ਸਵ: ਗਿਆਨੀ ਤਰਲੋਚਨ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ‘ਚ ਲੱਗੇਗੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ‘ਹਰਿ ਕੀ ਪੌੜੀ’ ‘ਤੇ ਪਵੇਗੀ ਸੋਨੇ ਦੀ ਛੱਤ
ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ‘ਚ ਹੋਏ ਅਹਿਮ ਫੈਸਲੇ
25-08-2015ਸ੍ਰੀ ਅਨੰਦਪੁਰ ਸਾਹਿਬ ੨੫ ਅਗਸਤ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹੇਠ ਅੰਤ੍ਰਿੰਗ ਕਮੇਟੀ ਦੀ ਵਿਸ਼ੇਸ਼ ਇਕੱਤਰਤਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ (ਰੋਪੜ) ਦੇ ਇਕੱਤਰਤਾ ਹਾਲ ਵਿਖੇ ਹੋਈ, ਜਿਸ ਵਿੱਚ ਸੈਕਸ਼ਨ ੮੫, ੮੭, ਟਰੱਸਟ ਤੇ ਅਮਲਾ ਵਿਭਾਗ ਦੀਆਂ ਆਈਟਮਾਂ ‘ਤੇ ਵਿਚਾਰ ਚਰਚਾ ਕੀਤੀ ਗਈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਵਧੇ ਹੋਏ ਕੰਮਕਾਜ ਨੂੰ ਮੁੱਖ ਰੱਖਦਿਆਂ ਸਬ ਕਮੇਟੀ ਵੱਲੋਂ ਕੀਤੀ ਸਿਫਾਰਿਸ਼ ਦੇ ਆਧਾਰ ਤੇ ਅੰਤ੍ਰਿੰਗ ਕਮੇਟੀ ਵੱਲੋਂ ਸ. ਹਰਚਰਨ ਸਿੰਘ ਨੂੰ ੩ ਸਾਲ ਦੇ ਕੰਟਰੈਕਟ ਬੇਸ ਪੁਰ ਸ਼੍ਰੋਮਣੀ ਕਮੇਟੀ ਦਾ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਆਈ ਆਈ ਟੀ ਰੁੜਕੀ ਦੇ ਮਾਹਰਾਂ ਵੱਲੋਂ ਦਿੱਤੀ ਰਿਪੋਰਟ ਮੁਤਾਬਿਕ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਇਮਾਰਤ ਦਾ ਨਵੀਨੀਕਰਨ ਦਾ ਫੈਸਲਾ ਕੀਤਾ ਗਿਆ ਹੈ।ਇਸ ਤੋਂ ਪਹਿਲਾਂ ਸੇਮ ਡਿਜ਼ਾਇਨ ਪੁਰ ਹੀ ਆਰਜ਼ੀ ਬਿਲਡਿੰਗ ਤਿਆਰ ਕੀਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਤਖਤ ਸਾਹਿਬ ਦੀ ਸੇਵਾ ਕਰਵਾਉਣ ਦਾ ਜ਼ਿੰਮਾ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਵਾਲੇ ਬਾਬਾ ਮਹਿੰਦਰ ਸਿੰਘ ਨੂੰ ਸੌਂਪਿਆ ਗਿਆ ਹੈ।ਇਸ ਪੁਰ ਤਕਰੀਬਨ ੧੦੦ ਕਰੋੜ ਰੁਪਏ ਖਰਚਾ ਆਵੇਗਾ।ਉਨ੍ਹਾਂ ਅੱਗੇ ਦੱਸਿਆ ਕਿ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ  ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਹਰਿ ਕੀ ਪੌੜੀ ਜਿਥੇ ਸੰਗਤਾ ਚੂਲਾ ਲੈਂਦੀਆਂ ਹਨ ਉਸ ਪੁਰ ਸੋਨੇ ਦੀ ਛੱਤ ਪਾਉਣ ਲਈ ਸੇਵਾ ਕੀਤੀ ਮੰਗ ਦੇ ਆਧਾਰ ਤੇ ਮੁੰਬਈ ਨਿਵਾਸੀ ਬੀਬੀ ਮਨਿੰਦਰ ਕੌਰ ਨੂੰ ਸੌਂਪੀ ਗਈ ਹੈ।ਉਨ੍ਹਾਂ ਦੱਸਿਆ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਸਾਬਕਾ ਜਥੇਦਾਰ ਸਵ: ਗਿਆਨੀ ਤਰਲੋਚਨ ਸਿੰਘ ਵੱਲੋਂ ਪੰਥ ਪ੍ਰਤੀ ਨਿਭਾਈਆਂ ਵੱਡਮੁੱਲੀਆਂ ਸੇਵਾਵਾਂ ਬਦਲੇ ਸਦੀਵੀਂ ਯਾਦਗਾਰ ਵਜੋਂ ਉਨ੍ਹਾਂ ਦੀ ਤਸਵੀਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਕੇਂਦਰੀ ਸਿੱਖ ਅਜਾਇਬਘਰ ਵਿੱਚ ਲਗਾਏ ਜਾਣ ਦਾ ਫੈਸਲਾ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਸਾਹਮਣੇ ਸੜਕ ਦੇ ਦੂਸਰੇ ਪਾਸੇ ਤੋਂ ਸੰਗਤਾਂ ਦੇ ਗੁਰਦੁਆਰਾ ਸਾਹਿਬ ਵੱਲ ਆਉਣ ਜਾਣ ਵਾਸਤੇ ਅੰਡਰ ਗਰਾਊਂਡ ਸਬ-ਵੇਅ ਰੋਡ ਤਿਆਰ ਕਰਨ ਦਾ ਫੈਸਲਾ ਕੀਤਾ ਗਿਆ ਹੈ ਤੇ ਇਸ ਦੀ ਕਾਰ ਸੇਵਾ ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਪਾਸੋਂ ਕਰਵਾਈ ਜਾਵੇਗੀ।ਉਨ੍ਹਾਂ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਰੰਗ ਰੋਗਨ ਕਰਵਾਉਣ ਬਦਲੇ ਕੀਤੀ ਮੰਗ ਅਨੁਸਾਰ ੨ ਕਰੋੜ ਰੁਪਏ ਦੇਣ ਦਾ ਫੈਸਲਾ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਉਂਦੀ ਸੰਗਤ ਦੀ ਸਹੂਲਤ ਨੂੰ ਮੁੱਖ ਰੱਖਦਿਆਂ ੨ ਏ.ਸੀ. ਬੱਸਾਂ ਖਰੀਦ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ।
ਇਕੱਤਰਤਾ ‘ਚ ਲਏ ਗਏ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਅਫਗਾਨਿਸਤਾਨ ਦੇ ਸਿੱਖਾਂ ਲਈ ਸ੍ਰੀ ਅੰਮ੍ਰਿਤਸਰ ਅਤੇ ਲੁਧਿਆਣਾ ਵਿਖੇ ਮਕਾਨ ਬਣਾਉਣ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫੈਸਲਾ ਕੀਤਾ ਗਿਆ ਹੈ ਨਾਲ ਹੀ ਇਨ੍ਹਾਂ ਦੇ ਬੱਚਿਆਂ ਨੂੰ ਉੱਚ ਸਿੱਖਿਆ ਸ਼੍ਰੋਮਣੀ ਕਮੇਟੀ ਦੇ ਕਾਲਜਾਂ ਵਿੱਚ ਦਿੱਤੀ ਜਾਵੇਗੀ।ਇਸ ਲਈ ਕਨੇਡਾ ਦੀ ਸੰਗਤ ਪਾਸੋਂ ਵੀ ਸਹਿਯੋਗ ਲਿਆ ਜਾਵੇਗਾ।ਉਨ੍ਹਾਂ ਕਿਹਾ ਕਿ ਵਿਸ਼ਾਖਾਪਟਨਮ (ਆਂਧਰਾ ਪ੍ਰਦੇਸ਼) ਦੇ ਪਿੰਡ ਕੋਤਾਉਰੂ ਅੰਨਕਪਾਲੀ ਵਿਖੇ ਆਏ ਤੂਫਾਨ ਵਿੱਚ ੨੪ ਸਿਕਲੀਗਰ ਸਿੱਖ ਪਰਿਵਾਰਾਂ ਦੇ ਘਰ ਨੁਕਸਾਨੇ ਗਏ ਹਨ ਉਨ੍ਹਾਂ ਦੀ ਮੁਰੰਮਤ ਵਾਸਤੇ ਹਰੇਕ ਪਰਿਵਾਰ ਨੂੰ ਸ਼੍ਰੋਮਣੀ ਕਮੇਟੀ ਵੱਲੋਂ ੨੫-੨੫ ਹਜ਼ਾਰ ਰੁਪਏ ਸਹਾਇਤਾ ਦੇਣ ਦਾ ਫੈਸਲਾ ਕੀਤਾ ਗਿਆ ਹੈ।ਪਿਛਲੇ ਦਿਨੀਂ ਗੁਰਦੁਆਰਾ ਮਨੀਕਰਨ ਸਾਹਿਬ ਵਿਖੇ ਰਿਹਾਇਸ਼ੀ ਸਰਾਂ ਉਪਰ ਚਟਾਨ ਡਿੱਗਣ ਕਰਕੇ ਪਿੰਡ ਰੰਗਲਾ ਜ਼ਿਲ੍ਹਾ ਸੰਗਰੂਰ ਦੇ ਮ੍ਰਿਤਕ ਪਰਿਵਾਰਾਂ ਨੂੰ ੫੦-੫੦ ਹਜ਼ਾਰ ਤੇ ਜ਼ਖਮੀਆਂ ਨੂੰ ਇਲਾਜ ਲਈ ੨੫-੨੫ ਹਜ਼ਾਰ ਰੁਪਏ ਦੇਣ ਬਾਰੇ ਪ੍ਰਵਾਨਗੀ ਦਿੱਤੀ ਗਈ ਹੈ।ਉਨ੍ਹਾਂ ਦੱਸਿਆ ਕਿ ਜੋਧਪੁਰ ਜੇਲ੍ਹ ਦੇ ਨਜ਼ਰਬੰਦਾਂ ਵੱਲੋਂ ਮੁਆਵਜ਼ਾ ਲੈਣ ਸਬੰਧੀ ਅੰਮ੍ਰਿਤਸਰ ਅਦਾਲਤ ‘ਚ ਚਲਦੇ ੨੭ ਕੇਸਾਂ ਪੁਰ ਕੋਰਟ ਫੀਸ ਦੀ ਬਣਦੀ ਰਕਮ ੭ ਲੱਖ ੨੪ ਹਜ਼ਾਰ ੯ ਸੌ ਪੰਜਾਹ ਰੁਪਏ ਅਦਾ ਕਰਨ ਨੂੰ ਪ੍ਰਵਾਨਗੀ ਦਿੱਤੀ ਗਈ ਹੈ।ਇਸੇ ਤਰ੍ਹਾਂ ਸ. ਤਰਲੋਚਨ ਸਿੰਘ ਪਿੰਡ ਮਾਣਕਿਆਂ ਜ਼ਿਲ੍ਹਾ ਪੰਚਕੂਲਾ ਹਰਿਆਣਾ ਜਿਸ ਤੇ ਭਨਿਆਰੇ ਵਾਲੇ ਸਬੰਧੀ ਕੇਸ ਚੱਲ ਰਿਹਾ ਹੈ ਦੀ ਘਰੇਲੂ ਹਾਲਾਤ ਮਾੜੀ ਹੋਣ ਕਰਕੇ ਪਟਿਆਲਾ ਹਾਊਸ ਕੋਰਟ ਦਿੱਲੀ ਵਿਖੇ ਕੇਸ ਦੀ ਪੈਰਵਾਈ ਕਰ ਰਹੇ ਵਕੀਲ ਦੀ ੧ ਲੱਖ ੬੫ ਹਜ਼ਾਰ ਰੁਪਏ ਫੀਸ ਅਦਾ ਕਰਨ ਨੂੰ ਪ੍ਰਵਾਨਗੀ ਦਿੱਤੀ ਗਈ ਹੈ।