ਰਾਜਸਥਾਨ ‘ਚ ਸਿੱਖਾਂ ਦੀ ਕੁੱਟਮਾਰ ਕਰਨ ਵਾਲੇ ਅਨਸਰਾਂ ਖ਼ਿਲਾਫ਼ ਕਰਵਾਈ ਹੋਵੇ-ਪ੍ਰੋ. ਕਿਰਪਾਲ ਸਿੰਘ ਬਡੂੰਗਰ

ਅੰਮ੍ਰਿਤਸਰ, 26 ਮਈ ਬੀਬੀ ਮਨਜੀਤ ਕੌਰ ਭਾਓਵਾਲ ਰੋਪੜ ਜਿਨ੍ਹਾਂ ਵੱਲੋਂ ਅੱਜ ਪੰਜਾਬੀ ਦੇ ਅਖ਼ਬਾਰ ਵਿਚ ਖ਼ਬਰ ਪ੍ਰਕਾਸ਼ਿਤ ਕਰਵਾਈ ਹੈ ਕਿ ਖਾੜਕੂਵਾਦ ਸਮੇਂ ਦੌਰਾਨ ਪੁਲਿਸ ਵੱਲੋਂ ਉਨ੍ਹਾਂ ਦੇ ਦੋ ਪੁੱਤਰ ਗੁਰਦੀਪ ਸਿੰਘ ਉਰਫ਼ ਗੋਪੀ ਅਤੇ ਨਿਰਵੈਲ ਸਿੰਘ ਉਰਫ਼ ਨੰਦੂ ਨੂੰ ਸ਼ਹੀਦ ਕਰ ਦਿੱਤਾ ਗਿਆ ਹੈ ਤੇ ਹੁਣ ਉਨ੍ਹਾਂ ਦੀ ਜ਼ਮੀਨ ਜਾਇਦਾਦ ਹੜੱਪਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਇਸ ਸਮੁੱਚੇ ਕੇਸ ‘ਤੇ ਗੰਭੀਰਤਾ ਨਾਲ ਪੇਸ਼ ਆਉਂਦਿਆਂ ਅਤੇ ਆਪਣਾ ਫ਼ਰਜ਼ ਸਮਝਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵੱਲੋਂ ਇਸ ਪਰਿਵਾਰ ਦੀ ਸਹਾਇਤਾ ਵਾਸਤੇ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਇਸ ਕਮੇਟੀ ਵਿਚ ਹਲਕਾ ਮੈਂਬਰ ਸ਼੍ਰੋਮਣੀ ਕਮੇਟੀ ਸ. ਪਰਮਜੀਤ ਸਿੰਘ ਲੱਖੋਵਾਲ, ਮੈਂਬਰ ਸ਼੍ਰੋਮਣੀ ਕਮੇਟੀ ਬੀਬੀ ਪਰਮਜੀਤ ਕੌਰ ਲਾਂਡਰਾਂ ਅਤੇ ਇਸ ਕਮੇਟੀ ਦਾ ਕੋਆਰਡੀਨੇਟਰ ਸ. ਜਸਬੀਰ ਸਿੰਘ ਮੈਨੇਜਰ ਭੱਠਾ ਸਾਹਿਬ ਰੋਪੜ ਨੂੰ ਲਗਾਇਆ ਗਿਆ ਹੈ ਜੋ ਕਿ ਇਕ ਹਫ਼ਤੇ ਦੇ ਅੰਦਰ-ਅੰਦਰ ਰਿਪੋਰਟ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ ਸੋਂਪਣਗੇ।
ਇਸ ਮੌਕੇ ਇਕ ਹੋਰ ਕਮੇਟੀ ਦਾ ਗਠਨ ਕਰਦਿਆਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਰਾਜਸਥਾਨ ਦੇ ਜ਼ਿਲ੍ਹਾ ਅਜ਼ਮੇਰ ਦੀ ਪਿੰਡ ਚੈਨਪੁਰਾ ਵਿਖੇ ਚਾਰ ਸਿੱਖ ਸੇਵਾਦਾਰਾਂ ਦੀ ਉਥੇ ਦੇ ਸਥਾਨਕ ਲੋਕਾਂ ਵੱਲੋਂ ਕੀਤੀ ਗਈ ਕੁੱਟਮਾਰ ਦੀ ਸ਼ੋਸ਼ਲ ਮੀਡੀਆ ‘ਚ ਵਾਇਰਲ ਹੋਈ ਵੀਡੀਓ ਦਾ ਗੰਭੀਰ ਨੋਟਿਸ ਲੈਂਦਿਆ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾਂ ਰਾਜੇ ਸਿੰਧੀਆਂ ਨੂੰ ਅੱਜ ਪੱਤਰ ਲਿਖ ਕੇ ਜਿਥੇ ਸਿੱਖਾਂ ਦੀ ਕੁੱਟਮਾਰ ਕਰਨ ਵਾਲੇ ਲੋਕਾਂ ਦੇ ਖ਼ਿਲਾਫ਼ ਤੁਰੰਤ ਕਾਰਵਾਈ ਕਰਨ ਲਈ ਮੰਗ ਕੀਤੀ ਹੈ, ਉਥੇ  ਉਨ੍ਹਾਂ ਰਾਜਸਥਾਨ ‘ਚ ਘੱਟ ਗਿਣਤੀਆਂ ਲੋਕਾਂ ‘ਤੇ ਹੋ ਰਹੇ ਹਮਲੇ, ਅੱਤਿਆਚਾਰ ਨੂੰ ਰੋਕਣ ਲਈ ਅਪੀਲ ਕੀਤੀ। ਚਾਰ ਸਿੱਖਾਂ ਦੀ ਕੁੱਟਮਾਰ ਦੀ ਸਮੁੱਚੀ ਜਾਂਚ ਕਰਨ ਲਈ ਅੱਜ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵੱਲੋਂ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਜਿਨ੍ਹਾਂ ਵਿਚ ਸ. ਸੁਰਜੀਤ ਸਿੰਘ ਕੰਗ ਮੈਂਬਰ ਸ਼੍ਰੋਮਣੀ ਕਮੇਟੀ, ਸ. ਬਿਜੈ ਸਿੰਘ ਐਡੀ: ਸਕੱਤਰ ਅਤੇ ਸ. ਹਰਪ੍ਰੀਤ ਸਿੰਘ ਇੰਚਾਰਜ ਸਿੱਖ ਮਿਸ਼ਨ ਬੁੱਢਾ ਜੌਹਲ ਰਾਜਸਥਾਨ ਦੇ ਨਾਮ ਸ਼ਾਮਲ ਹਨ।ਜੋ ਇਸ ਸਬੰਧੀ ਜਲਦ ਮੁਕੰਮਲ ਪੜਤਾਲ ਕਰਕੇ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਸੌਂਪਣਗੇ।