ਸਕੂਲਾਂ ਦੇ ਪ੍ਰਿੰਸੀਪਲਾਂ ਤੇ ਧਾਰਮਿਕ ਅਧਿਆਪਕਾਂ ਨਾਲ ਭਾਈ ਲੌਂਗੋਵਾਲ ਨੇ ਕੀਤੀ ਇਕੱਤਰਤਾ
ਚੰਗੀ ਕਾਰਗੁਜ਼ਾਰੀ ਵਾਲੇ ਅਧਿਆਪਕ ਹੋਣਗੇ ਸਨਮਾਨਿਤ

ਅੰਮ੍ਰਿਤਸਰ, ੨੫ ਅਪ੍ਰੈਲ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੇ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਧਾਰਮਿਕ ਅਧਿਆਪਕਾਂ ਦੀ ਅੱਜ ਇਥੇ ਹੋਈ ਇਕੱਤਰਤਾ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਖ਼ਤ ਸ਼ਬਦਾਂ ਵਿਚ ਕਿਹਾ ਕਿ ਵਿਦਿਅਕ ਅਦਾਰਿਆਂ ਦੇ ਸਟਾਫ਼ ਦਾ ਗੁਰਸਿੱਖੀ ਜੀਵਨ ਵਿਚ ਪ੍ਰਪੱਕ ਹੋਣਾ ਲਾਜ਼ਮੀ ਹੈ ਅਤੇ ਇਸ ਵਿਚ ਕੁਤਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਪ੍ਰਿੰਸੀਪਲਾਂ ਨੂੰ ਸਪੱਸ਼ਟ ਕਿਹਾ ਕਿ ਉਹ ਵਿਦਿਆਰਥੀਆਂ ਅੰਦਰ ਸਿੱਖੀ ਜਜ਼ਬਾ ਪੈਦਾ ਕਰਨ ਲਈ ਕਾਰਗਰ ਯਤਨ ਕਰਨ। ਉਨ੍ਹਾਂ ਕਿਹਾ ਕਿ ਅਸੀਂ ਅਕਸਰ ਅਧਿਕਾਰਾਂ ਦੀ ਗੱਲ ਤਾਂ ਕਰਦੇ ਹਾਂ ਪਰ ਆਪਣੇ ਫ਼ਰਜ਼ਾਂ ਪ੍ਰਤੀ ਹਮੇਸ਼ਾ ਅਵੇਸਲੇ ਰਹਿੰਦੇ ਹਾਂ। ਬੇਹਤਰ ਪ੍ਰਾਪਤੀਆਂ ਕਰਨ ਲਈ ਅਧਿਕਾਰਾਂ ਦੇ ਨਾਲ-ਨਾਲ ਸਾਨੂੰ ਫ਼ਰਜ਼ਾਂ ਪ੍ਰਤੀ ਵੀ ਸਾਨੂੰ ਸੁਚੇਤ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਸਕੂਲ ਮੁਖੀ ਅਤੇ ਅਧਿਆਪਕ ਵਿਦਿਆਰਥੀਆਂ ਲਈ ਰੋਲ ਮਾਡਲ ਹੁੰਦੇ ਹਨ ਅਤੇ ਜੇਕਰ ਸਟਾਫ਼ ਮੈਂਬਰ ਹੀ ਸਿੱਖੀ ਤੋਂ ਦੂਰ ਹੋਣਗੇ ਤਾਂ ਇਸ ਦਾ ਵਿਦਿਆਰਥੀਆਂ ‘ਤੇ ਵੀ ਚੰਗਾ ਅਸਰ ਨਹੀਂ ਹੋਵੇਗਾ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਐਲਾਨ ਕੀਤਾ ਕਿ ਵਿਦਿਆਰਥੀਆਂ ਨੂੰ ਸਿੱਖ ਧਰਮ ਦੇ ਸਿਧਾਂਤਾਂ, ਇਤਿਹਾਸ ਅਤੇ ਗੁਰਮਤਿ ਰਹਿਣੀ ਨਾਲ ਜੋੜਨ ਦੇ ਨਾਲ-ਨਾਲ ਚੰਗਾ ਅਨੁਸ਼ਾਸਨ ਪੈਦਾ ਕਰਨ ਲਈ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੂੰ ਸਨਮਾਨਤ ਕੀਤਾ ਜਾਇਆ ਕਰੇਗਾ। ਇਸ ਤਹਿਤ ਹਰ ਸਾਲ ਖ਼ਾਲਸਾ ਸਾਜਣਾ ਦਿਵਸ ਸਮੇਂ ਤਿੰਨ ਅਧਿਆਪਕਾਂ ਨੂੰ ੫੧ ਹਜ਼ਾਰ, ੩੧ ਹਜ਼ਾਰ, ੨੧ ਹਜ਼ਾਰ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ।
ਇਕੱਤਰਤਾ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਨੌਜੁਆਨ ਸਾਡੀ ਕੌਮ ਦਾ ਭਵਿੱਖ ਹਨ ਅਤੇ ਇਨ੍ਹਾਂ ਨੂੰ ਗੁਰਸਿੱਖੀ ਨਾਲ ਜੋੜਨਾ ਸਾਡਾ ਸਾਂਝਾ ਫ਼ਰਜ਼ ਹੈ। ਉਨ੍ਹਾਂ ਸਕੂਲ ਮੁਖੀਆਂ ਨੂੰ ਕਿਹਾ ਕਿ ਜਿਸ ਵੀ ਅਦਾਰੇ ਵਿਚ ਗੁਰਦੁਆਰਾ ਸਾਹਿਬ ਸਥਾਪਤ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਹੈ ਉਥੇ ਮਰਯਾਦਾ ਦਾ ਖ਼ਾਸ ਖ਼ਿਆਲ ਰੱਖਿਆ ਜਾਵੇ ਅਤੇ ਸੇਵਾ-ਸੰਭਾਲ ਵਿਚ ਕਿਸੇ ਤਰ੍ਹਾਂ ਦੀ ਵੀ ਕੁਤਾਹੀ ਨਾ ਕੀਤੀ ਜਾਵੇ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਮਨਜੀਤ ਸਿੰਘ ਬਾਠ, ਸ. ਅਵਤਾਰ ਸਿੰਘ ਸੈਂਪਲਾ, ਵਧੀਕ ਸਕੱਤਰ ਸ. ਬਲਵਿੰਦਰ ਸਿੰਘ ਜੌੜਾਸਿੰਘਾ ਅਤੇ ਡਾਇਰੈਕਟਰ ਸਿੱਖਿਆ ਡਾਕਟਰ ਜਤਿੰਦਰ ਸਿੰਘ ਸਿੱਧੂ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਮੀਤ ਸਕੱਤਰ ਵਿਦਿਆ ਸ. ਹਰਜਿੰਦਰ ਸਿੰਘ ਕੈਰੋਵਾਲ, ਸਹਾਇਕ ਡਾਇਰੈਕਟਰ ਬੀਬੀ ਸਤਵੰਤ ਕੌਰ, ਪ੍ਰਿੰਸੀਪਲ ਤਰਨਜੀਤ ਸਿੰਘ, ਸ. ਦਰਸ਼ਨ ਸਿੰਘ ਨਿੱਜੀ ਸਹਾਇਕ ਪ੍ਰਧਾਨ ਸ਼੍ਰੋਮਣੀ ਕਮੇਟੀ ਸਮੇਤ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ ਅਤੇ ਧਾਰਮਿਕ ਅਧਿਆਪਕ ਹਾਜ਼ਰ ਸਨ।