ਅੰਮ੍ਰਿਤਸਰ, 20 ਅਪ੍ਰੈਲ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਕਾਲੇ ਪਾਣੀਆਂ ਵਜੋਂ ਜਾਣੀ ਜਾਂਦੀ ਅੰਡੇਮਾਨ-ਨਿਕੋਬਾਰ ਦੀ ਸੈਲੂਲਰ ਜੇਲ• ਦੇ ਸੰਦਰਭ ਵਿਚ ਸਿੱਖਾਂ ਵਲੋਂ ਮੁਲਕ ਦੇ ਆਜ਼ਾਦੀ ਸੰਗਰਾਮ ਵਿਚ ਪਾਏ ਗਏ ਯੋਗਦਾਨ ਦੇ ਵਿਸ਼ੇ ਉੱਤੇ 23 ਅਪ੍ਰੈਲ ਨੂੰ ਇਥੇ ਪੰਜਾਬ ਕਲਾ ਭਵਨ ਦੇ ਰੰਧਾਵਾ ਆਡੀਟੋਰੀਅਮ ਵਿਚ ਸਵੇਰੇ 10.30 ਵਜੇ ਇੱਕ ਰਾਸ਼ਟਰੀ ਸੈਮੀਨਾਰ ਕਰਵਾਇਆ ਜਾ ਰਿਹਾ ਹੈ।
ਸ਼੍ਰੋਮਣੀ ਕਮੇਟੀ ਦੇ ਐਜੂਕੇਸ਼ਨ ਡਾਇਰੈਕਟਰ ਡਾ. ਧਰਮਿੰਦਰ ਸਿੰਘ ਉੱਭਾ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਇਸ ਮੌਕੇ ਮੁੱਖ ਮਹਿਮਾਨ ਹੋਣਗੇ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਸੈਮੀਨਾਰ ਦੀ ਪਰਧਾਨਗੀ ਕਰਨਗੇ ਸੈਲੂਲਰ ਜੇਲ• ਦੇ ਅਜਾਇਬ ਘਰ ਵਿਚ ਸਿੱਖਾਂ ਦਾ ਢੁੱਕਵਾਂ ਜ਼ਿਕਰ ਨਾ ਹੋਣ ਦਾ ਮੁੱਦਾ ਮੀਡੀਏ ਵਿਚ ਆਉਣ ਤੋਂ ਬਾਅਦ ਪ੍ਰੋ. ਚੰਦੂਮਾਜਰਾ ਨੇ ਇਹ ਮਾਮਲਾ ਲੋਕ ਸਭਾ ਵਿਚ ਉਠਾਇਆ ਸੀ।ਇਸੇ ਦੇ ਮੱਦੇਨਜ਼ਰ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵੱਲੋਂ ਤੁਰੰਤ ਇਹ ਫੈਸਲਾ ਲਿਆ ਕਿ ਬੁੱਧੀਜੀਵੀਆਂ ਦਾ ਇਕ ਵਿਸ਼ੇਸ਼ ਸੈਮੀਨਾਰ ਕਰਕੇ ਇਸ ਸਬੰਧੀ ਚੇਤੰਨਤਾ ਪੈਦਾ ਕੀਤੀ ਜਾਵੇ ਅਤੇ ਇਸ ਸੈਮੀਨਾਰ ਦੇ ਨਤੀਜੇ ਕੇਂਦਰ ਸਰਕਾਰ ਨੂੰ ਭੇਜੇ ਜਾਣ ਤਾਂ ਜੋ ਕਿਸੇ ਵੀ ਤਰੀਕੇ ਨਾਲ ਸਿੱਖਾਂ ਦੇ ਯੋਗਦਾਨ ਨੂੰ ਅਣਗੋਲਿਆ ਕਰਕੇ ਨਾ ਦੇਖਿਆ ਜਾਵੇ।
ਡਾ. ਉੱਭਾ ਨੇ ਦਸਿਆ ਕਿ ਇਸ ਸੈਮੀਨਾਰ ਦੇ ਪ੍ਰਮੁੱਖ ਬੁਲਾਰੇ ਜਸਟਿਸ (ਸੇਵਾ ਮੁਕਤ) ਐਸ.ਐਨ. ਅਗਰਵਾਲ ਅਤੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਹੋਣਗੇ।ਉਹਨਾਂ ਕਿਹਾ ਕਿ ਜਸਟਿਸ ਅੱਗਰਵਾਲ ਨੇ ਸੈਲੁਲਰ ਜੇਲ• ਦੇ ਨਾਇਕਾਂ ਸਬੰਧੀ ਇੱਕ ਕਿਤਾਬ ਲਿਖੀ ਹੋਈ ਹੈ ਅਤੇ ਪੱਤਰਕਾਰ ਜਗਤਾਰ ਸਿੰਘ ਨੇ ਪਿੱਛੇ ਜਿਹੇ ਆਪਣੀ ਅੰਡੇਮਾਨ-ਨਿਕੋਬਾਰ ਦੀ ਯਾਤਰਾ ਤੋਂ ਬਾਅਦ ਉਥੇ ਹਰ ਰੋਜ਼ ਵਿਖਾਏ ਜਾਂਦੇ ਲਾਈਟ ਐਂਡ ਸਾਊਂਡ ਪ੍ਰੋਗਰਾਮ ਵਿਚ ਸਿੱਖ ਆਜ਼ਾਦੀ ਸੰਗਰਾਮੀਆਂ ਦਾ ਜ਼ਿਕਰ ਨਾ ਹੋਣ ਦਾ ਮੁੱਦਾ ਮੀਡੀਆ ਰਾਹੀਂ ਉਠਾਇਆ ਸੀ।
ਡਾ. ਉੱਭਾ ਨੇ ਦਸਿਆ ਕਿ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੇ ਫੈਸਲੇ ਅਨੁਸਾਰ ਇਸ ਮੌਕੇ ਪ੍ਰਸਿੱਧ ਲਿਖਾਰੀ ਤੇ ਇਤਿਹਾਸਕਾਰ ਮਲਵਿੰਦਰਜੀਤ ਸਿੰਘ ਵੜੈਚ ਅਤੇ ਡਾ. ਦੀਵਾਨ ਸਿੰਘ ਕਾਲੇਪਾਣੀ ਦੇ ਪਰਿਵਾਰ ਨੂੰ ਸਨਮਾਨਤ ਵੀ ਕੀਤਾ ਜਾਵੇਗਾ।