ਵੱਖ-ਵੱਖ ਮੋਰਚਿਆਂ ਬਾਰੇ ਵੀ ਪ੍ਰਕਾਸ਼ਤ ਹੋਣਗੀਆਂ ਪੁਸਤਕਾਂ

ਪੰਜਾਬ ਬੋਰਡ ਦੀ ਪੁਸਤਕ ਵਿਚ ਸਿੱਖ ਇਤਿਹਾਸ ਦੀਆਂ ਗਲਤੀਆਂ ਦਾ ਲਿਆ ਸਖ਼ਤ ਨੋਟਿਸ

ਅੰਮ੍ਰਿਤਸਰ, 17 ਅਕਤੂਬਰ- 
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੰਡੇਮਾਨ ਦੀ ਸੈਲੂਲਰ ਜ਼ੇਲ੍ਹ ਨਾਲ ਸਬੰਧਤ ਪੰਜਾਬ ਦੇ ਆਜ਼ਾਦੀ ਘੁਲਾਟੀਆਂ ਦੇ ਮੁਕੰਮਲ ਇਤਿਹਾਸ ਦੀ ਖੋਜ ਭਰਪੂਰ ਪੁਸਤਕ ਸਮੇਤ ਵੱਖ-ਵੱਖ ਮੋਰਚਿਆਂ ਨੂੰ ਪੁਸਤਕ ਰੂਪ ਵਿਚ ਸੰਭਾਲਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿਚ ਹੋਈ ਸਿੱਖ ਇਤਿਹਾਸ ਰੀਸਰਚ ਬੋਰਡ ਦੀ ਇਕੱਤਰਤਾ ਦੌਰਾਨ ਕੀਤਾ ਗਿਆ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਕੱਤਰਤਾ ’ਚ ਲਏ ਗਏ ਫੈਸਲਿਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਵੱਖ-ਵੱਖ ਇਤਿਹਾਸਕ ਪੁਸਤਕਾਂ ਛਾਪਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅੰਡੇਮਾਨ ਦੀ ਸੈਲੂਲਰ ਜ਼ੇਲ੍ਹ ਨਾਲ ਸਬੰਧਤ ਪੰਜਾਬੀਆਂ ਅਤੇ ਖ਼ਾਸਕਰ ਸਿੱਖਾਂ ਦੇ ਇਤਿਹਾਸ ਨੂੰ ਇੱਕ ਪੁਸਤਕ ਦੇ ਰੂਪ ਵਿਚ ਛਾਪਿਆ ਜਾਵੇਗਾ, ਜਿਸ ਨੂੰ ਲਿਖਣ ਦੀ ਜ਼ੁੰਮੇਵਾਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸਬੰਧਤ ਡਾ. ਪਰਮਵੀਰ ਸਿੰਘ ਨੂੰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬੀਤੇ ਸਮੇਂ ’ਚ ਇਸ ਜ਼ੇਲ੍ਹ ਅੰਦਰ ਵਖਾਏ ਜਾਂਦੇ ਰੌਸ਼ਨੀ ਤੇ ਅਵਾਜ਼ ਪ੍ਰੋਗਰਾਮ ਵਿੱਚੋਂ ਸਿੱਖਾਂ ਤੇ ਪੰਜਾਬੀਆਂ ਦੇ ਯੋਗਦਾਨ ਨੂੰ ਘੱਟ ਕਰਕੇ ਦਿਖਾਉਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਪੈਰਵਾਈ ਲਈ ਉਥੇ ਇਕ ਵਫ਼ਦ ਭੇਜਿਆ ਸੀ ਅਤੇ ਹੁਣ ਇਸ ਸਬੰਧ ਵਿਚ ਪਾਠਕਾਂ ਤੱਕ ਸਿੱਖਾਂ ਦੇ ਸੰਘਰਸ਼ੀ ਜੀਵਨ ਨੂੰ ਪਹੁੰਚਾਉਣ ਲਈ ਇੱਕ ਕਿਤਾਬ ਛਾਪੀ ਜਾਵੇਗੀ। ਹੋਰ ਫੈਸਲਿਆਂ ਬਾਰੇ ਉਨ੍ਹਾਂ ਦੱਸਿਆ ਕਿ ਪ੍ਰਸਿੱਧ ਸਿੱਖ ਇਤਿਹਾਸਕਾਰ ਡਾ. ਗੰਡਾ ਸਿੰਘ ਦੀਆਂ ਕੁਝ ਪੁਰਾਤਨ ਪੁਸਤਕਾਂ ਨੂੰ ਮੁੜ ਛਾਪਣ ਦੀ ਵੀ ਪ੍ਰਵਾਨਗੀ ਦਿੱਤੀ ਹੈ। ਇਸ ਤੋਂ ਇਲਾਵਾ 1975 ਦੇ ਐਮਰਜੈਂਸੀ ਮੋਰਚੇ, 1982 ਦੇ ਧਰਮ ਯੁੱਧ ਮੋਰਚੇ ਨਾਲ ਸਬੰਧਤ ਇਤਿਹਾਸਕ ਵੇਰਵੇ ਸੰਭਾਲਣ ਦਾ ਵੀ ਫੈਸਲਾ ਕੀਤਾ ਗਿਆ ਹੈ ਅਤੇ ਇਨ੍ਹਾਂ ਮੋਰਚਿਆਂ ਨਾਲ ਸਬੰਧਤ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਇਤਿਹਾਸਕ ਦਸਤਾਵੇਜ਼ਾਂ ਨੂੰ ਵੀ ਸੰਭਾਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ 100 ਸਾਲਾ ਇਤਿਹਾਸ ਅਤੇ ਪਟਨਾ ਸਾਹਿਬ ਤੇ ਬੰਗਲਾ ਦੇਸ਼ ਦੇ ਗੁਰਦੁਆਰਾ ਸਾਹਿਬਾਨ ਨਾਲ ਸਬੰਧਤ ਇਤਿਹਾਸ ਨੂੰ ਵੀ ਛਾਪਿਆ ਜਾਵੇਗਾ। 
ਇਸ ਦੌਰਾਨ ਧਰਮ ਪ੍ਰਚਾਰ ਕਮੇਟੀ ਦੀ ਹੋਈ ਇਕੱਤਰਤਾ ਵਿਚ ਰਾਏਪੁਰ ਛੱਤੀਸਗੜ੍ਹ, ਵਿਜੈਵਾੜਾ (ਆਂਧਰਾ ਪ੍ਰਦੇਸ਼) ਆਦਿ ਥਾਵਾਂ ’ਤੇ ਰਹਿੰਦੇ ਸਿਕਲੀਗਰ ਤੇ ਵਣਜਾਰੇ ਸਿੱਖਾਂ ਦੇ ਬੱਚਿਆਂ ਦੀਆਂ ਸਕੂਲੀ ਫੀਸਾਂ ਦੇਣ ਦਾ ਫੈਸਲਾ ਕੀਤਾ ਗਿਆ। ਇਕੱਤਰਤਾ ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਗਿਆਰ੍ਹਵੀਂ ਤੇ ਬਾਰ੍ਹਵੀਂ ਦੇ ਇਤਿਹਾਸ ਵਿਸ਼ੇ ਦੀਆਂ ਨਵੀਆਂ ਛਾਪੀਆਂ ਜਾ ਰਹੀਆਂ ਪੁਸਤਕਾਂ ਵਿਚ ਗਲਤੀਆਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਸਿਲੇਬਸ ਦੀਆਂ ਇਨ੍ਹਾਂ ਪੁਸਤਕਾਂ ਸਬੰਧੀ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਕਮੇਟੀ ਵਿਚ ਸ਼ਾਮਲ ਸ਼੍ਰੋਮਣੀ ਕਮੇਟੀ ਦੇ ਨੁਮਾਇੰਦਿਆਂ ਨੇ ਲਿਖਤੀ ਤੌਰ ’ਤੇ ਸ਼੍ਰੋਮਣੀ ਕਮੇਟੀ ਨੂੰ ਸੂਚਿਤ ਕੀਤਾ ਹੈ ਕਿ ਸਿਲੇਬਸ ਬਣਾਉਣ ਤੋਂ ਬਾਅਦ ਉਸ ਅਨੁਸਾਰ ਤਿਆਰ ਕੀਤੇ ਜਾ ਰਹੇ ਵੱਖ-ਵੱਖ ਚੈਪਟਰਾਂ ਵਿਚ ਅਨੇਕਾਂ ਗਲਤੀਆਂ ਪਾਈਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਦੇ ਬਾਰ-ਬਾਰ ਕਹਿਣ ਦੇ ਬਾਵਜੂਦ ਵੀ ਸੁਧਾਰ ਨਹੀਂ ਕੀਤਾ ਜਾ ਰਿਹਾ। ਇਸ ਤੋਂ ਇਲਾਵਾ ਨਵੇਂ ਤਿਆਰ ਕੀਤੇ ਗਏ ਚੈਪਟਰ ਤਾਂ ਉਨ੍ਹਾਂ ਨੂੰ ਦਿਖਾਏ ਵੀ ਨਹੀਂ ਗਏ। ਭਾਈ ਲੌਂਗੋਵਾਲ ਨੇ ਦੱਸਿਆ ਕਿ ਇਸ ਮਾਮਲੇ ’ਤੇ ਵਿਚਾਰ ਤੋਂ ਬਾਅਦ ਪੰਜਾਬ ਸਰਕਾਰ ਨੂੰ ਪੱਤਰ ਲਿਖਣ ਦਾ ਫੈਸਲਾ ਕੀਤਾ ਗਿਆ ਹੈ ਅਤੇ ਜੇਕਰ ਇਸ ਵਿਚ ਸੁਧਾਰ ਨਾ ਕੀਤਾ ਗਿਆ ਤਾਂ ਸ਼੍ਰੋਮਣੀ ਕਮੇਟੀ ਸਖ਼ਤ ਫੈਸਲੇ ਲਈ ਮਜ਼ਬੂਰ ਹੋਵੇਗੀ। ਦੱਸਣਯੋਗ ਹੈ ਕਿ ਸਿੱਖ ਇਤਿਹਾਸ ਰੀਸਰਚ ਬੋਰਡ ਦੀ ਮੀਟਿੰਗ ਦੌਰਾਨ ਸਕੱਤਰ ਸ. ਦਿਲਜੀਤ ਸਿੰਘ ਬੇਦੀ ਅਤੇ ਧਰਮ ਪ੍ਰਚਾਰ ਕਮੇਟੀ ਦੀ ਇਕੱਤਰਤਾ ਸਮੇਂ ਸਕੱਤਰ ਸ. ਬਲਵਿੰਦਰ ਸਿੰਘ ਜੌੜਾਸਿੰਘਾ ਨੇ ਏਜੰਡਾ ਪੇਸ਼ ਕੀਤਾ। 
ਇਨ੍ਹਾਂ ਇਕੱਤਰਤਾਵਾਂ ਦੌਰਾਨ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ, ਭਾਈ ਪ੍ਰਿਤਪਾਲ ਸਿੰਘ, ਸ. ਸੁਖਵਰਸ਼ ਸਿੰਘ ਪੰਨੂੰ, ਸ. ਅਵਤਾਰ ਸਿੰਘ ਵਣਵਾਲਾ, ਸ. ਰਾਮਪਾਲ ਸਿੰਘ ਬਹਿਣੀਵਾਲ, ਸ. ਤੇਜਿੰਦਰਪਾਲ ਸਿੰਘ, ਸ. ਮਨਜੀਤ ਸਿੰਘ ਬੱਪੀਆਣਾ, ਸਿੱਖ ਇਤਿਹਾਸ ਰੀਸਰਚ ਬੋਰਡ ਦੇ ਮੈਂਬਰ ਸ. ਹਰਵਿੰਦਰ ਸਿੰਘ ਖ਼ਾਲਸਾ, ਡਾ. ਪਰਮਵੀਰ ਸਿੰਘ, ਪ੍ਰੋਫ਼ੈਸਰ ਪ੍ਰਭਜੋਤ ਕੌਰ, ਸਕੱਤਰ ਸ. ਅਵਤਾਰ ਸਿੰਘ ਸੈਂਪਲਾ, ਸ. ਦਿਲਜੀਤ ਸਿੰਘ ਬੇਦੀ, ਸ. ਬਲਵਿੰਦਰ ਸਿੰਘ ਜੌੜਾਸਿੰਘਾ, ਵਧੀਕ ਸਕੱਤਰ ਸ. ਪਰਮਜੀਤ ਸਿੰਘ ਸਰੋਆ, ਸ. ਬਿਜੈ ਸਿੰਘ, ਨਿੱਜੀ ਸਹਾਇਕ ਸ. ਸੁਖਮਿੰਦਰ ਸਿੰਘ ਐਕਸੀਅਨ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਬਲਵਿੰਦਰ ਸਿੰਘ ਕਾਹਲਵਾਂ, ਸ. ਦਰਸ਼ਨ ਸਿੰਘ ਲੌਂਗੋਵਾਲ ਪੀ.ਏ., ਸਿੱਖ ਇਤਿਹਾਸ ਰੀਸਰਚ ਬੋਰਡ ਦੀ ਇੰਚਾਰਜ ਡਾ. ਅਮਰਜੀਤ ਕੌਰ, ਸ. ਬਗੀਚਾ ਸਿੰਘ, ਸਕਾਲਰ ਸ. ਰਾਜਵਿੰਦਰ ਸਿੰਘ ਜੋਗਾ ਸਮੇਤ ਹੋਰ ਮੌਜੂਦ ਸਨ।