13-10-2015-5ਅੰਮ੍ਰਿਤਸਰ 13 ਅਕਤੂਬਰ (     ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਜ਼ਰਸਾਨੀ ਹੇਠ ਵਿਸ਼ਵ ਪੰਜਾਬੀ ਭਾਸ਼ਾ ਸੰਮੇਲਨ ਦੀਆਂ ਮੁਕੰਮਲ ਤਿਆਰੀਆਂ ਲਈ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਸ. ਨਿਰਮੈਲ ਸਿੰਘ ਜੌਲਾਕਲਾਂ ਅੰਤ੍ਰਿੰਗ ਮੈਂਬਰ, ਡਾ: ਰੂਪ ਸਿੰਘ ਸਕੱਤਰ ਤੇ ਡਾ: ਗੁਰਮੋਹਨ ਸਿੰਘ ਵਾਲੀਆ ਵਾਈਸ ਚਾਂਸਲਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੀ ਪ੍ਰਧਾਨਗੀ ਹੇਠ ਸਬ-ਕਮੇਟੀ ਦੇ ਨੁਮਾਇੰਦਿਆਂ ਦੀ ਇਕੱਤਰਤਾ ਹੋਈ।ਜਿਸ ਵਿੱਚ ਸ. ਦਿਲਜੀਤ ਸਿੰਘ ਬੇਦੀ, ਸ. ਬਲਵਿੰਦਰ ਸਿੰਘ ਜੌੜਾਸਿੰਘਾ ਤੇ ਸ. ਪਰਮਜੀਤ ਸਿੰਘ ਸਰੋਆ ਵਧੀਕ ਸਕੱਤਰ, ਸ. ਸਤਬੀਰ ਸਿੰਘ ਸਾਬਕਾ ਸਕੱਤਰ, ਸ. ਜਗਜੀਤ ਸਿੰਘ ਮੀਤ ਸਕੱਤਰ, ਡਾ: ਅਨੁਰਾਗ ਸਿੰਘ ਲੁਧਿਆਣਾ, ਡਾ: ਪ੍ਰਿਤਪਾਲ ਸਿੰਘ (ਕਨਵੀਨਰ ਰਿਹਾਇਸ਼ ਸਬ-ਕਮੇਟੀ), ਡਾ: ਧਰਮਿੰਦਰ ਸਿੰਘ ਉੱਭਾ ਡਾਇਰੈਕਟਰ ਐਜੂਕੇਸ਼ਨ, ਡਾ: ਜੀ ਐਸ ਲਾਂਬਾ ਪ੍ਰਿੰਸੀਪਲ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ, ਡਾ: ਜਤਿੰਦਰ ਸਿੰਘ ਸਿੱਧੂ ਪ੍ਰਿੰਸੀਪਲ ਮਾਤਾ ਗੁਜਰੀ ਕਾਲਜ, ਸ੍ਰ: ਰੇਸ਼ਮ ਸਿੰਘ, ਸ੍ਰ: ਅਮਰਜੀਤ ਸਿੰਘ ਤੇ ਸ੍ਰ: ਭਗਵੰਤ ਸਿੰਘ ਮੈਨੇਜਰ, ਸ੍ਰ: ਮਨਪ੍ਰੀਤ ਸਿੰਘ ਐਕਸੀਅਨ, ਡਾ: ਕੰਵਲਜੀਤ ਸਿੰਘ ਡੀਨ, ਡਾ: ਜਗਬੀਰ ਸਿੰਘ, ਡਾ: ਦੀਪਕ ਮਨਮੋਹਨ ਸਿੰਘ ਅਤੇ ਸ੍ਰ: ਨਰਜਿੰਦਰ ਸਿੰਘ ਸੇਖੋਂ ਚੀਫ ਸਕਿਉਰਿਟੀ ਆਫੀਸਰ ਆਦਿ ਸ਼ਾਮਿਲ ਸਨ।
ਇਕੱਤਰਤਾ ਬਾਰੇ ਜਾਣਕਾਰੀ ਦੇਂਦਿਆਂ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਅਤੇ ਵਧੀਕ ਸਕੱਤਰ ਸ੍ਰ: ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਪੰਜਾਬੀ ਭਾਸ਼ਾ ਦਾ ਵਿਸ਼ਵ ਦੀਆਂ ਉੱਨਤ ਤੇ ਆਧੁਨਿਕ ਭਾਸ਼ਾਵਾਂ ਵਜੋਂ ਅੱਗੇ ਆਉਣਾ ਹੁਣ ਕੋਈ ਸੁਪਨਾ ਨਹੀਂ ਬਲਕਿ ਹਕੀਕਤ ਬਣਦਾ ਨਜ਼ਰ ਆ ਰਿਹਾ ਹੈ ਇਸ ਲਈ ਸ਼੍ਰੋਮਣੀ ਕਮੇਟੀ ਭਰਪੂਰ ਸ਼ਲਾਘਾ ਦੀ ਪਾਤਰ ਹੈ। ਸ੍ਰ. ਬੇਦੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਪੰਜਾਬੀ ਭਾਸ਼ਾ ਦੇ ਵਰਤਮਾਨ  ਅਤੇ ਭਵਿੱਖ ਦੀ ਚਿੰਤਾ ਕਰਦਿਆਂ ਪਹਿਲੀ ਵਾਰ ਅੰਤਰ-ਰਾਸ਼ਟਰੀ ਪੱਧਰ ਤੇ ਵਿਸ਼ਵ ਪੰਜਾਬੀ ਭਾਸ਼ਾ ਸੰਮੇਲਨ ਦਾ ਆਯੋਜਨ ਕੀਤਾ ਹੈ।ਉਨ੍ਹਾਂ ਕਿਹਾ ਕਿ ਭਾਸ਼ਾ ਮਨੁੱਖ ਦੇ ਜੀਵਨ ਦਾ ਮਹੱਤਵਪੂਰਨ ਅੰਗ ਹੈ, ਜੋ ਉਸ ਦੀ ਨਿੱਜੀ ਅਤੇ ਸੱਭਿਆਚਾਰਕ ਵਿਰਾਸਤ ਨੂੰ ਅਗਾਂਹ ਤੋਰਦੀ ਹੈ।ਉਨ੍ਹਾਂ ਕਿਹਾ ਕਿ ਭਾਸ਼ਾ ਮਨੁੱਖ ਨੂੰ ਮਨੁੱਖ ਨਾਲ, ਆਪਣੇ ਸਮਾਜ ਨਾਲ ਅਤੇ ਪੂਰੀ ਮਨੁੱਖਤਾ ਨਾਲ ਜੋੜਨ ਦਾ ਪ੍ਰਭਾਵੀ ਅਤੇ ਗਤੀਸ਼ੀਲ ਮਾਧਿਅਮ ਹੈ।ਉਨ੍ਹਾਂ ਕਿਹਾ ਕਿ ਜਿਸ ਕੌਮ ਨੇ ਆਪਣੀ ਭਾਸ਼ਾ ਦਾ ਮਾਣ ਨਹੀਂ ਬਣਾਈ ਰੱਖਿਆ, ਉਸ ਦੀ ਹੋਂਦ ਤੇ ਸੰਕਟ ਬਣਿਆ ਰਿਹਾ ਹੈ।ਉਨ੍ਹਾਂ ਕਿਹਾ ਕਿ ਆਪਣੀ ਸਮਾਜਿਕ ਪਛਾਣ ਕਾਇਮ ਕਰਨ ਲਈ ਭਾਸ਼ਾ ਹੀ ਪਹਿਲਾ ਮੁੱਖ ਅਧਾਰ ਹੁੰਦਾ ਹੈ।ਉਨ੍ਹਾਂ ਕਿਹਾ ਕਿ ਅਜਿਹਾ ਕੰਮ ਕੁਝ ਲੋਕ ਜਾਂ ਕੋਈ ਇਕੱਲੀ ਸੰਸਥਾ ਨਹੀਂ ਕਰ ਸਕਦੀ ਬਲਕਿ ਸਮੂਹਿਕ ਕੌਮੀ ਭਾਵਨਾ ਬਨਣੀ ਚਾਹੀਦੀ ਹੈ। ਇਸੇ ਲਈ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਵੱਲੋਂ ਸਮੁੱਚੇ ਸੰਸਾਰ ਦੇ ਪੰਜਾਬੀ ਭਾਸ਼ਾ ਦੇ ਮਾਹਿਰਾਂ ਨੂੰ ਇਸ ਦਾ ਚਿੰਤਨ ਕਰਨ ਲਈ ਸੱਦਾ ਦਿੱਤਾ ਗਿਆ ਹੈ।
ਸ. ਬੇਦੀ ਨੇ ਕਿਹਾ ਕਿ ਵੱਖ-ਵੱਖ ਅਧਿਆਪਕਾਂ, ਗੁਰਦੁਆਰਾ ਸਾਹਿਬਾਨ ਦੇ ਮੈਨੇਜਰਾਂ ਆਦਿ ਦੀਆਂ ਡਿਊਟੀ ਵੰਡ ਕੀਤੀ ਗਈ ਹੈ।ਦੇਸ਼-ਵਿਦੇਸ਼ ਤੋਂ ਆਉਣ ਵਾਲੇ ਮਹਿਮਾਨਾ, ਵਿਦਵਾਨਾਂ ਦੀ ਆਓ ਭਾਗਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।ਸੰਮੇਲਨ ਦੇ ਸਮੁੱਚੇ ਪੰਜ ਸੈਸ਼ਨ ਹੋਣਗੇ।ਜਿਸ ਵਿਚ ਵੱਖ-ਵੱਖ ਵਿਦਵਾਨਾ ਵੱਲੋਂ ਭਾਸ਼ਾ ਦੀ ਉਨਤੀ ਤੇ ਮੌਜੂਦਾ ਦਿਸ਼ਾ-ਦਸ਼ਾ ਬਾਰੇ ਚਰਚਾ ਹੋਵੇਗੀ।ਪਾਕਿਸਤਾਨ ਤੋਂ ਵਿਸ਼ੇਸ਼ ਕਲਾਕਾਰ ਤੇ ਭਾਸ਼ਾ ਵਿਗਿਆਨੀ ਵੀ ਦੋ ਦਰਜਨ ਤੋਂ ਵੱਧ ਪੁੱਜ ਰਹੇ ਹਨ।ਉਨ੍ਹਾਂ ਕਿਹਾ ਕਿ ਸੰਮੇਲਨ ਦੀ ਸਮੁੱਚੀ ਰੂਪ ਰੇਖਾ ਡਾ: ਅਨੁਰਾਗ ਸਿੰਘ, ਡਾ: ਪਰਮਜੀਤ ਸਿੰਘ ਸਰੋਆ ਅਤੇ ਸ੍ਰ: ਬਲਵਿੰਦਰ ਸਿੰਘ ਜੌੜਾਸਿੰਘਾ ਵਧੀਕ ਸਕੱਤਰ ਦੇ ਜਿੰਮੇ ਹੈ, ਬਾਕੀ ਸਾਰੇ ਉਨ੍ਹਾਂ ਦੇ ਸਹਿਯੋਗੀ ਹੋ ਕੇ ਸੰਮੇਲਨ ਦੀ ਸਫ਼ਲਤਾ ਲਈ ਕੰਮ ਕਰਨਗੇ। ਉਨ੍ਹਾਂ ਦੱਸਿਆ ਕਿ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਇਲਾਵਾ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ, ਪਾਕਿਸਤਾਨ ਤੋਂ ਵੀ ਵਿਸ਼ੇਸ਼ ਵਿਦਵਾਨ ਇਸ ਸੰਮੇਲਨ ਵਿੱਚ ਭਾਗ ਲੈਣਗੇ।
ਅੱਜ ਦੀ ਇਕੱਤਰਤਾ ਵਿਚ ਸ਼ਾਮਲ ਸਖਸ਼ੀਅਤਾਂ ਦਾ ਧੰਨਵਾਦ ਕਰਦਿਆਂ ਡਾ. ਰੂਪ ਸਿੰਘ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਹਰੇਕ ਅਧਿਕਾਰੀ ਨੂੰ ਆਪਣੇ ਜਿੰਮੇ ਲੱਗੀ ਸੇਵਾ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣੀ ਚਾਹੀਦੀ ਹੈ।ਕਿਸੇ ਕਿਸਮ ਦੀ ਕੋਈ ਵੀ ਢਿੱਲ-ਮੱਠ ਨਹੀਂ ਹੋਣੀ ਚਾਹੀਦੀ ਤੇ ਆਉਣ ਵਾਲੇ ਹਰੇਕ ਮਹਿਮਾਨ ਦਾ ਪੂਰਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ।ਅਗਲੀ ਇਕੱਤਰਤਾ ਮਿਤੀ ੧੫ ਅਕਤੂਬਰ ਨੂੰ ਸਵੇਰੇ ੧੧ ਵਜੇ ਹੋਵੇਗੀ।