ਅੰਡੇਮਾਨ-ਨਿਕੋਬਾਰ ਜੇਲ੍ਹ ਦੀ ਗਾਥਾ ਵਿਚ ਸਿੱਖਾਂ ਦਾ ਰੋਲ ਸ਼ਾਮਲ ਕਰਾਉਣ ਲਈ ਕਮੇਟੀ ਬਣਾਉਣ ਦਾ ਐਲਾਨ
ਸਿੱਖਾਂ ਦੇ ਰੋਲ ਨੂੰ ਅਣਗੌਲਿਆਂ ਕਰਨ ਦਾ ਮਾਮਲਾ ਕੇਂਦਰ ਸਰਕਾਰ ਤੋਂ ਹੱਲ ਕਰਵਾਇਆ ਜਾਵੇਗਾ: ਚੰਦੂਮਾਜਰਾ

ਚੰਡੀਗੜ੍ਹ, ੨੩ ਅਪ੍ਰੈਲ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਅੱਜ ਇਥੇ ਐਲਾਨ ਕੀਤਾ ਹੈ ਕਿ ਸਿੱਖਾਂ ਵਲੋਂ ਮੁਲਕ ਦੀ ਆਜ਼ਾਦੀ ਵਿਚ ਪਾਏ ਗਏ ਬੇਮਿਸਾਲ ਅਤੇ ਵਿਲੱਖਣ ਯੋਗਦਾਨ ਨੂੰ ਢੁੱਕਵੇਂ ਤਰੀਕੇ ਨਾਲ ਉਭਾਰਨ ਲਈ ਸ਼੍ਰੋਮਣੀ ਕਮੇਟੀ ਜੰਗ-ਏ-ਆਜ਼ਾਦੀ ਵਿਚ ਜੂਝਣ ਵਾਲੇ ਸਿੱਖ ਯੋਧਿਆਂ ਦੇ ਇਤਿਹਾਸ ਨੂੰ ਸੰਭਾਲਣ ਲਈ ਸੰਗ੍ਰਹਿ ਤਿਆਰ ਕਰੇਗੀ। ਉਹਨਾਂ ਕਿਹਾ ਕਿ ਮੁਲਕ ਵਿਚ ਆਪਣੀ ਨਿਗੂਣੀ ਗਿਣਤੀ ਦੇ ਬਾਵਜੂਦ ਸਭ ਤੋਂ ਵੱਧ ਫਾਂਸੀਆਂ ਪ੍ਰਾਪਤ ਕਰਨ ਵਾਲੇ ਤੇ ਕੈਦਾਂ ਭੋਗਣ ਵਾਲੇ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ।
ਸ਼੍ਰੋਮਣੀ ਕਮੇਟੀ ਵਲੋਂ ਇਥੇ ਪੰਜਾਬ ਕਲਾ ਭਵਨ ਦੇ ਰੰਧਾਵਾ ਆਡੀਟੋਰੀਅਮ ਵਿਚ ‘ਅੰਡੇਮਾਨ-ਨਿਕੋਬਾਰ ਸੈਲੂਲਰ ਜੇਲ੍ਹ ਦੇ ਸੰਦਰਭ ਵਿਚ ਸਿੱਖਾਂ ਦਾ ਆਜ਼ਾਦੀ ਸੰਗਰਾਮ ਵਿਚ ਯੋਗਦਾਨ’ ਵਿਸ਼ੇ ਉੱਤੇ ਕਰਵਾਏ ਗਏ ਸੈਮੀਨਾਰ ਵਿਚ ਬੋਲਦਿਆਂ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਮੁਲਕ ਦੀ ਆਜ਼ਾਦੀ ਲਈ ਸ਼ਹੀਦ ਹੋਣ ਅਤੇ ਉਮਰ ਕੈਦਾਂ ਭੋਗਣ ਵਾਲਿਆਂ ਵਿੱਚ ੮੦ ਫੀਸਦੀ ਤੋਂ ਜਿਆਦਾ ਗਿਣਤੀ ਪੰਜਾਬੀਆਂ ਤੇ ਖਾਸ ਕਰ ਕੇ ਸਿੱਖਾਂ ਦੀ ਸੀ। ਪਰ ਇਹ ਬੜੇ ਦੁੱਖ ਤੇ ਅਫ਼ਸੋਸ ਦੀ ਗੱਲ ਹੈ ਕਿ ਕਾਲੇ ਪਾਣੀਆਂ ਵਜੋਂ ਜਾਣੀ ਜਾਂਦੀ ਅੰਡੇਮਾਨ-ਨਿਕੋਬਾਰ ਸੈਲੂਲਰ ਜੇਲ੍ਹ ਦੀ ਗਾਥਾ ਵਿਚ ਸਿੱਖਾਂ ਅਤੇ ਪੰਜਾਬੀਆਂ ਦਾ ਜ਼ਿਕਰ ਤੱਕ ਵੀ ਨਹੀਂ ਹੈ। ਪ੍ਰੋ. ਬਡੂੰਗਰ ਨੇ ਐਲਾਨ ਕੀਤਾ ਕਿ ਅੰਡੇਮਾਨ-ਨਿਕੋਬਾਰ ਸੈਲੂਲਰ ਜੇਲ੍ਹ ਵਿਚ ਬਣਾਏ ਗਏ ਅਜਾਇਬ ਘਰ ਅਤੇ ਉਥੇ ਹਰ ਰੋਜ਼ ਵਿਖਾਏ ਜਾਂਦੇ ਲਾਈਟ ਐਂਡ ਸਾਊਂਡ ਪ੍ਰੋਗਰਾਮ ਵਿਚ ਸਿੱਖਾਂ ਦੇ ਰੋਲ ਨੂੰ ਢੁੱਕਵੀਂ ਥਾਂ ਦਵਾਉਣ ਲਈ ਇੱਕ ਕਮੇਟੀ ਬਣਾਈ ਜਾਵੇਗੀ ਜਿਹੜੀ ਸਾਰੇ ਪੱਖਾਂ ਦਾ ਅਧਿਐਨ ਕਰ ਕੇ ਆਪਣੀ ਤਜ਼ਵੀਜ ਤਿਆਰ ਕਰੇਗੀ। ਉਹਨਾਂ ਕਿਹਾ ਕਿ ਇਸ ਤਜਵੀਜ਼ ਨੂੰ ਲਾਗੂ ਕਰਾਉਣ ਲਈ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦੇ ਪਾਰਲੀਮੈਂਟ ਮੈਂਬਰਾਂ ਦਾ ਇੱਕ ਉੱਚ ਪੱਧਰੀ ਵਫ਼ਦ ਪ੍ਰਧਾਨ ਮੰਤਰੀ ਸਮੇਤ ਸਾਰੇ ਸਬੰਧਤ ਮੰਤਰੀਆਂ ਤੇ ਅਧਿਕਾਰੀਆਂ ਨੂੰ ਮਿਲੇਗਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਆਜ਼ਾਦੀ ਦੀ ਜੰਗ ਵਿਚ ਸਿੱਖਾਂ ਦੇ ਯੋਗਦਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰ ਨੂੰ ਜ਼ਾਬਰ ਕਹਿ ਕੇ ਮੁਗਲਾਂ ਦੀ ਗੁਲਾਮੀ ਵਿਰੁੱਧ ਸਭ ਤੋਂ ਪਹਿਲਾਂ ਆਵਾਜ਼ ਉਠਾਈ ਸੀ ਜਦੋਂ ਕਿ ਭਾਈ ਮਹਾਰਾਜ ਸਿੰਘ ਨੇ ਅੰਗਰੇਜ਼ਾਂ ਵਿਰੁੱਧ ਆਜ਼ਾਦੀ ਦੀ ਜੰਗ ਦਾ ਮੁੱਢ ਬੰਨ੍ਹਿਆ ਅਤੇ ਸਿੰਘਾਪੁਰ ਦੀ ਜੇਲ੍ਹ ਵਿਚ ਅਣਮਨੁੱਖੀ ਤਸੀਹੇ ਝੱਲਦਿਆਂ ਸ਼ਹੀਦੀ ਪ੍ਰਾਪਤ ਕੀਤੀ ਸੀ।
ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਇਸ ਮੌਕੇ ਉੱਤੇ ਬੋਲਦਿਆਂ ਕਿਹਾ ਕਿ ਸੈਲੂਲਰ ਜੇਲ੍ਹ ਦੀ ਗਾਥਾ ਵਿਚ ਪੰਜਾਬੀਆਂ ਤੇ ਖਾਸ ਕਰ ਕੇ ਸਿੱਖਾਂ ਦੇ ਰੋਲ ਨੂੰ ਅਣਗੌਲਿਆਂ ਕਰਨ ਦਾ ਮਾਮਲਾ ਉਹ ਮੁਲਕ ਦੇ ਪ੍ਰਧਾਨ ਮੰਤਰੀ ਅਤੇ ਸਬੰਧਤ ਮੰਤਰੀਆਂ ਤੇ ਅਧਿਕਾਰੀਆਂ ਨਾਲ ਮਿਲ ਕੇ ਹੱਲ ਕਰਾਉੁਣਗੇ। ਉਹਨਾਂ ਕਿਹਾ ਕਿ ਦੇਸ਼ ਦੀ ਆਜਾਦੀ ਦੇ ਇਤਿਹਾਸ ਨੂੰ ਮੁੜ ਤੋਂ ਲ਼ਿਖਣ ਦੀ ਲੋੜ ਹੈ ਕਿਉਂਕਿ ਇਸ ਵਿਚ ਪੰਜਾਬੀਆਂ ਤੇ ਖਾਸ ਕਰ ਕੇ ਸਿੱਖਾਂ ਦੀ ਲਾਮਿਸਾਲ ਭੂਮਿਕਾ ਨੂੰ ਅਣਗੌਲਿਆਂ ਕੀਤਾ ਗਿਆ ਹੈ।
ਸੈਲੂਲਰ ਜੇਲ੍ਹ ਦੇ ਆਈ.ਜੀ. ਰਹੇ ਅਤੇ ਉਸ ਜੇਲ੍ਹ ਦੇ ਹਾਲਾਤ ਉੱਤੇ ਕਿਤਾਬ ਲਿਖਣ ਵਾਲੇ ਜਸਟਿਸ (ਰਿਟਾ.) ਐਸ.ਐਨ. ਅਗਰਵਾਲ ਨੇ ਇਸ ਮੌਕੇ ਬੋਲਦਿਆਂ ਉਸ ਵੇਲੇ ਜੇਲ੍ਹ ਦੇ ਹਾਲਾਤ ਅਤੇ ਉਥੇ ਦੇਸ਼ ਭਗਤਾਂ ਉੱਤੇ ਕੀਤੇ ਜਾਂਦੇ ਤਸ਼ਦੱਦ ਦਾ ਵਿਸਥਾਰ ਵਿਚ ਜ਼ਿਕਰ ਕੀਤਾ। ਉਹਨਾਂ ਕਿਹਾ ਕਿ ਇਹਨਾਂ ਦੇਸ਼ ਭਗਤਾਂ, ਜਿਨ੍ਹਾਂ ਵਿਚ ਬਹੁਤ ਵੱਡੀ ਗਿਣਤੀ ਪੰਜਾਬੀਆਂ ਦੀ ਸੀ, ਦਾ ਸੈਲੂਲਰ ਜੇਲ੍ਹ ਅਤੇ ਇਸ ਦੀ ਹਰ ਰੋਜ਼ ਵਿਖਾਈ ਜਾਂਦੀ ਗਾਥਾ ਵਿਚ ਢੁਕਵਾਂ ਜ਼ਿਕਰ ਜਰੂਰੀ ਹੈ।
ਸੈਲਲੂਰ ਜੇਲ੍ਹ ਵਿਚ ਪੰਜਾਬੀਆਂ ਨੂੰ ਅੱਖੋਂ ਪਰੋਖੇ ਕਰਨ ਦਾ ਮਾਮਲਾ ਮੀਡੀਆ ਵਿਚ ਉਠਾਉਣ ਵਾਲੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਨੇ ਇਸ ਮੌਕੇ ਉੱਤੇ ਬੋਲਦਿਆਂ ਕਿਹਾ ਕਿ ਸਿੱਖਾਂ ਨੇ ਜਿੱਡਾ ਵੱਡਾ ਯੋਗਦਾਨ ਮੁਲਕ ਦੀ ਆਜ਼ਾਦੀ ਵਿਚ ਪਾਇਆ ਹੈ ਉਸ ਮੁਤਾਬਕ ਉਹਨਾਂ ਨੂੰ ਕੌਮੀ ਇਤਿਹਾਸ ਵਿਚ ਥਾਂ ਨਹੀਂ ਦਿੱਤੀ ਗਈ। ਉਹਨਾਂ ਸੁਝਾਅ ਦਿੱਤਾ ਕਿ ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਸਾਰੀਆਂ ਸਿੱਖ ਸੰਸਥਾਵਾਂ ਨੂੰ ਸੁਚੇਤ ਪੱਧਰ ਉੱਤੇ ਯਤਨ ਕਰਨੇ ਚਾਹੀਦੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਅਮਰਜੀਤ ਸਿਘ ਚਾਵਲਾ ਅਤੇ ਐਜੂਕੇਸ਼ਨ ਡਾਇਰੈਕਟਰ ਡਾ. ਧਰਮਿੰਦਰ ਸਿੰਘ ਉੱਭਾ ਨੇ ਵੀ ਆਪਣੇ ਵਿਚਾਰ ਰੱਖੇ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਜਨਰਲ ਸਕੱਤਰ ਸ. ਅਮਰਜੀਤ ਸਿੰਘ ਚਾਵਲਾ ਤੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਡਾ. ਦੀਵਾਨ ਸਿੰਘ ਕਾਲੇਪਾਣੀ ਦੀ ਨੂੰਹ ਡਾ. ਗੁਰਦਰਸ਼ਨ ਕੌਰ ਢਿਲੋਂ ਅਤੇ ਦੋਹਤੀ ਡਾ. ਪਾਰੂ ਕੌਰ ਸਿੱਧੂ ਨੂੰ ਸਨਮਾਮਤ ਕੀਤਾ।
ਸੈਮੀਨਾਰ ਵਿਚ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸ. ਅਮਰਜੀਤ ਸਿੰਘ ਚਾਵਲਾ, ਮੈਂਬਰਾਨ ਸ਼੍ਰੋਮਣੀ ਕਮੇਟੀ ਸ. ਚਰਨਜੀਤ ਸਿੰਘ ਕਾਲੇਵਾਲ, ਬੀਬੀ ਪਰਮਜੀਤ ਕੌਰ ਲਾਂਡਰਾਂ, ਸ. ਕਰਨੈਲ ਸਿੰਘ ਪੰਜੋਲੀ, ਸ. ਹਰਪਾਲ ਸਿੰਘ ਜੱਲਾ, ਬੀਬੀ ਹਰਜਿੰਦਰ ਕੌਰ, ਵਿਧਾਇਕ ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱ ਰ ਸ. ਹਰਚਰਨ ਸਿੰਘ, ਸਕੱਤਰ ਸ. ਅਵਤਾਰ ਸਿੰਘ ਸੈਂਪਲਾ, ਐਡੀ: ਸਕੱਤਰ ਡਾ. ਪਰਮਜੀਤ ਸਿੰਘ ਸਰੋਆ ਤੇ ਸ. ਹਰਭਜਨ ਸਿੰਘ ਮਨਾਵਾਂ, ਮੀਤ ਸਕੱਤਰ ਸ. ਸਿਮਰਜੀਤ ਸਿੰਘ ਕੰਗ, ਡਾਇਰੈਕਟਰ ਵਿਦਿਆ ਡਾ. ਧਰਮਿੰਦਰ ਸਿੰਘ ਉਭਾ, ਡਿਪਟੀ ਡਾਇਰੈਕਟਰ ਡਾ. ਵੰਦਨਾ ਨਰੂਲਾ, ਪ੍ਰਸਿੱਧ ਇਤਿਹਾਸਕਾਰ ਡਾ. ਕ੍ਰਿਪਾਲ ਸਿੰਘ, ਭਾਈ ਅਸ਼ੋਕ ਸਿੰਘ ਬਾਗੜੀਆਂ, ਗੁਲਜ਼ਾਰ ਸਿੰਘ ਸੰਧੂ, ਪ੍ਰਿੰ: ਡਾ. ਕਸ਼ਮੀਰ ਸਿੰਘ, ਡਾ. ਜਤਿੰਦਰ ਸਿੰਘ ਸਿੱਧੂ, ਡਾ. ਪਰਮਵੀਰ ਸਿੰਘ, ਡਾ. ਪ੍ਰਿਤਪਾਲ ਸਿੰਘ ਰਜਿਸਟਰਾਰ, ਸ. ਰਣਜੀਤ ਸਿੰਘ ਮੈਨੇਜਰ ਗੁਰਦੁਆਰਾ ਸ੍ਰੀ ਨਾਢਾ ਸਾਹਿਬ, ਸ. ਜਗੀਰ ਸਿੰਘ ਗੁਰਦੁਆਰਾ ਸ੍ਰੀ ਅੰਬ ਸਾਹਿਬ ਮੋਹਾਲੀ, ਸ. ਭਗਵੰਤ ਸਿੰਘ ਮੈਨੇਜਰ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਪਟਿਆਲਾ ਆਦਿ ਹਾਜ਼ਰ ਸਨ।