ਗੁਰੂ ਸਹਿਬਾਨ ਦੇ ਸ਼ਸਤਰ ਤੇ ਨਿਸ਼ਾਨੀਆਂ ਵਾਲੇ ਨਗਰ ਕੀਰਤਨ ਵਿੱਚ ਸੰਗਤਾਂ ਵੱਧ ਚੜ੍ਹ ਕੇ ਸ਼ਾਮਲ ਹੋਣ
ਅੰਮ੍ਰਿਤਸਰ 16 ਮਈ  ( ) ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਸਰਪ੍ਰਸਤੀ ਹੇਠ ਸ੍ਰੀ ਅਨੰਦਪੁਰ ਸਾਹਿਬ ਦੇ 350 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਸਮਾਗਮਾਂ ਦੀ ਤਿਆਰੀ ਤੇ ਸਫਲਤਾ ਸਬੰਧੀ ਇਕੱਤਰਤਾ ਸ. ਬਲਦੇਵ ਸਿੰਘ ਮਾਹਿਲਪੁਰੀ ਯਾਦਗਾਰੀ ਹਾਲ ਵਿਖੇ ਹੋਈ।ਜਿਸ ਵਿੱਚ ਵਿਸ਼ੇਸ਼ ਤੌਰ ‘ਤੇ ਸ. ਕੇਵਲ ਸਿੰਘ ਬਾਦਲ ਜੂਨੀਅਰ ਮੀਤ ਪ੍ਰਧਾਨ, ਸ. ਸੁਖਦੇਵ ਸਿੰਘ ਭੌਰ ਜਨਰਲ ਸਕੱਤਰ, ਸ. ਰਜਿੰਦਰ ਸਿੰਘ ਮਹਿਤਾ, ਸ. ਗੁਰਬਚਨ ਸਿੰਘ ਕਰਮੂੰਵਾਲਾ, ਸ. ਨਿਰਮੈਲ ਸਿੰਘ ਜੌਲਾਂ, ਸ. ਰਾਮਪਾਲ ਸਿੰਘ ਬਹਿਣੀਵਾਲ ਅੰਤ੍ਰਿੰਗ ਮੈਂਬਰ, ਸ. ਅਮਰਜੀਤ ਸਿੰਘ ਚਾਵਲਾ ਮੈਂਬਰ ਸ਼੍ਰੋਮਣੀ ਕਮੇਟੀ, ਸ. ਰੂਪ ਸਿੰਘ ਸਕੱਤਰ, ਸ. ਦਲਮੇਘ ਸਿੰਘ ਤੇ ਸ. ਸਤਬੀਰ ਸਿੰਘ ਸਾਬਕਾ ਸਕੱਤਰ, ਸ. ਦਿਲਜੀਤ ਸਿੰਘ ਬੇਦੀ, ਸ. ਬਲਵਿੰਦਰ ਸਿੰਘ ਜੌੜਾ, ਸ੍ਰ. ਰਣਜੀਤ ਸਿੰਘ, ਸ. ਸੁਖਦੇਵ ਸਿੰਘ ਭੂਰਾਕੋਹਨਾ ਵਧੀਕ ਸਕੱਤਰ, ਸ. ਜਗਜੀਤ ਸਿੰਘ ਤੇ ਸ. ਜਗੀਰ ਸਿੰਘ ਮੀਤ ਸਕੱਤਰ, ਸ. ਸੁਖਵਿੰਦਰ ਸਿੰਘ ਮੈਨੇਜਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਸ. ਰਘਬੀਰ ਸਿੰਘ ਮੰਡ ਇੰਚਾਰਜ ਹਾਜ਼ਰ ਸਨ।
ਇਕੱਤਰਤਾ ਉਪਰੰਤ ਸ. ਸੁਖਦੇਵ ਸਿੰਘ ਭੌਰ ਜਨਰਲ ਸਕੱਤਰ ਸ਼੍ਰੋਮਣੀ ਕਮੇਟੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਦੇ ੩੫੦ ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਵੱਖ-ਵੱਖ ਇਤਿਹਾਸਕ ਸਥਾਨਾਂ ਤੋਂ ਪੁੱਜਣ ਵਾਲੇ ਨਗਰ ਕੀਰਤਨਾਂ ਅਤੇ ਗੁਰੂ ਸਾਹਿਬਾਨ ਦੇ ਸ਼ਸਤਰ ਅਤੇ ਪਵਿੱਤਰ ਨਿਸ਼ਾਨੀਆਂ ਵਾਲੇ ਨਗਰ ਕੀਰਤਨ ਦੇ ਰੂਟ ਸਬੰਧੀ ਦੀਰਘ ਵਿਚਾਰ ਕੀਤੀ ਗਈ।