1 copyਅੰਮ੍ਰਿਤਸਰ 29 ਅਕਤੂਬਰ (   )- ਅੰਮ੍ਰਿਤਸਰ ਸ਼ਹਿਰ ਦੇ ਬਾਨੀ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼-ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬੀਤੀ ਸ਼ਾਮ ੭ ਵਜੇ ਤੋਂ ਦੇਰ ਰਾਤ ੧ ਵਜੇ ਤੀਕ ਅਲੌਕਿਕ ਕੀਰਤਨ ਸਮਾਗਮ (ਰਾਗ ਦਰਬਾਰ) ਕਰਵਾਇਆ ਗਿਆ। ਜਿਸ ਵਿੱਚ ਸੈਂਟਰਲ ਖਾਲਸਾ ਯਤੀਮਖਾਨਾ ਦੇ ਇਲਾਵਾ, ਬੀਬੀ ਪ੍ਰਭਜੋਤ ਕੌਰ ਜੀ ਬਟਾਲਾ, ਭਾਈ ਅਵਤਾਰ ਸਿੰਘ ਜੀ ਹੁਸ਼ਿਆਰਪੁਰ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਰਾਇ ਸਿੰਘ ਜੀ, ਪਦਮ ਸ੍ਰੀ ਭਾਈ ਨਿਰਮਲ ਸਿੰਘ ਜੀ ਖਾਲਸਾ, ਭਾਈ ਸਰਬਜੀਤ ਸਿੰਘ ਜੀ, ਭਾਈ ਰਵਿੰਦਰ ਸਿੰਘ ਜੀ ਤੇ ਡਾਕਟਰ ਗੁਰਿੰਦਰ ਸਿੰਘ ਜੀ ਬਟਾਲਾ ਅਤੇ ਭਾਈ ਹਰਜੋਤ ਸਿੰਘ ਜੀ ਜਖਮੀ ਜਲੰਧਰ ਨੇ ਕਰਮਵਾਰ ਕਲਿਆਨ, ਮਲਾਰ, ਸੋਰਿਠ, ਕੇਦਾਰਾ, ਧਨਾਸਰੀ ਨਟ ਤੇ ਗਉੜੀ ਰਾਗੁ ਵਿੱਚ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਸ੍ਰ: ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਰਾਗੁ ਦਰਬਾਰ ਵਿੱਚ ਹਾਜ਼ਰੀਆਂ ਭਰ ਰਹੇ ਸਮੂਹ ਰਾਗੀ ਜਥਿਆਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓੇ ਦੇ ਕੇ ਸਨਮਾਨਿਤ ਕੀਤਾ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਨੇ ਸਟੇਜ ਸਕੱਤਰ ਦੀ ਸੇਵਾ ਨਿਭਾਉਣ ਦੇ ਨਾਲ-ਨਾਲ ਸੰਗਤਾਂ ਨੂੰ ਰਾਗਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਧਾਰਮਿਕ ਸਖ਼ਸੀਅਤਾਂ ‘ਚ ਸਿੰਘ ਸਾਹਿਬ ਗਿਆਨੀ ਸੁਖਜਿੰਦਰ ਸਿੰਘ, ਗਿਆਨੀ ਰਘਬੀਰ  ਸਿੰਘ, ਸਾਬਕਾ ਹੈਡ ਗ੍ਰੰਥੀ ਗਿਆਨੀ ਜਸਵਿੰਦਰ ਸਿੰਘ ਤੇ ਗਿਆਨੀ ਮੋਹਨ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਵੇਦਾਂਤੀ ਨੇ ਵੀ ਸਮਾਗਮ ਵਿੱਚ ਹਾਜ਼ਰੀਆਂ ਭਰੀਆਂ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈਡ ਗ੍ਰੰਥ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਕਿਹਾ ਕਿ ਇਸ ਗੁਰਮਤਿ ਸਮਾਗਮ ਵਿੱਚ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਸੰਗਤਾਂ ਦੇ ਦਰਸ਼ਨ ਕਰਨ ਲਈ ਹਾਜ਼ਰੀਆਂ ਭਰਨੀਆਂ ਸਨ ਪਰ ਉਹ ਕੁਝ ਜਰੂਰੀ ਪੰਥਕ ਰੁਝੇਵਿਆਂ ਕਾਰਣ ਹਾਜ਼ਰ ਨਹੀਂ ਹੋ ਸਕੇ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਐਡੀ: ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਲੁਧਿਆਣਾ ਨੇ ਕੀਰਤਨ ਦਰਬਾਰ ਸਮੇਂ ਸੰਗਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਚੌਥੇ ਪਾਤਿਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਨੇ ਸੇਵਾ, ਸਿਮਰਨ ਤੇ ਨਿਮਰਤਾ ਜਿਹੇ ਸਦਗੁਣਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਇਆ ਅਤੇ ਸੇਵਕ ਤੋਂ ਗੁਰੂ ਪਦਵੀ ਤੱਕ ਦਾ ਸਫ਼ਰ ਤਹਿ ਕੀਤਾ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਵੱਲੋਂ ਉਚਾਰਨ ਕੀਤੀ ਬਾਣੀ ਮਨੁੱਖੀ ਜੀਵਨ ਦਾ ਰਹੱਸ ਖੋਲ੍ਹਦੀ ਹੋਈ ਮਨੁੱਖ ਨੂੰ ਅਧਿਆਤਮਿਕ ਮਾਰਗ ‘ਤੇ ਚੱਲਣ ਦੀ ਪ੍ਰੇਰਨਾ ਦਿੰਦੀ ਹੈ।ਉਨ੍ਹਾਂ ਕਿਹਾ ਕਿ ਗੁਰੂ ਜੀ ਦੀ ਪਾਵਨ ਬਾਣੀ ਦੇ ਉਪਦੇਸ਼ ‘ਤੇ ਪਹਿਰਾ ਦੇ ਕੇ ਅਸੀਂ ਜਿਥੇ ਆਪਣੇ ਜੀਵਨ ਨੁੰ ਸਹਿਜ ਭਰਪੂਰ ਅਤੇ ਸੁਖਾਵਾਂ ਬਣਾ ਸਕਦੇ ਹਾਂ, ਉਥੇ ਅਧਿਆਤਮਿਕ ਖੇਤਰ ਵਿੱਚ ਵੀ ਪ੍ਰਵੀਨਤਾ ਹਾਸਲ ਕਰ ਸਕਦੇ ਹਾਂ।ਉਨ੍ਹਾਂ ਕਿਹਾ ਕਿ ਸਾਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ ਜੀਵਨ ਵਿੱਚੋਂ ਸੇਵਾ-ਭਾਵਨਾ ਦੇ ਗੁਣ ਨੂੰ ਅਪਨਾਉਣਾ ਚਾਹੀਦਾ ਹੈ ਅਤੇ ਇਸ ਦੀ ਰੌਸ਼ਨੀ ਵਿੱਚ ਗੁਰੁ ਘਰ ਅਤੇ ਮਨੁੱਖਤਾ ਦੀ ਸੇਵਾ ਲਈ ਹਮੇਸ਼ਾ ਤੱਤਪਰ ਰਹਿਣਾ ਚਾਹੀਦਾ ਹੈ। ਸਿੰਘ ਸਾਹਿਬ ਗਿਆਨੀ ਮਾਨ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕਰਦੇ ਹੋਏ ਰਾਗੁ ਦੀ ਮਹੱਤਤਾ ਦੇ ਚਾਨਣਾ ਪਾਉਂਦਿਆਂ ਕਿਹਾ ਕਿ ਸਤਿਗੁਰੂ ਪਾਤਸ਼ਾਹ ਨੇ ਰਾਗੁ ਨੂੰ ਸਿੰਘਾਸਣ ਮੰਨ ਕੇ ਉਸ ਵਿੱਚ ਗੁਰਬਾਣੀ ਦੇ ਸ਼ਬਦ ਨੂੰ ਬਿਠਾਇਆ ਹੈ। ਉਨ੍ਹਾਂ ਕਿਹਾ ਕਿ ਜੇ ਰਾਗੁ ਵਿੱਚ ਅਸ਼ਲੀਲ ਗੀਤ ਚੱਲੇ ਤਾਂ ਜਹਿਰ ਤੇ ਜੇ ਜਦੋਂ ਇਸ ਨੂੰ ਸੇਜ ਮੰਨ ਕੇ ਸ਼ਬਦ ਨੂੰ ਬਿਠਾਇਆ ਜਾਵੇ ਤਾਂ ਉਸ ਦਾ ਕੋਈ ਮੁੱਲ ਨਹੀਂ। ਉਨ੍ਹਾਂ ਕਿਹਾ ਕਿ ਜਿਸ ਰਾਗੁ ਵਿੱਚ ਪ੍ਰਭੂ ਦੇ ਪਿਆਰ ਵਿੱਚ ਜੁੜਕੇ ਗੁਰਬਾਣੀ ਜੱਸ ਗਾਇਆ ਜਾਵੇ ਉਹ ਸ੍ਰੀ ਰਾਗੁ ਬਣ ਜਾਂਦਾ ਹੈ। ਉਨ੍ਹਾਂ ਕਿਹਾ ਕਿ ਭਾਈ ਮਰਦਾਨਾ ਜੀ ਨੂੰ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰਾਗੁ ਨੂੰ ਸ਼ਬਦ ਵਿੱਚ ਗਾਉਣ ਦਾ ਉਪਦੇਸ਼ ਦਿੱਤਾ ਸੀ। ਉਨ੍ਹਾਂ ਕਿਹਾ ਕਿ ਕੀਰਤਨ ਉਹ ਹੈ ਜੋ ਪ੍ਰਮੇਸ਼ਰ ਦੀ ਕੀਰਤੀ ਵਿੱਚ ਜੋੜਦਾ ਹੈ ਤੇ ਸਰੋਤਾ ਉਹ ਉੱਤਮ ਹੈ ਜੋ ਸ਼ਬਦ ਨਾਲ ਜੁੜਦਾ ਹੈ।
ਇਸ ਮੌਕੇ ਸ੍ਰ: ਮੰਗਲ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ, ਸ੍ਰ: ਹਰਚਰਨ ਸਿੰਘ ਚੀਫ਼ ਸਕੱਤਰ, ਸ੍ਰ: ਹਰਪ੍ਰੀਤ ਸਿੰਘ, ਸ੍ਰ: ਸੁਖਰਾਜ ਸਿੰਘ ਤੇ ਸ੍ਰ: ਜਤਿੰਦਰ ਸਿੰਘ ਵਧੀਕ ਮੈਨੇਜਰ, ਸ੍ਰ: ਇੰਦਰ ਮੋਹਣ ਸਿੰਘ ‘ਅਨਜਾਣ’ ਇੰਚਾਰਜ ਗੁਰਦੁਆਰਾ ਗਜਟ, ਸ੍ਰ: ਪਰਮਜੀਤ ਸਿੰਘ ਤੇ ਸ੍ਰ: ਦਰਸ਼ਨ ਸਿੰਘ ਮੀਤ ਮੈਨੇਜਰ,  ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸਮੁੱਚਾ ਸਟਾਫ਼ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਸਨ।