ਅੰਮ੍ਰਿਤਸਰ  28 ਅਪ੍ਰੈਲ (         ) ਨੇਪਾਲ ਦੇ ਭੂਚਾਲ ਪੀੜ੍ਹਤਾਂ ਲਈ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸ੍ਰੀ ਗੁਰੂ ਰਾਮਦਾਸ ਲੰਗਰ ਤੋਂ ਰਾਹਤ ਸਮੱਗਰੀ ਭੇਜੀ ਗਈ। 

ਸ. ਰੂਪ ਸਿੰਘ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦੇਂਦਿਆਂ ਦੱਸਿਆ ਕਿ ਨੇਪਾਲ ਵਿੱਚ ਆਏ ਭਿਆਨਕ ਭੂਚਾਲ ਕਾਰਣ ਵੱਡੀ ਗਿਣਤੀ ਵਿੱਚ ਬਹੁਤ ਸਾਰੇ ਲੋਕ ਮਾਰੇ ਜਾ ਚੁੱਕੇ ਹਨ ਤੇ ਕਈ ਘਰਾਂ ਤੋਂ ਬੇਘਰ ਹੋ ਚੁੱਕੇ ਹਨ।ਜਿਨ੍ਹਾਂ ਕੋਲ ਨਾ ਤਾਂ ਖਾਣ-ਪੀਣ ਨੂੰ ਕੁਝ ਹੈ ਤੇ ਨਾ ਹੀ ਰਹਿਣ ਸਹਿਣ ਨੂੰ ਕੋਈ ਜਗ੍ਹਾ ਹੈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਿਰਮੌਰ ਸੰਸਥਾ ਹੈ ਤੇ ਇਹ ਸਮੇਂ-ਸਮੇਂ ਦੇਸ਼ ਵਿੱਚ ਆਉਂਦੀਆਂ ਕੁਦਰਤੀ ਕਰੋਪੀਆਂ ਸਮੇਂ ਗੁਰੂ ਸਾਹਿਬਾਨ ਵੱਲੋਂ ਬਖਸ਼ੇ ਸੇਵਾ ਦੇ ਸਿਧਾਂਤ ਅਨੁਸਾਰ ਬਿਨਾ ਕਿਸੇ ਭੇਦ ਭਾਵ ਦੇ ਸਹਾਇਤਾ ਕਰਦੀ ਰਹਿੰਦੀ ਹੈ।ਉਨ੍ਹਾਂ ਕਿਹਾ ਕਿ ਅੱਜ ਦੀ ਸਮੱਗਰੀ ਵਿੱਚ ਰੀਫਾਇੰਡ, ਚਾਵਲ, ਆਟਾ, ਵੇਸਨ, ਦਾਲਾਂ, ਬੱਚਿਆਂ ਲਈ ਸੁੱਕਾ ਦੁੱਧ, ਬਿਸਕੁਟ, ਕੰਬਲ ਅਤੇ ਲੰਗਰ ਤਿਆਰ ਕਰਨ ਵਾਸਤੇ ਬਰਤਨ ਭੇਜੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਅੱਜ ਦੀ ਵਿਸ਼ੇਸ਼ ਟੀਮ ਅੰਮ੍ਰਿਤਸਰ ਤੋਂ ਸ. ਭ੍ਹੂਪਿੰਦਰਪਾਲ ਸਿੰਘ ਮੀਤ ਸਕੱਤਰ ਸ਼੍ਰੋਮਣੀ ਕਮੇਟੀ ਦੀ ਅਗਵਾਈ ਵਿੱਚ ਚੰਡੀਗੜ੍ਹ ਲਈ ਰਵਾਨਾ ਹੋ ਰਹੀ ਹੈ।ਇਸ ਟੀਮ ਵਿੱਚ ਸ. ਲਖਵਿੰਦਰ ਸਿੰਘ ਬੱਦੋਵਾਲ ਸੁਪਰਵਾਈਜ਼ਰ, ਸ. ਹਰਭਿੰਦਰ ਸਿੰਘ ਲੰਗਰ ਇੰਚਾਰਜ, ਸ. ਕਸ਼ਮੀਰ ਸਿੰਘ ਗੈਸ ਫਿਟਰ ਦੇ ਇਲਾਵਾ ਹਲਵਾਈ ਸੇਵਾਦਾਰ ਆਦਿ ਕੁੱਲ ੧੮ ਮੁਲਾਜ਼ਮ ਜਾ ਰਹੇ ਹਨ।ਇਹ ਮੁਲਾਜ਼ਮ ਕੱਲ੍ਹ ਚੰਡੀਗੜ੍ਹ ਤੋਂ ਸਮਾਨ ਲੈ ਕੇ ਸ. ਦਲਮੇਘ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਦੀ ਅਗਵਾਈ ਵਿੱਚ ਕਾਠਮੰਡੂ (ਨੇਪਾਲ) ਵਿਖੇ ਪਹੁੰਚਣਗੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਏ ਕੈਂਪਾਂ ਵਿੱਚ ਲੰਗਰ ਤਿਆਰ ਕਰਕੇ ਹੜ੍ਹ ਪੀੜਤ ਲੋਕਾਂ ਤੀਕ ਪੁੱਜਦਾ ਕਰਨਗੇ।ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ੫੦ ਦੇ ਕਰੀਬ ਮੁਲਾਜ਼ਮ ਵੱਖ-ਵੱਖ ਸਥਾਨਾਂ ਤੇ ਲੰਗਰ ਤਿਆਰ ਕਰਨ ਲਈ ਪਹੁੰਚ ਚੁੱਕੇ ਹਨ। 

