ਗਏ ਅਪਮਾਨ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ। ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬਾਨ ਦੀਆਂ ਜ਼ਮੀਨਾਂ ਉਪਰ ਕਾਂਗਰਸੀਆਂ ਦੀ ਸ਼ਹਿ ‘ਤੇ ਕੀਤੇ ਜਾ ਰਹੇ ਕਬਜ਼ਿਆਂ ਸਬੰਧੀ ਵੀ ਅਹਿਮ ਮਤਾ ਪਾਸ ਕੀਤਾ ਗਿਆ, ਜਦਕਿ ਇਕ ਹੋਰ ਮਤੇ ਰਾਹੀਂ ਪੰਜਾਬੀ ਭਾਸ਼ਾ ਨਾਲ ਵੱਖ-ਵੱਖ ਥਾਵਾਂ ‘ਤੇ ਕੀਤੇ ਜਾ ਰਹੇ ਅਨਿਆਂ ਬਾਰੇ ਵੀ ਨਿਖੇਧੀ ਮਤਾ ਪਾਸ ਕੀਤਾ ਗਿਆ। ਇਸ ਤੋਂ ਇਲਾਵਾ ਇਕੱਤਰਤਾ ਦੌਰਾਨ ਕਈ ਹੋਰ ਅਹਿਮ ਫੈਸਲੇ ਵੀ ਕੀਤੇ ਗਏ।
ਇਕੱਤਰਤਾ ਤੋਂ ਬਾਅਦ ਪ੍ਰੈਸ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਫੈਸਲਿਆਂ ਬਾਰੇ ਦੱਸਦਿਆਂ ਕਿਹਾ ਕਿ ਅੰਤ੍ਰਿੰਗ ਕਮੇਟੀ ਵੱਲੋਂ ਪੰਜਾਬ ਵਿਧਾਨ ਸਭਾ ਅੰਦਰ ਗੁਰਸਿੱਖ ਵਿਧਾਇਕਾਂ ਦੀ ਦਸਤਾਰ ਉਤਾਰਨ ਅਤੇ ਇਸਤਰੀ ਵਿਧਾਇਕਾਂ ਦੇ ਦੁਪੱਟੇ ਉਛਾਲਣ ਦਾ ਸਖਤ ਨੋਟਿਸ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਚੁਣੀ ਗਈ ਸਰਕਾਰ ਵੱਲੋਂ ਵਿਧਾਨ ਸਭਾ ਵਿਚ ਸਰਕਾਰੀ ਤੰਤਰ ਦੀ ਦੁਰਵਰਤੋਂ ਕਰਦਿਆਂ ਧਾਰਮਿਕ ਚਿੰਨ੍ਹਾਂ ਦੀ ਕੀਤੀ ਬੇਅਬਦੀ ਅਤੀ ਨਿੰਦਣਯੋਗ ਤੇ ਘਿਨੌਣੀ ਕਾਰਵਾਈ ਹੈ। ਇਸ ਲਈ ਪੰਜਾਬ ਵਿਧਾਨ ਸਭਾ ਦੇ ਸਪੀਕਰ ਤੇ ਮੌਜੂਦਾ ਕਾਂਗਰਸੀ ਮੁੱਖ ਮੰਤਰੀ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਇਸ ਸਬੰਧੀ ਮੁਆਫੀ ਮੰਗਦਿਆਂ ਦੋਸ਼ੀ ਮਾਰਸ਼ਲਾਂ ਨੂੰ ਤੁਰੰਤ ਸਜ਼ਾ ਦੇਵੇ।
