13.10.15-4ਅੰਮ੍ਰਿਤਸਰ 13 ਅਕਤੂਬਰ- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ੨੯ ਅਕਤੂਬਰ ਨੂੰ ਮਨਾਏ ਜਾਣ ਵਾਲੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਵੱਖ-ਵੱਖ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਦੀ ਕਾਰਜ-ਕੁਸ਼ਲਤਾ ਨੂੰ ਨਿਖਾਰਨ ਲਈ ਸਥਾਨਕ ਭਾਈ ਗੁਰਦਾਸ ਹਾਲ ਵਿਖੇ ਪੇਂਟਿੰਗ ਮੁਕਾਬਲੇ ਕਰਵਾਏ ਗਏ।
ਇਥੋਂ ਜਾਰੀ ਪ੍ਰੈੱਸ ਬਿਆਨ ‘ਚ ਡਾ. ਰੂਪ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਸ਼੍ਰੋਮਣੀ ਕਮੇਟੀ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਭਾਈ ਗੁਰਦਾਸ ਹਾਲ ਵਿਖੇ ਵੱਖ-ਵੱਖ ਤਕਰੀਬਨ ੭੮ ਸਕੂਲਾਂ ਤੇ ਕਾਲਜਾਂ ਦੇ ੩੦੦ ਵਿਦਿਆਰਥੀਆਂ ਵਿੱਚ ਇਹ ਮੁਕਾਬਲਾ ਹੋਇਆ।ਜਿਸ ਵਿੱਚ ਪਹਿਲੇ ਗਰੁੱਪ ਵਿੱਚ ਛੇਵੀਂ ਤੋਂ ਅੱਠਵੀਂ ਤੀਕ ਦੇ ਵਿਦਿਆਰਥੀਆਂ ਵੱਲੋਂ ਬਣਾਈਆਂ ਜਾਣ ਵਾਲੀਆਂ ਪੇਂਟਿੰਗਜ਼ ਦਾ ਵਿਸ਼ਾ ਅੰਮ੍ਰਿਤ ਵੇਲਾ, ਵੰਡ ਛੱਕਣ ਦੀ ਤਸਵੀਰ ਤੇ ਅੰਮ੍ਰਿਤਧਾਰੀ ਬੱਚੇ ਦੀ ਤਸਵੀਰ, ਦੂਸਰੇ ਗਰੁੱਪ ਵਿੱਚ ਨੌਵੀਂ ਤੋਂ ਬਾਰਵੀਂ ਤੱਕ ਦੇ ਵਿਦਿਆਰਥੀਆਂ ਵੱਲੋਂ ਬਣਾਈਆਂ ਜਾਣ ਵਾਲੀਆਂ ਪੇਂਟਿੰਗਜ਼ ਦਾ ਵਿਸ਼ਾ ਦਸਤਾਰ ਮੁਕਾਬਲੇ ਦੀ ਤਸਵੀਰ, ਕਿਸੇ ਇਕ ੧੮ਵੀਂ ਸਦੀ ਦੇ ਸਿੱਖ ਜਰਨੈਲ ਦੀ ਤਸਵੀਰ ਅਤੇ ਕਿਰਤ ਕਰਦੇ ਸਿੱਖ ਦੀ ਤਸਵੀਰ ਦਾ ਦ੍ਰਿਸ਼ ਸੀ।
ਉਨ੍ਹਾਂ ਅੱਗੇ ਕਿਹਾ ਕਿ ਤੀਜੇ ਗਰੁੱਪ ਵਿੱਚ ਬੀ.ਏ. ਭਾਗ ਪਹਿਲਾ ਤੋਂ ਐਮ.ਏ. ਤੀਕ ਦੇ ਵਿਦਿਆਰਥੀਆਂ  ਦਾ ਵਿਸ਼ਾ ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥(ਮਨੁੱਖੀ ਸਮਾਨਤਾ) ਦੇ ਸਿਧਾਂਤ ਨੂੰ ਦਰਸਾਉਂਦੀਆਂ ਤਸਵੀਰਾਂ ਬਣਾਉਣਾ ਸੀ ਅਤੇ ਇਸ ਦਾ ਸਮਾਂ ਢਾਈ ਘੰਟੇ ਨਿਸ਼ਚਿਤ ਕੀਤਾ ਗਿਆ ਸੀ।ਉਨ੍ਹਾਂ ਦੱਸਿਆ ਕਿ ਇਨ੍ਹਾਂ ਪੇਂਟਿੰਗਜ਼ ਮੁਕਾਬਲਿਆਂ ਸਮੇਂ ਸ. ਗੁਰਬਚਨ ਸਿੰਘ ਮਦਾਨ, ਮਿਸਿਜ਼ ਰੂਬੀਨਾ ਸਿੰਘ, ਬੀਬੀ ਕਮਲਦੀਪ ਕੌਰ, ਸ. ਗੁਰਵਿੰਦਰਪਾਲ ਸਿੰਘ ਆਰਟਿਸਟ ਤੇ ਸ. ਹਰੀਦੇਵ ਸਿੰਘ ਬਾਵਾ ਨੇ ਜੱਜ ਦੀ ਭੂਮਿਕਾ ਨਿਭਾਈ।ਇਨ੍ਹਾਂ ਮੁਕਾਬਲਿਆਂ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ੨੯ ਅਕਤੂਬਰ ਨੂੰ ਪ੍ਰਕਾਸ਼ ਪੁਰਬ ਵਾਲੇ ਦਿਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਸਨਮਾਨ ਚਿੰਨ੍ਹ, ਸਿਰੋਪਾਓ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕਰਨਗੇ।
ਪੇਂਟਿੰਗਜ਼ ਮੁਕਾਬਲਿਆਂ ਸਮੇਂ ਸ. ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ. ਕੁਲਵਿੰਦਰ ਸਿੰਘ ‘ਰਮਦਾਸ’ ਇੰਚਾਰਜ ਪਬਲੀਸਿਟੀ, ਸ. ਬਘੇਲ ਸਿੰਘ, ਸ. ਹਰਜਿੰਦਰ ਸਿੰਘ ਤੇ ਸ. ਸੁਖਰਾਜ ਸਿੰਘ ਵਧੀਕ ਮੈਨੇਜਰ, ਪ੍ਰੋ. ਮਨਜੀਤ ਕੌਰ, ਪ੍ਰੋ. ਅਮਰਜੀਤ ਕੌਰ, ਪ੍ਰੋ. ਕਿਰਨਦੀਪ ਕੌਰ, ਸ. ਸਤਵਿੰਦਰ ਸਿੰਘ ਰੀਸਰਚ ਸਕਾਲਰ, ਸ. ਕਾਬਲ ਸਿੰਘ ਲੁਹਾਰਕਾ ਤੇ ਸ. ਜਸਵੀਰ ਸਿੰਘ ਸਰਹਾਲੀ ਆਦਿ ਹਾਜ਼ਰ ਸਨ।