ਬਾਬਾ ਖੜਕ ਸਿੰਘ ਨੇ ਪੰਥ ਦੀ ਚੜ੍ਹਦੀ ਕਲਾ ਲਈ ਮੋਹਰੀ ਰੋਲ ਅਦਾ ਕੀਤਾ-ਗਿਆਨੀ ਗੁਰਬਚਨ ਸਿੰਘ

ਅੰਮ੍ਰਿਤਸਰ, ੭ ਜੂਨ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਸ੍ਰੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼੍ਰੋਮਣੀ ਕਮੇਟੀ ਦੇ ਦੂਸਰੇ ਪ੍ਰਧਾਨ, ਪੰਥ ਦੇ ਬੇਤਾਜ ਬਾਦਸ਼ਾਹ ਬਾਬਾ ਖੜਕ ਸਿੰਘ ਦੇ ੧੫੦ਵੇਂ ਜਨਮ ਦਿਹਾੜੇ ਨੂੰ ਸਮਰਪਿਤ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦੇ ਮੋਹਰੀ ਆਗੂ ਬਾਬਾ ਖੜਕ ਸਿੰਘ ਦਾ ਜੀਵਨ ਗੁਰਮਤਿ ਰਹਿਣੀ ਵਿਚ ਪ੍ਰਪੱਕ ਸੀ ਜਿਸ ਵਿਚ ਹਿੰਮਤ, ਅਣਖ, ਦਲ੍ਹੇਰੀ ਅਤੇ ਦਿੜ੍ਹਤਾ ਜਿਹੇ ਗੁਣ ਮੌਜੂਦ ਸਨ। ਉਨ੍ਹਾਂ ਕਿਹਾ ਕਿ ਬਾਬਾ ਖੜਕ ਸਿੰਘ ਨੇ ਪੰਥ ਦੀ ਚੜ੍ਹਦੀ ਕਲਾ ਲਈ ਮੋਹਰੀ ਰੋਲ ਅਦਾ ਕਰਕੇ ਅਗਲੀਆਂ ਪੀੜ੍ਹੀਆਂ ਲਈ ਪੂਰਨੇ ਪਾਏ, ਜਿਸ ‘ਤੇ ਚੱਲ ਕੇ ਪੰਥਕ ਸੇਵਾ ਕਰਨੀ ਸਾਡਾ ਸਭ ਦਾ ਫ਼ਰਜ਼ ਹੈ।ਉਨ੍ਹਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਬਾਬਾ ਖੜਕ ਸਿੰਘ ਦੇ ੧੫੦ਵੇਂ ਜਨਮ ਦਿਹਾੜੇ ਮੌਕੇ ਵਿਸ਼ੇਸ਼ ਸਮਾਗਮ ਕਰਵਾਉਣ ‘ਤੇ ਸ਼ਲਾਘਾ ਕਰਨ ਦੇ ਨਾਲ-ਨਾਲ ਸੰਗਤਾਂ ਨੂੰ ਬਾਣੀ ਅਤੇ ਬਾਣੇ ਨਾਲ ਜੁੜਨ ਦੀ ਅਪੀਲ ਵੀ ਕੀਤੀ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਾਬਾ ਖੜਕ ਸਿੰਘ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦੇ ਰੂਹੇ-ਰਵਾਂ ਸਨ ਅਤੇ ਉਨ੍ਹਾਂ ਦਾ ੧੫੦ਵਾਂ ਜਨਮ ਦਿਹਾੜਾ ਮਨਾਉਣ ਦਾ ਮਕਸਦ ਉਨ੍ਹਾਂ ਦੇ ਜੀਵਨ ਅਤੇ ਘਾਲਣਾ ਨੂੰ ਅਜੋਕੀ ਪੀੜ੍ਹੀ ਤੱਕ ਪਹੁੰਚਾਉਣਾ ਹੈ। ਡਾ. ਰੂਪ ਸਿੰਘ ਨੇ ਬਾਬਾ ਖੜਕ ਸਿੰਘ ਦੇ ਜੀਵਨ ਸਬੰਧੀ ਚਾਨਣਾ ਪਾਉਂਦਿਆਂ ਕਿਹਾ ਕਿ ਉਨ੍ਹਾਂ ਪੰਥ ਦੀ ਚੜ੍ਹਦੀ ਕਲਾ ਲਈ ੧੫ ਵਾਰ ਜ਼ੇਲ੍ਹ ਯਾਤਰਾ ਕੀਤੀ। ਉਨ੍ਹਾਂ ਕਿਹਾ ਕਿ ਜ਼ੇਲ੍ਹ ਅੰਦਰ ਬਾਬਾ ਖੜਕ ਸਿੰਘ ਨੇ ਦਸਤਾਰ ਦੀ ਆਨ-ਸ਼ਾਨ ਲਈ ਮੋਰਚਾ ਖੋਲ੍ਹਿਆ ਜਿਸ ਵਿੱਚੋਂ ਉਹ ਜੇਤੂ ਹੋ ਕੇ ਨਿਕਲੇ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੇ ਤੋਸ਼ੇਖਾਨੇ ਦੀਆਂ ਚਾਬੀਆਂ ਦਾ ਮੋਰਚਾ ਵੀ ਬਾਬਾ ਖੜਕ ਸਿੰਘ ਦੀ ਅਗਵਾਈ ਵਿਚ ਜਿੱਤਿਆ ਗਿਆ ਅਤੇ ਸਰਕਾਰ ਨੇ ਪੰਥਕ ਸ਼ਕਤੀ ਅੱਗੇ ਝੁਕਦਿਆਂ ਸੰਗਤ ਦੀ ਹਾਜ਼ਰੀ ‘ਚ ਚਾਬੀਆਂ ਬਾਬਾ ਖੜਕ ਸਿੰਘ ਨੂੰ ਦਿੱਤੀਆਂ। ਇਸ ਜਿੱਤ ‘ਤੇ ਮਹਾਤਮਾ ਗਾਂਧੀ ਨੇ ਵੀ ਵਧਾਈ ਦਿੱਤੀ ਤੇ ਕਿਹਾ ਕਿ ਅਜ਼ਾਦੀ ਦੀ ਪਹਿਲੀ ਲੜਾਈ ਜਿੱਤ ਲਈ ਗਈ ਹੈ। ਡਾ. ਰੂਪ ਸਿੰਘ ਨੇ ਬਾਬਾ ਖੜਕ ਸਿੰਘ ਦੇ ਜੀਵਨ ਦਾ ਇਕ ਹੋਰ ਪੱਖ ਬਿਆਨ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਸਮੇਂ ਦੁਨਿਆਵੀਂ ਅਦਾਲਤ ਅੱਗੇ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਉਨ੍ਹਾਂ ਦਾ ਜਵਾਬ ਸੀ ਕਿ ਸਿੱਖ ਪੰਥ ਦੇ ਪ੍ਰਧਾਨ ਹੁੰਦਿਆਂ ਉਹ ਕਿਸੇ ਸਰਕਾਰ ਦੇ ਮੁਲਾਜ਼ਮ ਅੱਗੇ ਪੇਸ਼ ਨਹੀਂ ਹੋਣਗੇ। ਡਾ. ਰੂਪ ਸਿੰਘ ਨੇ ਅਜੋਕੀ ਨੌਜੁਆਨੀ ਨੂੰ ਅਜਿਹੇ ਕੌਮੀ ਆਗੂ ਦੇ ਜੀਵਨ ਤੋਂ ਪ੍ਰੇਰਣਾ ਲੈਣ ਦੀ ਅਪੀਲ ਕੀਤੀ।
ਇਸ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਕੌਮ ਦੇ ਪ੍ਰਸਿੱਧ ਰਾਗੀ, ਢਾਡੀ ਅਤੇ ਪ੍ਰਚਾਰਕਾਂ ਨੇ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਨਾਲ ਸੰਗਤ ਨੂੰ ਜੋੜਿਆ। ਇਸ ਮੌਕੇ ਨਿੱਜੀ ਸਕੱਤਰ ਸ. ਜਗਜੀਤ ਸਿੰਘ ਜੱਗੀ, ਵਧੀਕ ਸਕੱਤਰ ਸ. ਬਲਵਿੰਦਰ ਸਿੰਘ ਜੌੜਾਸਿੰਘਾ, ਸ. ਸੁਖਦੇਵ ਸਿੰਘ ਭੂਰਾਕੋਹਨਾ, ਸ. ਮਹਿੰਦਰ ਸਿੰਘ ਆਹਲੀ, ਸ. ਬਿਜੈ ਸਿੰਘ, ਸ. ਪ੍ਰਤਾਪ ਸਿੰਘ, ਮੀਤ ਸਕੱਤਰ ਸ. ਸਕੱਤਰ ਸਿੰਘ, ਸ. ਗੁਰਮੀਤ ਸਿੰਘ ਬੁੱਟਰ, ਸ. ਗੁਰਬਚਨ ਸਿੰਘ ਲੇਹਲ, ਭਾਈ ਹਰਮਿੱਤਰ ਸਿੰਘ ਕਥਾਵਾਚਕ, ਸ. ਸਤਨਾਮ ਸਿੰਘ ਸੁਪ੍ਰਿੰਟੈਂਡੈਂਟ, ਸ. ਮਲਕੀਤ ਸਿੰਘ ਸਹਾਇਕ ਸੁਪ੍ਰਿੰਟੈਂਡੈਂਟ, ਸ. ਗੁਰਨਾਮ ਸਿੰਘ, ਸ. ਗੁਰਮੀਤ ਸਿੰਘ, ਸ. ਮਨਜੀਤ ਸਿੰਘ, ਭਾਈ ਜਗਦੇਵ ਸਿੰਘ, ਭਾਈ ਸਰਬਜੀਤ ਸਿੰਘ ਢੋਟੀਆਂ, ਭਾਈ ਸੁਰਜੀਤ ਸਿੰਘ ਸਭਰਾ ਸਮੇਤ ਸੰਗਤਾਂ ਹਾਜ਼ਰ ਸਨ।