ਬੀਬੀ ਆਸ਼ਾ ਰਾਣੀ ਜ਼ਿਲ੍ਹਾ ਸ੍ਰੀ ਫਤਹਿਗੜ੍ਹ ਸਾਹਿਬ ਦੀ ਪੁੱਤਰੀ ਬੇਟੀ ਵਰਮਾ ਨੂੰ ਤਲਵਾਰਬਾਜ਼ੀ ਦੇ ਮੁਕਾਬਲੇ ‘ਚ ਭਾਗ ਲੈਣ ਲਈ ਮਾਸਕੋ (ਰੂਸ) ਜਾਣ ਵਾਸਤੇ ਇਕ ਲੱਖ ਰੁਪਏ ਸਹਾਇਤਾ ਦਿੱਤੀ ਗਈ ਹੈ। ਪੰਜਾਬੀ ਭਾਸ਼ਾ ਦੇ ਦਿਨੋਂ-ਦਿਨ ਡਿਗ ਰਹੇ ਮਿਆਰ ‘ਤੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ‘ਪੰਜਾਬੀ ਭਾਸ਼ਾ ਸੰਮੇਲਨ’ ੨੩ ਤੇ ੨੪ ਅਕਤੂਬਰ ਨੂੰ ਕਰਵਾਇਆ ਜਾਵੇਗਾ ਜਿਸ ਸਬੰਧੀ ਹੋਣ ਵਾਲੇ ਖਰਚਿਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ।ਇਸੇ ਤਰ੍ਹਾਂ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਕਮੇਟੀ ਵੱਲੋਂ ਤਿਆਰ ਕਰਵਾਈ ਫਿਲਮ ‘ਸ਼ਮਸ਼ੇਰ ਖਾਲਸਾ’ ਅਤੇ ਖਰੀਦ ਕੀਤੀਆਂ ‘ਸਿੰਘ ਸੂਰਮੇ’ ਅਤੇ ‘ਚਾਰ ਸਾਹਿਬਜ਼ਾਦੇ’ਦੀਆਂ ਮਾਸਟਰ ਕਾਪੀਆਂ ਤੋਂ ੩੦੦੦-੩੦੦੦ ਹਜ਼ਾਰ ਦੀ ਗਿਣਤੀ ਵਿੱਚ ਡੀ.ਵੀ.ਡੀ. ਤਿਆਰ ਕਰਵਾਉਣ ਦਾ ਫੈਸਲਾ ਕੀਤਾ ਹੈ।ਉਨ੍ਹਾਂ ਦੱਸਿਆ ਕਿ ਡਾਕਟਰ ਰੂਪ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਵੱਲੋਂ ਲਿਖੀ ਪੁਸਤਕ ‘ਹੁਕਮਨਾਮੇ ਆਦੇਸ਼ ਸੰਦੇਸ਼’ ਦੀਆਂ ੩੦੦ ਕਾਪੀਆਂ ਸਿੰਘ ਬ੍ਰਦਰਜ਼ ਪਾਸੋਂ ੪੦ ਫੀਸਦੀ ਡਿਸਕਾਊਂਟ ਤੇ ਖਰੀਦ ਕਰਨ ਨੂੰ ਪ੍ਰਵਾਨਗੀ ਦਿੱਤੀ ਗਈ ਹੈ।ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੈਸਟ ਕੰਨਵਰਟਰ ਪਲਾਂਟ ਵੀ ਲਗਾਏਗੀ ਤਾਂ ਜੋ ਲੰਗਰ ਦੀਆਂ ਸਬਜ਼ੀਆਂ ਅਤੇ ਕੜਾਹ ਪ੍ਰਸ਼ਾਦਿ ਵਾਲੇ ਡੁੰਨੇ ਪਤਲਾਂ ਤੋਂ ਆਰਗੈਨਿਕ ਖਾਦ ਤਿਆਰ ਕਰਕੇ ਖੇਤੀਬਾੜੀ ਦੇ ਕੰਮ ਵਿੱਚ ਵਰਤੀ ਜਾ ਸਕੇ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਹਸਪਤਾਲ ਮਜੀਠਾ ਰੋਡ ਅੰਮ੍ਰਿਤਸਰ ਦੇ ਕੈਂਪਸ ਵਿੱਚ ਮਰੀਜ਼ਾਂ ਦੇ ਵਾਰਸ ਠਹਿਰਨ ਵਾਲੇ ਸ੍ਰੀ ਗੁਰੂ ਹਰਿਰਾਏ ਸਾਹਿਬ ਨਿਵਾਸ ਵਿੱਚ ਲੰਗਰ ਸ੍ਰੀ ਗੁਰੂ ਰਾਮਦਾਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਤੋਂ ਰੋਜ਼ਾਨਾ ਤਿਆਰ ਕਰਕੇ ਭੇਜਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਭਾਈ ਨਗਾਹੀਆ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਆਲਮਗੀਰ ਲੁਧਿਆਣਾ ਦੀ ਉਪਰੀ ਮੰਜ਼ਲ ਵਾਲੇ ਬਲਾਕ ਦਾ ਅਧੂਰਾ ਕੰਮ ਮੁਕੰਮਲ ਕਰਨ ਲਈ ਪ੍ਰਬੰਧਕਾਂ ਵੱਲੋਂ ਕੀਤੀ ਮੰਗ ਸਵੀਕਾਰਦਿਆਂ ਕਾਲਜ ਨੂੰ ੧ ਲੱਖ ਰੁਪਏ ਸਹਾਇਤਾ ਦੇਣ ਦਾ ਫੈਸਲਾ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਪਾਤਸ਼ਾਹੀ ੧੦ਵੀਂ ਹੇਰਾਂ ਲੁਧਿਆਣਾ ਵਿਖੇ ਦਰਬਾਰ ਸਾਹਿਬ ਦੀ ਨਵੀਂ ਇਮਾਰਤ ਬਣਾਉਣ ਦੀ ਸੇਵਾ ਬਾਬਾ ਨਰਿੰਦਰ ਸਿੰਘ, ਬਾਬਾ ਬਲਵਿੰਦਰ ਸਿੰਘ ਹਜ਼ੂਰ ਸਾਹਿਬ ਵਾਲੇ ਕਰਵਾ ਰਹੇ ਹਨ ਕੰਮ ਮੁਕੰਮਲ ਕਰਵਾਉਣ ਲਈ ਕਾਰ ਸੇਵਾ ਸਮੇਂ ਵਿੱਚ ੧ ਸਾਲ ਦਾ ਵਾਧਾ ਕੀਤਾ ਗਿਆ ਹੈ।ਇਸੇ ਤਰ੍ਹਾਂ ਗੁਰਦੁਆਰਾ ਗੋਬਿੰਦਗੜ੍ਹ ਸਾਹਿਬ ਪਾਤਸ਼ਾਹੀ ਛੇਵੀਂ ਅਤੇ ਦਸਵੀਂ ਰਾਣਵਾਂ (ਫਤਹਿਗੜ੍ਹ ਸਾਹਿਬ) ਵਿਖੇ ਗਰਾਊਂਡ ਫਲੋਰ ਅਤੇ ਪਹਿਲੀ ਮੰਜ਼ਿਲ ਦੇ ੫-੫ ਕਮਰੇ ਤਿਆਰੀ ਅਧੀਨ ਹੋਣ ਕਰਕੇ ਬਾਬਾ ਬਚਨ ਸਿੰਘ ਦਿੱਲੀ ਵਾਲਿਆਂ ਦੇ ਸੇਵਾ ਸਮੇਂ ਇਕ ਸਾਲ ਦਾ ਵਾਧਾ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ।ਇਨ੍ਹਾਂ ਵੱਲੋਂ ਹੀ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਨਾਲ ਅਟੈਚ ਗੁਰਦੁਆਰਾ ਸ੍ਰੀ ਕੰਘਾ ਸਾਹਿਬ ਦੁਲਚੀ ਮਾਜਰਾ ਵਿਖੇ ਕਾਰ ਸੇਵਾ ਕਰਵਾਈ ਜਾ ਰਹੀ ਹੈ।ਗੁਰਦੁਆਰਾ ਸਾਹਿਬ ਨੂੰ ਸੜਕ ਨਾਲ ਜੋੜਨ ਗਰਿਲਾਂ ਆਦਿ ਲੱਗਣ ਵਾਲੀਆਂ ਹੋਣ ਕਰਕੇ ਇਥੇ ਚੱਲਦੀ ਸੇਵਾ ਸਮੇਂ ਵਿੱਚ ਵੀ ਇਕ ਸਾਲ ਦਾ ਵਾਧਾ ਕੀਤਾ ਗਿਆ ਹੈ।ਉਨਾਂ ਦੱਸਿਆ ਕਿ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਕੀਰਤਪੁਰ ਸਾਹਿਬ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨਾਲ ਸਬੰਧਤ ਸ੍ਰੀ ਗੁਰੂ ਤੇਗ ਬਹਾਦਰ ਨਿਵਾਸ ਤੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਵਿਖੇ ਲੋੜ ਨੂੰ ਮੁੱਖ ਰੱਖਦਿਆਂ ਬਾਬਾ ਲਾਭ ਸਿੰਘ ਨੂੰ ਕਾਰ ਸੇਵਾ ਰਾਹੀਂ ਮਟੀਰੀਅਲ ਦੇ ਕੇ ਸੰਗਤਾਂ ਦੀ ਸਹੂਲਤ ਲਈ ੧.