ਜਥੇਦਾਰ ਸ੍ਰੀ ਅਕਾਲ ਤਖਤ ਦੀ ਹਾਜ਼ਰੀ ‘ਚ ਕਮੇਟੀ ਮੈਂਬਰਾਂ ਨੇ ਲਿਆ ਫੈਸਲਾ
29 (2) December 2015ਅੰਮ੍ਰਿਤਸਰ ੨੯ ਦਸੰਬਰ (        )  ਸ੍ਰੀ ਅਨੰਦਪੁਰ ਸਾਹਿਬ ਵਿਖੇ ਸਥਾਪਿਤ ਕੀਤੇ ਵਿਰਾਸ-ਏ-ਖਾਲਸਾ ਵਿਖੇ ਰੰਗਰੇਟੇ ਗੁਰੂ ਕੇ ਬੇਟੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਦੀ ਯਾਦਗਾਰ ਸਥਾਪਿਤ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਹੇਠ ਅੱਜ ਸਕੱਤਰੇਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਯਾਦਗਾਰ ਸਥਾਪਿਤ ਕਮੇਟੀ ਦੇ ਮੈਂਬਰਾਂ ਨਾਲ ਹੋਈ ਮੀਟਿੰਗ ਵਿਚ ਫੈਸਲਾ ਲਿਆ ਗਿਆ ਕਿ ਸ੍ਰੀ ਅਨੰਦਪੁਰ ਸਾਹਿਬ ਵਿਰਾਸਤ-ਏ-ਖਾਲਸਾ ਵਿਖੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਦੇ ਬੁੱਤ ਸਥਾਪਿਤ ਕਰਨ ਦੀ ਜਗ੍ਹਾ ਮੈਮੋਰੀਅਲ ਸਥਾਪਿਤ ਹੋਵੇਗਾ।
ਸਿੰਘ ਸਾਹਿਬ ਨਾਲ ਅੱਜ ਹੋਈ ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਨੇ ਦੱਸਿਆ ਕਿ ਵਿਰਾਸਤ-ਏ-ਖਾਲਸਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੀ ਯਾਦ ਵਿਚ ਮੈਮੋਰੀਅਲ ਸਥਾਪਿਤ ਕੀਤਾ ਜਾਵੇਗਾ। ਜਿਸਦਾ ਉਦਘਾਟਨ ਫਰਵਰੀ ਮਹੀਨੇ ਵਿਚ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਕਰਨਗੇ। ਉਨ੍ਹਾਂ ਦੱਸਿਆ ਕਿ ਯਾਦਗਾਰੀ ਮੈਮੋਰੀਅਲ ਵਿਚ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਦਿੱਲੀ ਤੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਸ੍ਰੀ ਅਨੰਦਪੁਰ ਸਾਹਿਬ ਤਕ ਲੈ ਕੇ ਆਉਣ ਸਮੇਤ ਸਾਰਾ ਇਤਿਹਾਸ ਲੇਜ਼ਰ ਸ਼ੋਅ, ਤਸਵੀਰਾਂ ਤੇ ਲਿਖਤੀ ਰੂਪ ਵਿਚ ਸੰਗਤਾਂ ਦੇ ਦਰਸ਼ਨਾਂ ਲਈ ਮੈਮੋਰੀਅਲ ‘ਚ ਸਥਾਪਿਤ ਹੋਵੇਗਾ। ਉਨ੍ਹਾਂ ਦੱਸਿਆ ਕਿ ਆਉਣ ਵਾਲੀ ਸਿੱਖ ਪੀੜ੍ਹੀ ਇਸ ਮੈਮੋਰੀਅਲ ਤੋਂ ਸੇਧ ਲੈ ਕੇ ਆਪਣੇ ਗੁਰੂਆਂ ਦੇ ਪਾਏ ਪੂਰਨਿਆਂ ‘ਤੇ ਚੱਲਣ ਲਈ ਵਚਨਬੱਧ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਦੀ ਯਾਦ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਠਹਿਰਨ ਲਈ ਇੱਕ ਯਾਤਰੀ ਨਿਵਾਸ ਭਾਈ ਜੈਤਾ ਜੀ (ਰੰਗਰੇਟੇ ਗੁਰੂ ਕੇ ਬੇਟੇ) ਤੇ ਗੁ: ਗੁਰੂਸਰ ਸਤਲਾਣੀ ਸਾਹਿਬ, ਹੁਸ਼ਿਆਰ ਨਗਰ ਵਿਖੇ ਬਾਬਾ ਜੀਵਨ ਸਿੰਘ ਕਾਲਜ ਅਤੇ ਗੁ: ਸੀਸ ਗੰਜ ਸਾਹਿਬ (ਦਿੱਲੀ) ਲੰਗਰ ਹਾਲ ਦਾ ਨਾਮ ਰੱਖਿਆ ਗਿਆ ਹੈ। ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਹੇਠ ਅੱਜ ਹੋਈ ਵਿਸ਼ੇਸ਼ ਇਕੱਤਰਤਾ ਕੀਤੀ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਚਰਨਜੀਤ ਸਿੰਘ ਅਟਵਾਲ, ਕੈਬਨਿਟ ਮੰਤਰੀ ਜਥੇ. ਗੁਲਜ਼ਾਰ ਸਿੰਘ ਰਣੀਕੇ, ਜਸਟਿਸ ਨਿਰਮਲ ਸਿੰਘ ਐਮ.ਐਲ.ਏ. ਹਲਕਾ ਡੇਰਾਬੱਸੀ,       ਸ. ਰਜਿੰਦਰ ਸਿੰਘ ਰੂਬੀ ਅਟਾਰੀ ਮੈਨੇਜਰ ਗੁ:ਸਤਲਾਣੀ ਸਾਹਿਬ, ਡਾ. ਨਵਜੋਤ ਰੰਧਾਵਾ ਡਾਇਰੈਕਟਰ ਟੂਰਜ਼ਿਮ ਪੰਜਾਬ, ਐਸ.ਐਸ. ਬਹਿਲ, ਵਿਸ਼ੇਸ਼ ਸਹਾਇਕ ਪਰਮਦੀਪ ਸਿੰਘ ਬਾਲਾ, ਮੁਨੀਸ਼ ਕੁਮਾਰ ਸ਼ਰਮਾ ਆਰਕੀਟੈਕਟ ਗੁਰੂ ਨਾਨਕ ਦੇਵ ਯੂਨੀ., ਸ. ਮੰਗਲ ਸਿੰਘ ਸੋਹਲ, ਸ. ਸਤਿੰਦਰਪਾਲ ਸਿੰਘ, ਸ. ਭੁਪਿੰਦਰ ਸਿੰਘ, ਐਡੀਸ਼ਨਲ ਮੈਨਜਰ ਸ. ਹਰਜਿੰਦਰ ਸਿੰਘ ਭੂਰਾਕੋਹਨਾ, ਸ. ਹਰਪਾਲ ਸਿੰਘ ਮੋਦਾ ਆਦਿ ਹਾਜ਼ਰ ਸਨ।