ਪ੍ਰੋ. ਬਡੂੰਗਰ ਨੇ ਕਿਹਾ ਕਿ ਕਾਂਗਰਸੀ ਆਗੂਆਂ ਵੱਲੋਂ ਸੁਪਰੀਮ ਕੋਰਟ ਦੇ ਸ਼੍ਰੋਮਣੀ ਕਮੇਟੀ ਦੇ ਹੱਕ ਵਿਚ ਕੀਤੇ ਫੈਸਲਿਆਂ ਦੀਆਂ ਧੱਜੀਆਂ ਉਡਾਉਂਦਿਆਂ ਸੱਤਾ ਦੇ ਨਸ਼ੇ ਵਿਚ ਸਿੱਖ ਗੁਰਧਾਮਾਂ ਦੀਆਂ ਜਾਇਦਾਦਾਂ ਉਪਰ ਨਾਜਾਇਜ਼ ਕਬਜ਼ੇ ਕਰਨ ਦੀਆਂ ਹਰਕਤਾਂ ਭਾਰਤੀ ਨਿਆਂਪਾਲਿਕਾ ਅਤੇ ਕਾਨੂੰਨ ਉਪਰ ਪ੍ਰਸ਼ਨ ਚਿੰਨ੍ਹ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੰਜਾਬ ਦੇ ਗਵਰਨਰ ਨੂੰ ਮਿਲਕੇ ਮੰਗ ਪੱਤਰ ਵੀ ਦਿੱਤਾ ਜਾ ਚੁੱਕਾ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਤੇ ਡੀ.ਜੀ.ਪੀ. ਨੂੰ ਚਿੱਠੀ-ਪੱਤਰ ਰਾਹੀਂ ਵੀ ਸਥਿਤੀ ਸਪੱਸ਼ਟ ਕੀਤੀ ਜਾ ਚੁੱਕੀ ਹੈ ਪਰ ਫਿਰ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਜਦੋਂ ਵੀ ਪੰਜਾਬ ਵਿਚ ਕਾਂਗਰਸ ਸਰਕਾਰ ਬਣੀ ਤਾਂ ਇਸਦੀ ਨਜ਼ਰ ਹਮੇਸ਼ਾ ਸਿੱਖਾਂ ਨੂੰ ਕਮਜ਼ੋਰ ਕਰਨ ਲਈ ਸ਼੍ਰੋਮਣੀ ਕਮੇਟੀ ਅਤੇ ਗੁਰੂ-ਘਰਾਂ ਦੀਆਂ ਜ਼ਮੀਨਾਂ ਉਪਰ ਕਬਜ਼ਾ ਕਰਨ ਵੱਲ ਹੀ ਰਹੀ ਹੈ। ਪ੍ਰੋ: ਬਡੂੰਗਰ ਨੇ ਦੱਸਿਆ ਕਿ ਅੱਜ ਦੀ ਇਕੱਤਰਤਾ ਵਿਚ ਮਤਾ ਪਾਸ ਕਰਦਿਆਂ ਆਖਰੀ ਵਾਰ ਸਰਕਾਰ ਨੂੰ ਇਨ੍ਹਾਂ ਗੈਰ ਕਾਨੂੰਨੀ ਕਬਜ਼ਿਆਂ ਨੂੰ ਛੁਡਵਾਉਣ ਲਈ ਕਿਹਾ ਗਿਆ ਹੈ। ਜੇਕਰ ਫਿਰ ਵੀ ਕਾਰਵਾਈ ਨਾ ਹੋਈ ਤਾਂ ਸ਼੍ਰੋਮਣੀ ਕਮੇਟੀ ਸਖਤ ਕਦਮ ਚੁੱਕਣ ਲਈ ਮਜ਼ਬੂਰ ਹੋਵੇਗੀ।
ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਅੱਗੇ ਦੱਸਿਆ ਕਿ ਜੰਮੂ-ਕਸ਼ਮੀਰ ਵਿਚ ਪੰਜਾਬੀ ਭਾਸ਼ਾ ਨਾਲ ਹੋ ਰਹੇ ਵਿਤਕਰੇ ਸਬੰਧੀ ਨਿੰਦਾ ਮਤਾ ਪਾਸ ਕੀਤਾ ਗਿਆ ਹੈ ਅਤੇ ਪੰਜਾਬ ਸਰਕਾਰ ਨੂੰ ਵੀ ਸੀ.ਬੀ.ਐਸ.ਈ. ਸਕੂਲਾਂ ਵੱਲੋਂ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਵਜੋਂ ਨਾ ਪੜ੍ਹਾਏ ਜਾਣ ਵਿਰੁੱਧ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਸਰਕਾਰ ਵੱਲੋਂ ਸਕੂਲਾਂ ਅੰਦਰ ਪੰਜਾਬੀ ਨੂੰ ਲਾਜ਼ਮੀ ਵਿਸ਼ਿਆਂ ਵਿਚ ਸ਼ਾਮਲ ਨਾ ਕਰਨਾ ਪੰਜਾਬੀ ਭਾਸ਼ਾ ਪ੍ਰਤੀ ਵਿਤਕਰੇ ਭਰਿਆ ਫੈਸਲਾ ਹੈ। ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਅਤੇ ੧੯੪੭ ਦੀ ਵੰਡ ਤੋਂ ਬਾਅਦ ਵੀ ਪੰਜਾਬੀ ਭਾਸ਼ਾ ਨੂੰ ਬਣਦਾ ਸਤਿਕਾਰ ਮਿਲਦਾ ਰਿਹਾ ਹੈ। ਇਸ ਲਈ ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਬੀਬੀ ਮਹਿਬੂਬਾ ਮੁਫਤੀ ਪੰਜਾਬੀ ਭਾਸ਼ਾ ਨੂੰ ਬਣਦਾ ਸਥਾਨ ਦੇਣ ਲਈ ਕਦਮ ਚੁੱਕਣ ਅਤੇ ਸਕੂਲਾਂ ਅੰਦਰ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਵਜੋਂ ਯਕੀਨੀ ਬਣਾਉਣ।

ਅੰਤ੍ਰਿੰਗ ਕਮੇਟੀ ਵੱਲੋਂ ਲਏ ਗਏ ਇਕ ਫੈਸਲੇ ਬਾਰੇ ਦੱਸਦਿਆਂ ਪ੍ਰੋ: ਬਡੂੰਗਰ ਨੇ ਕਿਹਾ ਕਿ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨ ਦਿਦਾਰੇ ਕਰਨ ਲਈ ਜਾਣ ਵਾਲੇ ਜਥੇ ਨੂੰ ਭਾਰਤ ਸਰਕਾਰ ਵੱਲੋਂ ਵੀਜ਼ੇ ਜਾਰੀ ਕਰਨ ਦੀ ਮਨਜ਼ੂਰੀ ਨਾ ਦੇਣ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਰਹਿ ਗਏ ਗੁਰਧਾਮਾਂ ਨਾਲ ਸਿੱਖਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ ਇਸ ਲਈ ਸ਼ਰਧਾਲੂਆਂ ਨੂੰ ਵੀਜ਼ੇ ਨਾ ਦੇਣ ਨਾਲ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਦਾ ਬਹਾਨਾ ਬਣਾ ਕੇ ਵੀਜ਼ਿਆਂ ਤੋਂ ਕੀਤੀ ਗਈ ਨਾਂਹ ਬਹੁਤ ਹੀ ਗੈਰ ਜ਼ਿੰਮੇਵਾਰਾਨਾ ਹੈ, ਜਦਕਿ ਸਿੱਖ ਸੰਗਤਾਂ ਨੂੰ ਵੀਜ਼ੇ ਜਾਰੀ ਕਰਨ ਲਈ ਰੁਕਾਵਟਾਂ ਨੂੰ ਦੂਰ ਕਰਕੇ ਵੀਜਿਆਂ ਲਈ ਮਨਜੂਰੀ ਦੇਣੀ ਕੇਂਦਰ ਸਰਕਾਰ ਦੀ ਨੈਤਿਕ ਤੇ ਸੰਵਿਧਾਨਕ ਜ਼ਿੰਮੇਵਾਰੀ ਹੈ।
