ਅੰਮ੍ਰਿਤਸਰ, 11 ਅਪ੍ਰੈਲ-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਖ-ਵੱਖ ਸੂਬਿਆਂ ਵਿਚ ਗੁਰਮਤਿ ਸਮਾਗਮਾਂ ਦੀ ਲੜੀ ਨਿਰੰਤਰ ਜਾਰੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਬਲਵਿੰਦਰ ਸਿੰਘ ਜੌੜਾਸਿੰਘਾ ਨੇ ਦੱਸਿਆ ਕਿ ਉੱਤਰ ਪ੍ਰਦੇਸ਼, ਉੱਤਰਾਖੰਡ, ਉੜੀਸਾ, ਝਾਰਖੰਡ, ਜੰਮੂ ਕਸ਼ਮੀਰ, ਅਸਾਮ, ਗੁਜਰਾਤ, ਹਰਿਆਣਾ, ਦਿੱਲੀ ਸਮੇਤ ਹੋਰਨਾਂ ਰਾਜਾਂ ਅੰਦਰ ਧਰਮ ਪ੍ਰਚਾਰ ਕਮੇਟੀ ਦੇ ਵੱਖ-ਵੱਖ ਸਿੱਖ ਮਿਸ਼ਨਾਂ ਰਾਹੀਂ ਗੁਰਮਤਿ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲੰਘੇ ਦਸੰਬਰ ਤੇ ਜਨਵਰੀ ਮਹੀਨੇ ਵਿਚ ਉੜੀਸਾ ਅੰਦਰ ਗੁਰਮਤਿ ਸਮਾਗਮਾਂ ਤੋਂ ਇਲਾਵਾ ਫ਼ਰਵਰੀ ਤੇ ਮਾਰਚ ਵਿਚ ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਵਿਚ 20 ਵੱਡੇ ਗੁਰਮਤਿ ਸਮਾਗਮ ਹੋਏ ਹਨ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਭਾਰਤ ਦੇ ਸਾਰੇ ਸੂਬਿਆਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫੇ ਨੂੰ ਪ੍ਰਚਾਰਨ ਦੇ ਮੰਤਵ ਨਾਲ ਗੁਰਮਤਿ ਸਮਾਗਮ ਰੱਖੇ ਗਏ ਹਨ। ਇਸ ਮਹੀਨੇ ਵਿਚ ਝਾਰਖੰਡ ਸੂਬੇ ਅੰਦਰ ਧਰਮ ਪ੍ਰਚਾਰ ਕਮੇਟੀ ਦੇ ਹੈੱਡ ਪ੍ਰਚਾਰਕ ਭਾਈ ਜਗਦੇਵ ਸਿੰਘ, ਪ੍ਰਚਾਰਕ ਭਾਈ ਜਸਵਿੰਦਰ ਸਿੰਘ ਛਾਪਾ ਅਤੇ ਰਾਗੀ ਭਾਈ ਅਵਤਾਰ ਸਿੰਘ ਦੇ ਜਥੇ ਨੂੰ ਭੇਜਿਆ ਗਿਆ ਹੈ। ਇਸ ਸੂਬੇ ਅੰਦਰ 3 ਅਪ੍ਰੈਲ ਤੋਂ ਸਮਾਗਮ ਆਰੰਭ ਕੀਤੇ ਗਏ ਹਨ, ਜੋ 24 ਅਪ੍ਰੈਲ ਤੱਕ ਜਾਰੀ ਰਹਿਣਗੇ। ਇਨ੍ਹਾਂ ਸਮਾਗਮਾਂ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਇਤਿਹਾਸ ਅਤੇ ਉਨ੍ਹਾਂ ਦੀ ਪਾਵਨ ਗੁਰਬਾਣੀ ਸਬੰਧੀ ਸੰਗਤਾਂ ਨੂੰ ਜਾਣੂ ਕਰਵਾਇਆ ਜਾਵੇਗਾ। ਇਸ ਦੇ ਨਾਲ ਹੀ ਰਾਗੀ ਜਥਿਆਂ ਵੱਲੋਂ ਗੁਰਬਾਣੀ ਦੇ ਮਨੋਹਰ ਕੀਰਤਨ ਨਾਲ ਵੀ ਸੰਗਤਾਂ ਦੀ ਸਾਂਝ ਪਾਈ ਜਾਵੇਗੀ। ਝਾਰਖੰਡ ਸੂਬੇ ਅੰਦਰ ਰਾਮਦਾਸ ਭੱਠਾ, ਥਾਰ ਕੰਪਨੀ, ਟੋਟਿਲਾਡੂਗਰੀ, ਬਾਰਾਬੇੜਾ, ਘਮੌਰੀਆ, ਸੂਸਾਬਨੀ, ਘਾਟ ਸੀਲਾ, ਬਿਸਟੂਪੁਰ, ਜੁਗਲਸਲਾਈ, ਸਰਜਾਮਦਾ, ਮਾਨਗੋ, ਕਦਮਾ, ਬ੍ਰਹਮਮਾਈਨਜ਼, ਸੋਲ ਨਾਮਦਾ ਬਸਤੀ, ਪਹਾੜੀ, ਸਾਕਚੀ ਆਦਿ ਥਾਵਾਂ ’ਤੇ ਸਮਾਗਮ ਰੱਖੇ ਗਏ ਹਨ। ਉਨ੍ਹਾਂ ਦੱਸਿਆ ਕਿ ਝਾਰਖੰਡ ਵਿਖੇ 21 ਤੋਂ 24 ਅਪ੍ਰੈਲ ਤੱਕ ਮੁੱਖ ਗੁਰਮਤਿ ਸਮਾਗਮ ਉਲੀਕੇ ਗਏ ਹਨ, ਜਿਨ੍ਹਾਂ ਵਿਚ 20 ਤੇ 21 ਅਪ੍ਰੈਲ ਨੂੰ ਗੁਰਦੁਆਰਾ ਸਾਹਿਬਾ ਸਾਕਚੀ ਜਮਸ਼ੇਦਪੁਰ, 22 ਅਪ੍ਰੈਲ ਨੂੰ ਹਜ਼ਾਰੀ ਬਾਗ ਝਾਰਖੰਡ, 23 ਅਪ੍ਰੈਲ ਬੋਕਾਰੋ ਅਤੇ 24 ਅਪ੍ਰੈਲ ਨੂੰ ਬੇਰਮੁ ਝਾਰਖੰਡ ਵਿਖੇ ਵਿਸ਼ਾਲ ਗੁਰਮਤਿ ਸਮਾਗਮ ਹੋਣਗੇ।
ਇਨ੍ਹਾਂ ਸਮਾਗਮਾਂ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼ੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਸ਼ਿਰਕਤ ਕਰਨਗੀਆਂ, ਜਦਕਿ ਸਿੱਖ ਕੌਮ ਦੇ ਪ੍ਰਸਿੱਧ ਰਾਗੀ, ਢਾਡੀ ਤੇ ਕਥਾਵਾਚਕ ਵੀ ਹਾਜ਼ਰੀ ਭਰਨਗੇ। ਸ. ਜੌੜਾਸਿੰਘਾ ਨੇ ਦੱਸਿਆ ਕਿ ਇਹ ਸਾਰੇ ਗੁਰਮਤਿ ਸਮਾਗਮ ਸਥਾਨਕ ਗੁਰਦੁਆਰਾ ਕਮੇਟੀਆਂ, ਸਿੰਘ ਸਭਾਵਾਂ, ਸਭਾ-ਸੁਸਾਇਟੀਆਂ ਤੇ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਹਨ।