ਅੰਮ੍ਰਿਤਸਰ 13 ਅਗਸਤ – ਸ਼੍ਰੋਮਣੀ ਕਮੇਟੀ ਇਤਿਹਾਸਕ ਗੁਰਦੁਆਰਿਆਂ ਦੀਆਂ ਪੁਰਾਤਨ ਇਮਾਰਤਾਂ ਦੀ ਸਾਂਭ-ਸੰਭਾਲ ਲਈ ਹਰ ਹੀਲਾ ਵਸੀਲਾ ਵਰਤੇਗੀ ਜਿਸ ਨਾਲ ਉਨ੍ਹਾਂ ਦੀ ਪੁਰਾਤਨ ਦਿੱਖ ਕਾਇਮ ਰਹਿ ਸਕੇ। ਗੁਰਦੁਆਰਿਆਂ ਦੀ ਕਾਰ ਸੇਵਾ ਕਰਨ ਵਾਲੇ ਸੰਤਾਂ-ਮਹਾਂਪੁਰਸ਼ਾਂ ਨੂੰ ਗੁਰਦੁਆਰਾ ਦੇ ਮਾਸਟਰ ਪਲਾਨ ਅਨੁਸਾਰ ਹੀ ਸੇਵਾ ਕਰਨ ਦੀ ਆਗਿਆ ਦਿੱਤੀ ਜਾਵੇਗੀ।

ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੱਲੋਂ ਸਾਰੇ ਗੁਰਦੁਆਰਾ ਸਾਹਿਬਾਨ ਦੇ ਮੈਨੇਜਰਾਂ ਅਤੇ ਸਕੱਤਰਾਂ ਨੂੰ ਵਿਸ਼ੇਸ਼ ਹਦਾਇਤਾਂ ਹਨ ਕਿ ਪੁਰਾਤਨ ਤੇ ਇਤਿਹਾਸਕ ਇਮਾਰਤ ਦੇ ਅਸਲ ਸਰੂਪ ਨਾਲ ਛੇੜਛਾੜ ਨਾ ਕੀਤੀ ਜਾਵੇ, ਸਗੋਂ ਉਨ੍ਹਾਂ ਦੇ ਪੁਰਾਤਨ ਸਰੂਪ ਅਨੁਸਾਰ ਹੀ ਸਾਂਭ-ਸੰਭਾਲ ਕੀਤੀ ਜਾਵੇ।ਉਨ੍ਹਾਂ ਦੱਸਿਆ ਕਿ ਪ੍ਰਧਾਨ ਸ਼੍ਰੋਮਣੀ ਕਮੇਟੀ ਵੱਲੋਂ ਕਈ ਪੁਰਾਤਨ ਇਮਾਰਤਾਂ ਨੂੰ ਸਿੱਖ ਇਤਿਹਾਸ ਦੇ ਅਜੂਬੇ ਵਜੋਂ ਸਾਂਭਣ ਦਾ ਯਤਨ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਦੀਵਾਨ ਟੋਡਰ ਮੱਲ ਦੀ ਹਵੇਲੀ ਜੋ ਇਕ ਖੰਡਰ ਦਾ ਰੂਪ ਅਖਤਿਆਰ ਕਰ ਚੁੱਕੀ ਸੀ ਨੂੰ ਵਿਸ਼ੇਸ਼ ਮਾਹਿਰਾਂ ਦੇ ਸਹਿਯੋਗ ਨਾਲ ਪੁਰਾਤਨ ਦਿੱਖ ਦਿੱਤੀ ਜਾ ਰਹੀ ਹੈ ਜਿਸ ਦਾ ੭੫ ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ।ਸ. ਬੇਦੀ ਨੇ ਦੱਸਿਆ ਕਿ ਚਮਕੌਰ ਦੀ ਕੱਚੀ ਗੜ੍ਹੀ, ਫਤਹਿਗੜ੍ਹ ਸਾਹਿਬ ਵਿਖੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜਾਦਿਆ ਦੀ ਕੈਦ ਦੀ ਯਾਦ ਨਾਲ ਜੁੜਿਆ ਠੰਡਾ ਬੁਰਜ ਨੂੰ ਵੀ ਪੁਰਾਤਨ ਦਿੱਖ ਨਾਲ ਸੰਵਾਰਨ ਤੇ ਸੰਭਾਲਣ ਦਾ ਯਤਨ ਕੀਤਾ ਗਿਆ ਹੈ।ਸਰਹੰਦ ਤੇ ਫ਼ਤਹਿ ਦਾ ਬਿਗਲ ਵਜਾਉਣ ਵਾਲੇ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਫਤਹਿਗੜ੍ਹ ਸਾਹਿਬ ਦੇ ਨਜ਼ਦੀਕ ਹੀ ਥੇਹ ਵਾਲੇ ਸਥਾਨ ਪੁਰ ਆਧੁਨਿਕ ਕਿਸਮ ਦਾ ਮਿਊਜ਼ੀਅਮ ਬਣਾਇਆ ਜਾ ਰਿਹਾ ਹੈ ਜਿਸ ਦਾ ਅੱਧੇ ਤੋਂ ਜ਼ਿਆਦਾ ਕੰਮ ਮੁਕੰਮਲ ਹੋ ਚੁੱਕਾ ਹੈ।ਸ. ਬੇਦੀ ਨੇ ਦੱਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਸਿੱਖ ਰਾਜ ਦੀ ਰਾਜਧਾਨੀ ਮੁਖਲਿਸਗੜ੍ਹ ਲੋਹਗੜ੍ਹ ਜੋ ਹਰਿਆਣੇ ਦੇ ਪਹਾੜੀ ਖੇਤਰ ਵਿੱਚ ਹੈ ਵਿਖੇ ਵੀ ਅਜਿਹੀ ਤਸਵੀਰ ਪੇਸ਼ ਕਰਦੀ ਯਾਦਗਾਰ ਬਣਾਈ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਕਾਲ ਨਾਲ ਸਬੰਧਤ ਪੁਰਾਤਨ ਇਤਿਹਾਸਕ ਕਿਲਿਆਂ ਨੂੰ ਵੀ ਪੁਰਾਤਨ ਰੂਪ ਵਿੱਚ ਮੁੜ ਸੁਰਜੀਤ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਅੱਗੇ ਤੋਂ ਇਨ੍ਹਾਂ ਪੁਰਾਤਨ ਇਮਾਰਤਾਂ ਦੀ ਸਾਂਭ-ਸੰਭਾਲ ਵੱਲ ਸ਼੍ਰੋਮਣੀ ਕਮੇਟੀ ਵਿਸ਼ੇਸ਼ ਧਿਆਨ ਦੇਵੇਗੀ।ਉਨ੍ਹਾਂ ਕਿਹਾ ਕਿ ਇਮਾਰਤਾਂ ਬਣਾਉਣ ਤੇ ਉਨ੍ਹਾਂ ਦੇ ਰੱਖ ਰਖਾਅ ਲਈ ਜਿਥੇ ਇਕ ਵੱਖਰਾ ਸੈੱਲ ਕਾਇਮ ਕੀਤਾ ਗਿਆ ਹੈ, ਉਥੇ ਇਕ ਵਿਸ਼ੇਸ਼ ਸਬ ਕਮੇਟੀ ਵੀ ਬਣਾਈ ਗਈ ਹੈ।ਇਸ ਸਬ ਕਮੇਟੀ ਵਿੱਚ ਸ. ਰਘੂਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ, ਸ. ਸੁਖਦੇਵ ਸਿੰਘ ਭੌਰ ਜਨਰਲ ਸਕੱਤਰ, ਸ. ਰਜਿੰਦਰ ਸਿੰਘ ਮਹਿਤਾ, ਸ. ਗੁਰਬਚਨ ਸਿੰਘ ਕਰਮੂੰਵਾਲ, ਸ. ਨਿਰਮੈਲ ਸਿੰਘ ਜੌਲਾਂ, ਸ. ਮੋਹਣ ਸਿੰਘ ਬੰਗੀ ਮੈਂਬਰ ਅੰਤ੍ਰਿੰਗ ਕਮੇਟੀ ਤੋਂ ਇਲਾਵਾ ਡਾ. ਰੂਪ ਸਿੰਘ ਸਕੱਤਰ, ਸ. ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ, ਸ. ਸੁਖਵਿੰਦਰ ਸਿੰਘ ਤੇ ਸ. ਮਨਪ੍ਰੀਤ ਸਿੰਘ ਐਕਸੀਅਨ ਅਤੇ ਆਰਕੀਟੈਕਟ ਸ਼ਾਮਲ ਕੀਤੇ ਗਏ ਹਨ।