ਪ੍ਰੋ: ਬਡੂੰਗਰ ਨੇ ਕੈਨੇਡਾ ਦੇ ਇਤਿਹਾਸ ਵਿਚ ਪਹਿਲੀ ਵਾਰ ਦਸਤਾਰਧਾਰੀ ਸਿੱਖ ਬੀਬੀ ਦੇ ਸੁਪਰੀਮ ਕੋਰਟ ਆਫ ਬ੍ਰਿਟਿਸ਼ ਕੋਲੰਬੀਆ ਦੀ ਜੱਜ ਬਣਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੀਬੀ ਪਲਬਿੰਦਰ ਕੌਰ ਦੀ ਇਸ ਪ੍ਰਾਪਤੀ ਨਾਲ ਸਮੁੱਚੇ ਵਿਸ਼ਵ ਦੇ ਸਿੱਖਾਂ ਦੇ ਮਾਣ ਵਿਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਅੰਤ੍ਰਿੰਗ ਕਮੇਟੀ ਨੇ ਇਹ ਫੈਸਲਾ ਕੀਤਾ ਹੈ ਕਿ ਬੀਬੀ ਪਲਬਿੰਦਰ ਕੌਰ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜਣ ‘ਤੇ ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਅੰਤ੍ਰਿੰਗ ਕਮੇਟੀ ਵੱਲੋਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ-ਪੀਰੀ ਦਿਵਸ ਸਮੇਂ ਹਰ ਸਾਲ ਵੱਡੇ ਪੱਧਰ ‘ਤੇ ਗੱਤਕਾ ਮੁਕਾਬਲੇ ਕਰਾਉਣ ਦਾ ਫੈਸਲਾ ਕੀਤਾ ਗਿਆ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਸ ਸਬੰਧੀ ਦੱਸਿਆ ਕਿ ਗੁਰੂ ਸਾਹਿਬਾਨ ਵੱਲੋਂ ਦੱਸੀ ਗਈ ਜੀਵਨ ਜਾਚ ਅਨੁਸਾਰ ਸਿੱਖਾਂ ਲਈ ਗੁਰਬਾਣੀ ਦੇ ਨਾਲ-ਨਾਲ ਸ਼ਸਤਰ ਵਿੱਦਿਆ ਦੀ ਸਿਖਲਾਈ ਲੈਣੀ ਵੀ ਜ਼ਰੂਰੀ ਹੈ। ਇਸ ਲਈ ਸ਼੍ਰੋਮਣੀ ਕਮੇਟੀ ਹਰ ਸਾਲ ਮੀਰੀ ਪੀਰੀ ਦਿਵਸ ਮੌਕੇ ਸਿੱਖ ਮਾਰਸ਼ਲ ਆਰਟ ਗਤਕੇ ਨੂੰ ਉਭਾਰਨ ਦਾ ਯਤਨ ਕਰੇਗੀ। ਇਕ ਹੋਰ ਮਤੇ ਰਾਹੀਂ ਵੱਡੇ ਪੱਧਰ ਤੇ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ੧ ਜੁਲਾਈ ੨੦੧੭ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਆਰੰਭ ਕੀਤੀ ਜਾਣ ਵਾਲੀ ਧਰਮ ਪ੍ਰਚਾਰ ਲਹਿਰ ਤਹਿਤ ਪਿੰਡ ਪੱਧਰ ਤੋਂ ਲੈ ਕੇ ਦੇਸ਼ ਦੇ ਹਰ ਕੋਨੇ ਤਕ ਪਹੁੰਚਾਉਣ ਦਾ ਫੈਸਲਾ ਕੀਤਾ ਗਿਆ ਅਤੇ ਇਸ ਲਈ ਸਮੁੱਚੀਆਂ ਧਾਰਮਿਕ ਸੰਸਥਾਵਾਂ ਨੂੰ ਸਹਿਯੋਗ ਕਰਨ ਲਈ ਅਪੀਲ ਕੀਤੀ ਗਈ। ਇਕ ਹੋਰ ਫੈਸਲੇ ਰਾਹੀਂ ਬਾਬਾ ਅਤਰ ਸਿੰਘ ਜੀ ਅਤਲਾਂ ਕਲਾਂ ਤੇ ਬਾਬਾ ਲੱਖਾ ਸਿੰਘ ਜੀ ਸਾਬਕਾ ਜਥੇਦਰ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਉਣ ਨੂੰ ਪ੍ਰਵਾਨਗੀ ਦਿੱਤੀ ਗਈ।
ਇਸ ਮੌਕੇ ਸ. ਬਲਦੇਵ ਸਿੰਘ ਕਾਇਮਪੁਰ ਸੀਨੀਅਰ ਮੀਤ ਪ੍ਰਧਾਨ, ਬਾਬਾ ਬੂਟਾ ਸਿੰਘ ਜੂਨੀਅਰ ਮੀਤ ਪ੍ਰਧਾਨ, ਭਾਈ ਅਮਰਜੀਤ ਸਿੰਘ ਚਾਵਲਾ ਜਨਰਲ ਸਕੱਤਰ, ਅੰਤ੍ਰਿੰਗ ਕਮੇਟੀ ਮੈਂਬਰ ਭਾਈ ਰਾਮ ਸਿੰਘ, ਸ. ਸੁਰਜੀਤ ਸਿੰਘ ਭਿੱਟੇਵਡ, ਸ: ਜੈਪਾਲ ਸਿੰਘ ਮੰਡੀਆਂ, ਸ: ਨਿਰਮਲ ਸਿੰਘ ਹਰਿਆਓ, ਸ: ਕੁਲਵੰਤ ਸਿੰਘ ਮੰਨਣ, ਸ: ਬਲਵਿੰਦਰ ਸਿੰਘ ਵੇਈਂਪੂਈ, ਬੀਬੀ ਜੋਗਿੰਦਰ ਕੌਰ ਤੇ ਸ: ਸੁਰਜੀਤ ਸਿੰਘ ਕਾਲਾਬੂਲਾ, ਮੈਂਬਰ ਸ਼੍ਰੋਮਣੀ ਕਮੇਟੀ ਸ. ਪਰਮਜੀਤ ਸਿੰਘ ਲੱਖੇਵਾਲ, ਸ. ਹਰਚਰਨ ਸਿੰਘ ਮੁੱਖ ਸਕੱਤਰ, ਸ. ਅਵਤਾਰ ਸਿੰਘ ਸੈਂਪਲਾ ਸਕੱਤਰ, ਵਧੀਕ ਸਕੱਤਰ ਸ. ਮਹਿੰਦਰ ਸਿੰਘ ਆਹਲੀ ਤੇ ਸ. ਕੇਵਲ ਸਿੰਘ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਭਗਵੰਤ ਸਿੰਘ ਧੰਗੇੜਾ ਨਿੱਜੀ ਸਹਾਇਕ, ਸ. ਜਸਬੀਰ ਸਿੰਘ ਮੈਨੇਜਰ ਗੁਰਦੁਆਰਾ ਭੱਠਾ ਸਾਹਿਬ, ਸ. ਰਣਜੀਤ ਸਿੰਘ ਮੈਨੇਜਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਸ. ਪਰਮਦੀਪ ਸਿੰਘ ਤੇ ਸ. ਗੁਰਚਰਨ ਸਿੰਘ ਇੰਚਾਰਜ, ਸ. ਮਲਕੀਤ ਸਿੰਘ ਬਹਿੜਵਾਲ ਤੇ ਸ. ਕਾਰਜ ਸਿੰਘ ਸੁਪਰਵਾਈਜ਼ਰ ਆਦਿ ਹਾਜ਼ਰ ਸਨ।