ਗੁਰੂ ਸਾਹਿਬਾਨ ਦੇ ਇਤਿਹਾਸਕ ਸ਼ਸਤਰ ਤੇ ਨਿਸ਼ਾਨੀਆਂ ਵਾਲੇ ਨਗਰ ਕੀਰਤਨ ਅਤੇ ਵੱਖ-ਵੱਖ ਨਗਰ ਕੀਰਤਨਾਂ ਦੀਆਂ ਤਾਰੀਖਾਂ ਮੇਲ ਖਾ ਜਾਣ ਕਾਰਨ ਅਤੇ ਸੰਗਤਾਂ ਦੀਆਂ ਸੁੱਖ ਸੁਵਿਧਾ ਨੂੰ ਮੁੱਖ ਰੱਖਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬ੍ਹੋ (ਬਠਿੰਡਾ) ਤੋਂ ਸ੍ਰੀ ਅਨੰਦਪੁਰ ਸਾਹਿਬ ਪੁੱਜਣ ਵਾਲੇ ਨਗਰ ਕੀਰਤਨ ਰੱਦ ਕਰ ਦਿੱਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਹੁਣ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਿੰਨ ਨਗਰ ਕੀਰਤਨ ਦਿੱਲੀ, ਜੰਮੂ ਕਸ਼ਮੀਰ ਅਤੇ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ (ਹਿਮਾਚਲ ਪ੍ਰਦੇਸ਼) ਤੋਂ ਹੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਲਿਆਂਦੇ ਜਾਣਗੇ।ਇਨ੍ਹਾਂ ਲਈ ਰੂਟ ਅਤੇ ਵਿਸ਼ਰਾਮ ਅਸਥਾਨ ਨਿਸ਼ਚਿਤ ਕਰ ਲਏ ਗਏ ਹਨ ਜਿਵੇਂ ਕਿ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਤੋਂ ੧੫ ਜੂਨ ਨੂੰ ਨਗਰ ਕੀਰਤਨ ਆਰੰਭ ਹੋ ਕੇ ਰਾਤ ਗੁਰਦੁਆਰਾ ਸ੍ਰੀ ਨਾਢਾ ਸਾਹਿਬ ਪਾਤਸ਼ਾਹੀ ੧੦ਵੀਂ ਪੰਚਕੂਲਾ ਹਰਿਆਣਾ ਵਿਸ਼ਰਾਮ ਕਰੇਗਾ ਅਤੇ ੧੬ ਜੂਨ ਨੂੰ ਸਵੇਰੇ ਆਰੰਭ ਹੋ ਕੇ ਪੰਜੌਰ, ਨਾਲਾਗੜ੍ਹ ਤੋਂ ਹੁੰਦਾ ਹੋਇਆ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੁੱਜੇਗਾ।ਇਸੇ ਤਰ੍ਹਾਂ ਦੂਸਰਾ ਨਗਰ ਕੀਰਤਨ ੧੪ ਜੂਨ ਨੂੰ ਦਿੱਲੀ ਤੋਂ ਆਰੰਭ ਹੋਵੇਗਾ ਜੋ ਕਰਨਾਲ, ਅੰਬਾਲਾ ਰਾਹੀਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਵਿਸ਼ਰਾਮ ਕਰੇਗਾ।ਮਿਤੀ ੧੫ ਜੂਨ ਨੂੰ ਸਵੇਰੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਆਰੰਭ ਹੋ ਕੇ ਸ਼ਾਮ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪੁੱਜੇਗਾ।ਇਸੇ ਤਰ੍ਹਾਂ ਹੀ ਤੀਸਰਾ ਨਗਰ ਕੀਰਤਨ ਜੰਮੂ-ਕਸ਼ਮੀਰ ਤੋਂ ੧੨ ਜੂਨ ਨੂੰ ਆਰੰਭ ਹੋ ਕੇ ਪਠਾਨਕੋਟ ਰਾਹੀਂ ਹੁੰਦਾ ਹੋਇਆ ਰਾਤ ਗੁਰਦੁਆਰਾ ਰਾਮਪੁਰ ਖੇੜਾ ਵਿਖੇ ਵਿਸ਼ਰਾਮ ਕਰੇਗਾ।ਮਿਤੀ ੧੩ ਜੂਨ ਨੂੰ ਗੁਰਦੁਆਰਾ ਰਾਮਪੁਰ ਖੇੜਾ ਤੋਂ ਆਰੰਭ ਹੋ ਕੇ ਹੁਸ਼ਿਆਪੁਰ, ਗੜ੍ਹਸ਼ੰਕਰ ਰਾਹੀਂ ਸ੍ਰੀ ਅਨੰਦਪੁਰ ਸਾਹਿਬ ਪੁੱਜੇਗਾ।ਉਨ੍ਹਾਂ ਦੱਸਿਆ ਕਿ ੩੫੦ ਸਾਲਾ ਸ਼ਤਾਬਦੀ ਸਮੇਂ ਹੋਰਨਾਂ ਦੇਸ਼ਾਂ ਤੋਂ ਇਲਾਵਾ ਗੁਆਂਢੀ ਦੇਸ਼ ਨੇਪਾਲ ਤੋਂ ਵੀ ਵਿਸ਼ੇਸ਼ ਤੌਰ ਤੇ ਸੰਗਤ ਸਮਾਗਮਾਂ ਵਿੱਚ ਸ਼ਮੂਲੀਅਤ ਕਰੇਗੀ।ਉਨ੍ਹਾਂ ਦੱਸਿਆ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ,ਇਸ ਨਾਲ ਸਬੰਧਤ ਇਤਿਹਾਸਕ ਕਿਲ੍ਹੇ, ਸਰਾਵਾਂ, ਕੀਰਤਪੁਰ ਸਾਹਿਬ ਦੇ ਸਾਰੇ ਗੁਰਦੁਆਰਾ ਸਾਹਿਬਾਨ ਅਤੇ ਸ੍ਰੀ ਅਨੰਦਪੁਰ ਸਾਹਿਬ ਸ਼ਹਿਰ ਦੇ ਨਾਲ-ਨਾਲ ਆਉਣ ਵਾਲੇ ਮੁੱਖ ਮਾਰਗਾਂ ਤੇ ਬਣੇ ਗੇਟਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸੁੰਦਰ ਲਾਈਟਾਂ ਨਾਲ ਰੋਸ਼ਨਾਇਆ ਜਾਵੇਗਾ। 
ਇਕੱਤਰਤਾ ਵਿੱਚ ਇਹ ਵੀ ਫੈਸਲਾ ਲਿਆ ਗਿਆ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਅਤੇ ਇਸ ਦੇ ਨਾਲ ਸਬੰਧਤ ਗੁਰਦੁਆਰਾ ਸਾਹਿਬਾਨ ਦਾ ਇਤਿਹਾਸ ਮੁੜ ਸੋਧ ਕੇ ਲਿਖਵਾਇਆ ਜਾਵੇ ਤੇ ਇਸ ਲਈ ਸ. ਦਿਲਜੀਤ ਸਿੰਘ ਬੇਦੀ ਨੂੰ ਸੇਵਾ ਦਿੱਤੀ ਗਈ ਹੈ।ਸਿੰਘ ਸਾਹਿਬ ਗਿਆਨੀ ਮੱਲ ਸਿੰਘ ਦੀ ਰਾਇ ਉਪਰੰਤ ਸਾਰੇ ਗੁਰਦੁਆਰਾ ਸਾਹਿਬਾਨ ਦੀਆਂ ਰੰਗਦਾਰ ਤਸਵੀਰਾਂ ਵੀ ਇਸ ਵਿੱਚ ਸ਼ਾਮਲ ਕਰਕੇ ਵੱਡੀ ਗਿਣਤੀ ਵਿੱਚ ਪ੍ਰਕਾਸ਼ਿਤ ਕੀਤਾ ਜਾਵੇ।