ਸ. ਰੂਪ ਸਿੰਘ ਨੇ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਭ ਤੋਂ ਪਹਿਲਾ ਜੋ ਟੀਮ ਸ. ਰਜਿੰਦਰ ਸਿੰਘ ਮਹਿਤਾ ਤੇ ਸ. ਮੋਹਨ ਸਿੰਘ ਬੰਗੀਂ ਦੀ ਅਗਵਾਈ ਵਿੱਚ ਕਾਠਮੰਡੂ (ਨੇਪਾਲ) ਵਿਖੇ ਭੇਜੀ ਗਈ ਸੀ।ਇਸ ਟੀਮ ਨੇ ਹਾਲਾਤਾਂ ਦਾ ਜਾਇਜਾ ਲੈਣ ਉਪਰੰਤ ਦੱਸਿਆ ਕਿ ਸੰਗਤ ਕਾਠਮੰਡੂ ਦੇ ਗੁਰਦੁਆਰਾ ਸਾਹਿਬ ਵਿਖੇ ਸ਼ਰਣ ਲੈਣ ਆ ਰਹੀ ਹੈ ਉਨ੍ਹਾਂ ਸੰਗਤਾਂ ਲਈ ਤਾਜਾ ਲੰਗਰ ਗੁਰਦੁਆਰਾ ਸਾਹਿਬ ਵਿਖੇ ਹੀ ਤਿਆਰ ਕਰਨਾ ਚਾਹੀਦਾ ਹੈ।ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਸੁੱਕੀ ਰਸਦ ਦੇ ਨਾਲ ਟੀਮ ਰਵਾਨਾ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਕੱਲ੍ਹ ਵੀ ਇਕ ਟੀਮ ਚੰਡੀਗੜ੍ਹ ਤੋਂ ਕਾਠਮੰਡੂ (ਨੇਪਾਲ) ਲਈ ਤੇ ਦੂਸਰੀ ਟੀਮ ਤਖ਼ਤ ਸੱਚਖੰਡ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੋਂ ਬਿਹਾਰ ਦੇ ਭੂਚਾਲ ਪੀੜ੍ਹਤਾਂ ਲਈ ਰਾਹਤ ਸਮੱਗਰੀ ਲੈ ਕੇ ਭੇਜੀ ਗਈ ਸੀ। ਉਨ੍ਹਾਂ ਕਿਹਾ ਕਿ ਅੱਜ ਇਥੋਂ ਚੌਥੀ ਟੀਮ ਰਵਾਨਾ ਹੋਈ ਹੈ।

ਇਸ ਮੌਕੇ ਸ.ਮਨਜੀਤ ਸਿੰਘ ਸਕੱਤਰ, ਸ. ਸਤਿੰਦਰ ਸਿੰਘ ਮੀਤ ਸਕੱਤਰ ਨਿੱਜੀ ਸਹਾਇਕ, ਸ. ਸਕੱਤਰ ਸਿੰਘ ਤੇ ਸ. ਜਗਜੀਤ ਸਿੰਘ ਮੀਤ ਸਕੱਤਰ, ਸ. ਪ੍ਰਤਾਪ ਸਿੰਘ ਮੈਨੇਜਰ, ਸ. ਜਤਿੰਦਰ ਸਿੰਘ ਐਡੀ: ਮੈਨੇਜਰ, ਸ. ਇੰਦਰ ਮੋਹਣ ਸਿੰਘ ‘ਅਨਜਾਣ’, ਸ. ਅਰਵਿੰਦਰ ਸਿੰਘ ‘ਸਾਸਨ’ ਤੇ ਸ. ਅੰਮ੍ਰਿਤਪਾਲ ਸਿੰਘ ਆਦਿ ਹਾਜ਼ਰ ਸਨ।