੫, ੧.੫੦ ਲੀਟਰ ਦੀਆਂ ਪਾਣੀ ਵਾਲੀਆਂ ਟੈਂਕੀਆਂ ਬਣਾਉਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ।ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਦਰਸ਼ਨਾਂ ਲਈ ਦੇਸ਼-ਵਿਦੇਸ਼ਾਂ ਤੋਂ ਰੋਜ਼ਾਨਾ ਹਜ਼ਾਰਾਂ ਸੰਗਤਾਂ ਆਉਂਦੀਆਂ ਹਨ ਉਨ੍ਹਾਂ ਦੇ ਸ਼ੁੱਧ ਪਾਣੀ ਪੀਣ ਵਾਸਤੇ ਪ੍ਰਕਰਮਾ ਵਿੱਚ ਲੱਗੀਆਂ ਚਾਰੇ ਛਬੀਲਾਂ ਪੁਰ ੫੦੦-੫੦੦ ਲੀਟਰ ਦੀ ਸਮਰਥਾ ਵਾਲੇ ਆਰ.ਓ. ਲਗਾਉਣ ਦਾ ਫੈਸਲਾ ਕੀਤਾ ਗਿਆ ਹੈ।
ਅੱਜ ਦੀ ਇਕੱਤਰਤਾ ਵਿੱਚ ਸ. ਰਘੂਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ, ਸ. ਸੁਖਦੇਵ ਸਿੰਘ ਭੌਰ ਜਨਰਲ ਸਕੱਤਰ, ਅੰਤ੍ਰਿੰਗ ਮੈਂਬਰਾਨ ਸ. ਰਜਿੰਦਰ ਸਿੰਘ ਮਹਿਤਾ, ਸ. ਨਿਰਮੈਲ ਸਿੰਘ ਜੌਲਾਂ ਕਲਾਂ, ਸ. ਕਰਨੈਲ ਸਿੰਘ ਪੰਜੋਲੀ, ਸ. ਗੁਰਬਚਨ ਸਿੰਘ ਕਰਮੂੰਵਾਲ, ਸ. ਰਾਮਪਾਲ ਸਿੰਘ ਬਹਿਣੀਵਾਲ, ਸ. ਮੰਗਲ ਸਿੰਘ, ਸ. ਭਜਨ ਸਿੰਘ ਸ਼ੇਰਗਿੱਲ, ਸ. ਮੋਹਣ ਸਿੰਘ ਤੇ ਸ. ਸੁਰਜੀਤ ਸਿੰਘ ਗੜ੍ਹੀ, ਡਾ. ਰੂਪ ਸਿੰਘ, ਸ. ਮਨਜੀਤ ਸਿੰਘ ਤੇ ਸ. ਅਵਤਾਰ ਸਿੰਘ ਸਕੱਤਰ, ਸ. ਹਰਭਜਨ ਸਿੰਘ ਮਨਾਵਾਂ, ਸ. ਬਲਵਿੰਦਰ ਸਿੰਘ ਜੌੜਾਸਿੰਘਾ, ਸ.ਰਣਜੀਤ ਸਿੰਘ, ਸ. ਮਹਿੰਦਰ ਸਿੰਘ ਆਹਲੀ ਤੇ ਸ. ਕੇਵਲ ਸਿੰਘ ਵਧੀਕ ਸਕੱਤਰ, ਸ. ਸਤਿੰਦਰ ਸਿੰਘ ਨਿੱਜੀ ਸਹਾਇਕ, ਸ. ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ, ਸ. ਸੁਖਬੀਰ ਸਿੰਘ, ਸ. ਪਰਮਦੀਪ ਸਿੰਘ ਤੇ ਸ.ਸੁਖਬੀਰ ਸਿੰਘ ਇੰਚਾਰਜ, ਸ. ਸੁਖਵਿੰਦਰ ਸਿੰਘ ਗਰੇਵਾਲ ਮੈਨੇਜਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ, ਸ. ਅਰਵਿੰਦਰ ਸਿੰਘ ਸਾਸਨ ਏ.ਪੀ.ਆਰ.ਓ. ਤੇ ਸ. ਮਨਪ੍ਰੀਤ ਸਿੰਘ ਐਕਸੀਅਨ ਆਦਿ ਮੌਜੂਦ ਸਨ।