ਅਨੰਦਾਂ ਦੀ ਪੁਰੀ ਸ੍ਰੀ ਅਨੰਦਪੁਰ ਸਾਹਿਬ ਨੂੰ ਖ਼ਾਲਸੇ ਦੀ ਜਨਮ ਭੂਮੀ ਹੋਣ ਦਾ ਮਾਣ ਹਾਸਲ ਹੈ:         ਜਥੇ. ਅਵਤਾਰ ਸਿੰਘ

ਸ੍ਰੀ ਅਨੰਦਪੁਰ ਸਾਹਿਬ: ੧੦ ਜੂਨ (      ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਸ੍ਰੀ ਅਨੰਦਪੁਰ ਸਾਹਿਬ ਦੇ ੩੫੦ ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ‘ਸ੍ਰੀ ਅਨੰਦਪੁਰ ਸਾਹਿਬ ਵਿਰਾਸਤ ਅਤੇ ਸੰਦੇਸ਼’ ਵਿਸ਼ੇ ਤੇ ਵਿਰਾਸਤ-ਏ-ਖ਼ਾਲਸਾ ਦੇ ਆਡੀਟੋਰੀਅਮ ਵਿਖੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ।

ਸੈਮੀਨਾਰ ਦੇ ਪਹਿਲੇ ਸੈਸ਼ਨ ਦਾ ਰਸਮੀ ਉਦਘਾਟਨ ਕਰਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਸਿੱਖ ਧਰਮ ਦਾ ਉਦਭਵ ਮਾਨਵ ਕਲਿਆਣ ਲਈ ਹੋਇਆ ਸੀ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖਤਾ ਦੀ ਭਲਾਈ ਲਈ ਗੁਰਬਾਣੀ ਰਾਹੀਂ ਜੀਵਨ ਦੇ ਦਰਸ਼ਨ ਦਾ ਸੰਦੇਸ਼ ਦਿੱਤਾ। ਇਸ ਪਿੱਛੋਂ ਨੌ ਗੁਰੂ ਸਾਹਿਬਾਨ ਨੇ ਆਪਣੀ ਬਾਣੀ ਅਤੇ ਸਿੱਖਿਆ ਰਾਹੀਂ ਮਾਰਗ ਦਰਸ਼ਨ ਕੀਤਾ। ਗੁਰਬਾਣੀ ਸਿਧਾਤਾਂ ਦੀ ਰੋਸ਼ਨੀ ਵਿਚ ਹੀ ਸਤਸੰਗਤ, ਧਰਮਸ਼ਾਲ, ਗੁਰਦੁਆਰਾ, ਕੀਰਤਨ, ਮੰਜੀ, ਖਾਲਸਾ ਪੰਥ ਆਦਿ ਸੰਸਥਾਵਾਂ ਦੀ ਸਿਰਜਨਾ ਹੋਈ। ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਲਈ ਗੁਰੂ ਸਾਹਿਬਾਨ ਨੇ ਵੱਖ-ਵੱਖ ਨਗਰਾਂ ਦੀ ਸਥਾਪਨਾ ਵੀ ਕੀਤੀ, ਇਸ ਦੀ ਸ਼ੁਰੂਆਤ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਤੋਂ ਕੀਤੀ ਮੰਨੀ ਜਾ ਸਕਦੀ ਹੈ। ਇਸ ਪਿਛੋਂ ਸਮੇਂ-ਸਮੇਂ ਦੂਸਰੇ ਗੁਰੂ ਸਾਹਿਬਾਨ ਨੇ ਵੀ ਨਵੇਂ ਪ੍ਰਚਾਰ ਕੇਂਦਰ ਸਥਾਪਿਤ ਕਰਦਿਆਂ ਨਵੇਂ ਨਗਰਾਂ ਦੀ ਸਥਾਪਨਾ ਕੀਤੀ। ਜਿਵੇਂ ਸ੍ਰੀ ਗੋਇੰਦਵਾਲ ਸਾਹਿਬ, ਸ੍ਰੀ ਅੰਮ੍ਰਿਤਸਰ, ਸ੍ਰੀ ਹਰਿਗੋਬਿੰਦਪੁਰ, ਸ੍ਰੀ ਕੀਰਤਪੁਰ ਸਾਹਿਬ ਆਦਿ ਨਗਰ ਵਸਾਏ। ਇਸੇ ਮਿਸ਼ਨ ਤਹਿਤ ਨੌਵੇਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ‘ਚੱਕ ਨਾਨਕੀ’ ਨਗਰ ਦੀ ਨੀਂਹ ਰੱਖੀ ਅਤੇ ਇਹ ਨਗਰ ਅਨੰਦਪੁਰ ਭਾਵ ਅਨੰਦਾਂ ਦੀ ਪੁਰੀ ਵਜੋਂ ਪ੍ਰਸਿੱਧ ਹੋਇਆ। ਸ੍ਰੀ ਅਨੰਦਪੁਰ ਸਾਹਿਬ ਸਿੱਖ ਪੰਥ ਦਾ ਗੌਰਵਮਈ ਇਤਿਹਾਸ ਆਪਣੇ ਹਿਰਦੇ ਵਿਚ ਸਮੋਈ ਬੈਠਾ ਹੈ। ਅਨੰਦਾਂ ਦੀ ਪੁਰੀ ਸ੍ਰੀ ਅਨੰਦਪੁਰ ਸਾਹਿਬ ਨੂੰ ਖਾਲਸੇ ਦੀ ਜਨਮ-ਭੂਮੀ ਹੋਣ ਦਾ ਮਾਣ ਹਾਸਲ ਹੈ। ਇਥੇ ਪੰਜ ਪਿਆਰੇ ਸਾਹਿਬਾਨ ਨੇ ਅੰਮ੍ਰਿਤ ਦੀ ਪਾਹੁਲ ਛੱਕ ਕੇ ਨਵ-ਜੀਵਨ ਧਾਰਨ ਕੀਤਾ ਅਤੇ ਚਾਰ ਸਾਹਿਬਜ਼ਾਦੇ ਇਥੋਂ ਦੀਆਂ ਗਲੀਆਂ ਵਿਚ ਖੇਡੇ ਅਤੇ ਵੱਡੇ ਹੋਏ।

ਉਨ੍ਹਾਂ ਅੱਗੇ ਕਿਹਾ ਕਿ ਸਿੱਖਾਂ ਦੀ ਸਵੈ-ਰੱਖਿਆ ਲਈ ਕਿਲ੍ਹਿਆਂ ਦੀ ਸਥਾਪਨਾ ਦਸਮੇਸ਼ ਪਿਤਾ ਜੀ ਨੇ ਇੱਥੇ ਕੀਤੀ। ਮੁਗਲਾਂ ਅਤੇ ਪਹਾੜੀ ਰਾਜਿਆਂ ਦੇ ਨਾਲ ਹੋਏ ਯੁੱਧਾਂ ਦਾ ਇਤਿਹਾਸ ਵੀ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਸਾਂਭੀ ਬੈਠੀ ਹੈ। ਇਹ ਧਰਤੀ ਆਪਣੇ ਅੰਦਰ ਪਰਿਵਾਰ ਵਿਛੋੜੇ ਦਾ ਸੱਲ੍ਹ ਵੀ ਸਮੋਈ ਬੈਠੀ ਹੈ। ਇਸ ਮਹਾਨ ਧਰਤੀ ਦੁਆਰਾ ਸਿਰਜੇ ਇਤਿਹਾਸ ਨੂੰ ਅੱਖਰਾਂ ਜਾਂ ਬੋਲਾਂ ਰਾਹੀਂ ਵਰਨਣ ਕਰਦਿਆਂ ਸ਼ਬਦਾਂ ਦੀ ਥੋੜ ਪੈਦਾ ਹੋ ਜਾਂਦੀ ਹੈ। ਅੱਜ ਸਮੁੱਚਾ ਖਾਲਸਾ ਪੰਥ ਆਪਣੇ ਇਸ ਮਹਾਨ ਇਤਿਹਾਸਕ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਦੇ ੩੫੦ ਸਾਲਾ ਸਥਾਪਨਾ ਦਿਵਸ ਨੂੰ ਪੂਰੇ ਜਾਹੋ-ਜਲਾਲ ਨਾਲ ਮਨਾ ਰਿਹਾ ਹੈ। ਪੰਥਕ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਸ਼੍ਰੋਮਣੀ ਗੁ: ਪ੍ਰ: ਕਮੇਟੀ ਵੱਲੋਂ ਇਸ ਮੌਕੇ ਇਨ੍ਹਾਂ ਸਮਾਗਮਾਂ ਨੂੰ ਮਨਾਉਂਦਿਆਂ ਬਹੁਤ ਸਾਰੇ ਉਲੀਕੇ ਪ੍ਰੋਗਰਾਮਾਂ ਦੀ ਲੜੀ ਵਿੱਚੋਂ ਅੱਜ ਦਾ ਸੈਮੀਨਾਰ “ਸ੍ਰੀ ਅਨੰਦਪੁਰ ਸਾਹਿਬ ਵਿਰਾਸਤ ਅਤੇ ਸੰਦੇਸ਼” ਦੇ ਵਿਸ਼ੇ ਉੱਪਰ ਕਰਵਾਇਆ ਜਾ ਰਿਹਾ ਹੈ। ਅੱਜ ਦੇ ਸੈਮੀਨਾਰ ਦੌਰਾਨ ਬਹੁਤ ਸਾਰੀਆਂ ਮਹਾਨ ਸ਼ਖ਼ਸੀਅਤਾਂ ਅਤੇ ਵਿਦਵਾਨਾਂ ਨੇ ਆਪਣੇ ਵਿਚਾਰਾਂ ਅਤੇ ਖੋਜ-ਭਰਪੂਰ ਪਰਚਿਆਂ ਰਾਹੀਂ ਆਪ ਸੰਗਤਾਂ ਦੇ ਰੂ-ਬ-ਰੂ ਹੋਣਾ ਹੈ। ਮੈਂ ਆਸ ਕਰਦਾ ਹਾਂ, ਆਪ ਸਭ ਅੱਜ ਦੀ ਖੋਜ-ਭਰਪੂਰ ਵਿਚਾਰ-ਚਰਚਾ ਤੋਂ ਜਾਣੂੰ ਹੋ ਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਮਾਰਗ ਦਰਸ਼ਕ ਬਣੋਗੇ। ਆਪ ਸਭ ਨੂੰ ‘ਜੀ ਆਇਆਂ’ ਆਖਦਾ ਹਾਂ ਅਤੇ ਆਪ ਸਭ ਦਾ ਇੱਥੇ ਪਹੁੰਚਣ ‘ਤੇ ਧੰਨਵਾਦ ਵੀ ਕਰਦਾ ਹਾਂ। ਉਨ੍ਹਾਂ ਸੰਗਤਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਦੇ ੩੫੦ ਸਾਲਾ ਸਥਾਪਨਾ ਦਿਵਸ ਸਮੇਂ ੧੬ ਜੂਨ ਨੂੰ ਭਾਈ ਘਨੱਈਆ ਕਾਲਜ ਆਫ਼ ਨਰਸਿੰਗ ਦਾ ਨੀਂਹ ਪੱਥਰ ਵੀ ਰੱਖਿਆ ਜਾਵੇਗਾ। ਅਖੀਰ ਉਨ੍ਹਾਂ ਕਿਹਾ ਕਿ ਮੈਂ ਇਸ ਸੈਮੀਨਾਰ ਦਾ ਰਸਮੀ ਉਦਘਾਟਨ ਕਰਨ ਦੀ ਖੁਸ਼ੀ ਮਹਿਸੂਸ ਕਰਦਿਆਂ ਆਸ ਕਰਦਾ ਹਾਂ ਕਿ ਅੱਜ ਦਾ ਇਹ ਸੈਮੀਨਾਰ ਸਾਡੇ ਸਭ ਲਈ ਲਾਹੇਵੰਦ ਰਹੇਗਾ।

ਸੈਮੀਨਾਰ ‘ਚ ਮੁੱਖ ਮਹਿਮਾਨ ਵਜੋਂ ਪੁੱਜੇ ਸ. ਸੁਖਦੇਵ ਸਿੰਘ ਢੀਂਡਸਾ ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੇ ੩੫੦ ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਪੰਜਾਬ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਂਝੇ ਤੌਰ ‘ਤੇ ਵੱਡੇ ਪੱਧਰ ਤੇ ਮਨਾ ਰਹੀ ਹੈ। ਜਿਸ ਦੀ ਪਹਿਲੀ ਕੜੀ ਵਜੋਂ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਰਾਸਤ ਤੇ ਸੰਦੇਸ਼ ਵਿਸ਼ੇ ਤੇ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਜੋ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਅਜਿਹੇ  ਸੈਮੀਨਾਰ ਹੋਣ ਨਾਲ ਸਾਨੂੰ ਅਰਥ ਭਰਪੂਰ ਜਾਕਾਰੀ ਪ੍ਰਾਪਤ ਹੁੰਦੀ ਹੈ ਜੋ ਸਮੇਂ-ਸਮੇਂ ਕਰਵਾਏ ਜਾਣੇ ਚਾਹੀਦੇ ਹਨ। ਉਨਾਂ ਕਿਹਾ ਕਿ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਾਤ-ਪਾਤ, ਭੇਦ-ਭਾਵ, ਜ਼ੁਲਮ ਦਾ ਵਿਰੋਧ ਕਰਦਿਆਂ ਆਪਸੀ ਭਾਈਚਾਰਕ ਸਾਂਝ ਤੇ ਸਰਬ ਸਾਂਝੀਵਾਲਤਾ ਦਾ ਸੰਦੇਸ਼ ਮਨੁੱਖਤਾ ਨੂੰ ਦਿੱਤਾ ਸੀ ਜਿਸ ਨੂੰ ਸਮੇਂ-ਸਮੇਂ ਅਨੁਸਾਰ ਬਾਕੀ ਗੁਰੂ ਸਾਹਿਬਾਨ ਨੇ ਆਪਣੇ-ਆਪਣੇ ਤਰੀਕੇ ਨਾਲ ਲਾਗੂ ਕੀਤਾ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ‘ਤੇ ਵੱਖ-ਵੱਖ ਜਾਤਾਂ ਤੇ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਵਸਨੀਕਾਂ ਨੂੰ ਖੰਡੇ ਬਾਟੇ ਦੀ ਪਾਹੁਲ ਛਕਾ ਕੇ ਪੰਜ ਪਿਆਰੇ ਸਾਜਿਆ ਤੇ ਨਿਆਰੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਜੋ ਪਹਿਲੀ ਪਾਤਸ਼ਾਹੀ ਵਲੋਂ ਬਖ਼ਸ਼ਿਸ਼ ਫ਼ਲਸਫ਼ੇ ਜਬਰ-ਜ਼ੁਲਮ ਦੇ ਵਿਰੁੱਧ ਤੇ ਹੱਕ-ਸੱਚ, ਇਨਸਾਫ ਲਈ ਕੰਮ ਕਰ ਸਕੇ। ਉਨ੍ਹਾਂ ਕਿਹਾ ਸ. ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ ਪੰਜਾਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਂਝੇ ਉਪਰਾਲੇ ਨਾਲ ਸਿੱਖ ਇਤਿਹਾਸ ਨੂੰ ਕਾਇਮ ਰੱਖਦੇ ਹੋਏ। ਆਉਣ ਵਾਲੀਆਂ ਪੀੜੀਆਂ ਦੀ ਜਾਣਕਾਰੀ ਲਈ ਛੋਟਾ ਘੱਲੂਘਾਰਾ, ਵੱਡਾ ਘੱਲੂਘਾਰਾ, ਚੱਪੜਚਿੜੀ ਦੇ ਮੈਦਾਨ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਅਤੇ ਜਿਸ ਅਸਥਾਨ ਤੇ ਅੱਜ ਸੈਮੀਨਾਰ ਹੋ ਰਿਹਾ ਹੈ ਇਹ ਵਿਰਾਸਤ-ਏ-ਖ਼ਾਲਸਾ ਸਥਾਨ ਤਿਆਰ ਕਰਵਾਏ ਹਨ ਇਨ੍ਹਾਂ ਸਥਾਨਾਂ ਤੋਂ ਸਿੱਖ ਇਤਿਹਾਸ ਸਬੰਧੀ ਅਰਥ ਭਰਪੂਰ ਜਾਣਕਾਰੀ ਮਿਲਦੀ ਹੈ। ਅਖੀਰ ਉਨ੍ਹਾਂ ਕਿਹਾ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦੇ ਹਨ ਕਿ ਉਨ੍ਹਾਂ ਨੇ ਮੈਨੂੰ ਸੈਮੀਨਾਰ ਸਮੇਂ ਮੁੱਖ ਮਹਿਮਾਨ ਵਜੋਂ ਨਿਵਾਜਿਆ ਹੈ।

ਉਚੇਰੀ ਸਿੱਖਿਆ ਮੰਤਰੀ ਪੰਜਾਬ ਡਾ. ਦਲਜੀਤ ਸਿੰਘ ਚੀਮਾ ਨੇ ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਮੇਰੇ ਤੋਂ ਪਹਿਲਾਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ, ਡਾ. ਜਸਪਾਲ ਸਿੰਘ ਵਾਈਸ ਚਾਂਸਲਰ, ਪ੍ਰੋ.  ਪ੍ਰਿਥੀਪਾਲ ਸਿੰਘ ਕਪੂਰ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਇਤਿਹਾਸ ਬਾਰੇ ਅਰਥ ਭਰਪੂਰ ਜਾਣਕਾਰੀ ਸਾਂਝੀ ਕੀਤੀ ਹੈ। ਮੈਂ ਇਨ੍ਹਾਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਹਾਂ। ਉਨ੍ਹਾਂ ਕਿਹਾ ਕਿ ਰਾਜਨੀਤਿਕ ਖੇਤਰ ਦੇ ਨਾਲ ਨਾਲ ਇਸ ਧਰਤੀ ਦੇ ਬਹੁਤ ਨੇੜੇ ਹੋ ਕੇ ਵਿਚਰਨ ਦਾ ਮੈਨੂੰ ਮੌਕਾ ਮਿਲਿਆ ਹੈ। ਇਸ ਧਰਤੀ ਦੇ ਇਤਿਹਾਸ ਬਾਰੇ ਇਥੋਂ ਦੇ ਵਸਨੀਕਾਂ ਪਾਸੋਂ ਮੈਨੂੰ ਬਹੁਤ ਜਾਣਕਾਰੀ ਪ੍ਰਾਪਤ ਹੋਈ ਹੈ। ਉਨ੍ਹਾ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਜ਼ਮੀਨ ਖਰੀਦ ਕੇ ਇਹ ਨਗਰ ਵਸਾਇਆ ਤੇ ਇਸ ਦਾ ਨਾਮ ਆਪਣੀ ਸਤਿਕਾਰਯੋਗ ਮਾਤਾ ਦੇ ਨਾਮ ਤੇ ‘ਚੱਕ ਨਾਨਕੀ’ ਰਖਿਆ ਇਸ ਤੋਂ ਸਿੱਧ ਹੈ ਕਿ ਗੁਰੂ ਸਾਹਿਬ ਨੇ ਇਸਤਰੀ ਜਾਤੀ ਤੇ ਖਾਸਕਰ ਮਾਤਾ ਨੂੰ ਕਿੰਨਾ ਮਾਣ ਤੇ ਸਤਿਕਾਰ ਦਿੱਤਾ ਹੈ ਇਹ ਆਪਣੇ ਆਪ ਵਿਚ ਇਕ ਉਦਾਹਰਣ ਹੈ। ਇਸੇ ਸਥਾਨ ਤੇ ਹੀ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ  ਨੇ ਪੰਜ ਪਿਆਰੇ ਸਾਜ ਕੇ ਇਕ ਵੱਖਰਾ ਤੇ ਨਿਆਰਾ ਧਰਮ ਸਥਾਪਿਤ ਕੀਤਾ ਜਿਸ ਦੀ ਕਿਧਰੇ ਮਿਸਾਲ ਨਹੀਂ ਮਿਲਦੀ ਉਨ੍ਹਾਂ ਕਿਹਾ ਕਿ ਸਿੱਖ ਕੌਮ ਦਾ ਇਤਿਹਾਸ ਵਿਲੱਖਣ ਹੈ ਤੇ ਇਸ ਸ਼ਾਨਾਮੱਤੇ ਇਤਿਹਾਸ ਨੂੰ ਦੁਨੀਆਂ ਦੇ ਸਾਹਮਣੇ ਰੱਖਣ ਦੀ ਜ਼ਰੂਰਤ ਹੈ ਤਾਂ ਜੋ ਦੁਨੀਆਂ ਹੋਰਨਾਂ ਧਰਮਾਂ ਵਿਚੋਂ ਵੀ ਬੁਰਾਈਆਂ ਜਾਤ-ਪਾਤ ਦੇ ਭੇਦ-ਭਾਵ ਆਦਿ ਖਤਮ ਹੋ ਸਕਣ।

ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ ਲੁਧਿਆਣਾ ਵਲੋਂ ਸ੍ਰੀ ਅਨੰਦਪੁਰ ਸਾਹਿਬ ਸਬੰਧੀ ਆਪਣੇ ਕੂੰਜੀਵਤ ਭਾਸ਼ਣ ‘ਚ ਕਿਹਾ ਕਿ ੧੪੬੯ ਈ: ਵਿਚ ਗੁਰੂ ਨਾਨਕ ਸਾਹਿਬ ਦੇ ਆਗਮਨ ਨਾਲ ਹੀ ਪੰਜਾਬ ਦੇ ਗਤੀਸ਼ੀਲ ਵਸਨੀਕਾਂ ਲਈ ਵਿਕਾਸ, ਖੁਸ਼ਹਾਲੀ ਤੇ ਸੰਵੇਦਨਸ਼ੀਲਤਾ ਦੇ ਨਵੇਂ ਯੁੱਗ ਦਾ ਆਰੰਭ ਹੋਇਆ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਿਵੇਕਲੇ ਸੰਦੇਸ਼ ਨੇ ਪੰਜਾਬੀਆਂ ਨੂੰ ਸਾਦਾ ਜੀਵਨ ਨਿਰਬਾਹ, ਸਹਿ-ਹੋਂਦ ਅਤੇ ਬਰਾਬਰੀ ਦੇ ਅਸੂਲਾਂ ਤੇ ਅਧਾਰਤਿ ਸਰਬ ਵਿਆਪੀ ਸਮਾਜਿਕ ਪ੍ਰਣਾਲੀ ਦੇ ਆਦਰਸ਼ਾਂ ਨੂੰ ਅਪਨਾਉਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ੧੯ ਜੂਨ ੨੦੧੫ ਨੂੰ ਅਸੀਂ ਸ੍ਰੀ ਅਨੰਦਪੁਰ ਸਾਹਿਬ ਦੀ ਨੀਂਹ ਰੱਖੇ ਜਾਣ ਦੇ ੩੫੦ਵੇਂ ਸਾਲ ਨੂੰ ਬਹੁਤ ਹੀ ਧੂਮ-ਧਾਮ ਨਾਲ ਮਨਾ ਰਹੇ ਹਾਂ। ਇਸ ਅਵਸਰ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਦੀ ਉਪਲੱਭਧ ਇਤਿਹਾਸਿਕ ਗਵਾਹੀ ਵੱਲ ਸਾਡਾ ਧਿਆਨ ਜਾਣਾ ਸੁਭਾਵਿਕ ਹੈ। ਸਿੱਖ ਧਰਮ ਦੇ ਪੈਰੋਕਾਰ ਮਾਝੇ ਦੇ ਉਪਜਾਉ ਇਲਾਕੇ ਤੋਂ ਬਾਹਰ ਵੀ ਫੈਲ ਚੁੱਕੇ ਸਨ ਅਤੇ ਸਿੱਖ ਲਹਿਰ ਦੀ ਧਾਰਮਿਕ ਨੁਹਾਰ ਨੇ ਸਮੁੱਚੇ ਪੰਜਾਬ ਅਤੇ ਇਸ ਤੋਂ ਵੀ ਦੂਰ-ਦੁਰਾਡੇ ਬਾਹਰਲੇ ਇਲਾਕਿਆਂ ਦੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਸੀ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀਆਂ ਮਾਲਵਾ ਖੇਤਰ ਦੀਆਂ ਅਨੇਕਾਂ ਫੇਰੀਆਂ ਅਤੇ ਇਸੇ ਇਲਾਕੇ ਵਿਚ ਮੁਗ਼ਲ ਹਾਕਮਾਂ ਨਾਲ ਹੋਈਆਂ ਤਕੜੀਆਂ ਸਫਲ ਮੁੱਠ-ਭੇੜਾਂ ਨੇ ਮਾਲਵੇ ਦੇ ਲੋਕਾਂ ਦੀ ਵੱਡੀ ਗਿਣਤੀ ਨੂੰ ਸਿੱਖ ਧਰਮ ਵੱਲ ਲੈ ਆਂਦਾ ਸੀ। ਏਸੇ ਕਰਕੇ ਗੁਰੂ ਸਾਹਿਬ ਨੇ ਸਤਲੁਜ-ਹਿਠਾੜ ਇਲਾਕੇ ਵਿਚ ਕੀਰਤਪੁਰ ਸਾਹਿਬ ਵਿਖੇ ਇਕ ਨਵਾਂ ਕੇਂਦਰ ਬਨਾਉਣ ਦਾ ਵਿਚਾਰ ਬਣਾਇਆ ਅਤੇ ਊਨਾ-ਦੂਨ ਵਾਦੀ ਦੀਆਂ ਪਹਾੜੀ ਧਾਰਾਵਾਂ ਦੇ ਦਾਮਨ ਵਿਚ ਕੀਰਤਪੁਰ ਸਾਹਿਬ ਵਿਖੇ ਇਹ ਕੇਂਦਰ ਸਥਾਪਿਤ ਕੀਤਾ ਸੀ। ਉਨ੍ਹਾਂ ਅੱਗੇ ਕਿਹਾ ਕਿ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਗੁਰਗੱਦੀ ਸੰਭਾਲਣ ਤੋਂ ਪਹਿਲਾਂ ਹੀ ਮਾਲਵੇ ਵਿਚ ਸਿੱਖੀ ਦੇ ਪ੍ਰਚਾਰ-ਪ੍ਰਸਾਰ ਲਈ ਕਈ ਚੱਕਰ ਲਾਏ ਸਨ। ਸ੍ਰੀ ਹਰਿਕ੍ਰਿਸ਼ਨ ਸਾਹਿਬ ਵਲੋਂ ਗੁਰਗੱਦੀ ਲਈ ਨਾਮਜ਼ਦ ਕੀਤੇ ਜਾਣ ਪਿੱਛੋਂ ਉਹ ਬਾਬਾ ਬਕਾਲਾ ਸਾਹਿਬ (ਸ੍ਰੀ ਅੰਮ੍ਰਿਤਸਰ) ਤੋਂ ਕੀਰਤਪੁਰ ਸਾਹਿਬ ਆਏ ਪਰ ਏਥੇ ਉਨ੍ਹਾਂ ਨੇ ਇਕ ਨਵੀਂ ਥਾਂ ਟਿਕਾਣਾ ਬਨਾਉਣ ਦਾ ਫੈਸਲਾ ਕਰ ਲਿਆ ਜੋ ਕੀਰਤਪੁਰ ਸਾਹਿਬ ਤੋਂ ੮ ਕਿਲੋਮੀਟਰ ਦੂਰ ਸੀ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਇਸ ਨਵੇਂ ਕਸਬੇ ਦੀ ਨੀਂਹ ਸ੍ਰੀ ਗੁਰੂ ਨਾਨਕ ਸਾਹਿਬ ਦੇ ਅਨਿਨ ਸੇਵਕ ਬਾਬਾ ਬੁੱਢਾ ਜੀ ਦੇ ਵੰਸ਼ਜ਼, ਭਾਈ ਗੁੱਰਦਿੱਤਾ ਜੀ ਦੁਆਰਾ ਰਖਵਾਈ ਤੇ ਇਸ ਦਾ ਨਾਂ ਆਪਣੀ ਮਾਤਾ ਜੀ ਨੇ ਨਾਮ ਤੇ ਚੱਕ ਨਾਨਕੀ ਰੱਖਿਆ। ਪ੍ਰਚਲਤ ਗਾਥਾ ਅਨੁਸਾਰ ਇਹ ਥਾਂ ਮਾਖੋਵਾਲ ਪਿੰਡ ਦਾ ਥੇਹ ਸੀ। ਥੋੜੇ ਸਮੇਂ ਵਿਚ ਹੀ ਸਿੱਖ ਸੰਗਤਾਂ ਦੀਆਂ ਵਹੀਰਾਂ ਏਥੇ ਪੁੱਜਣ ਲੱਗੀਆਂ ਤੇ ਇਹ ਨਗਰ ਇਕ ਨਵੇਂ ਸਿੱਖ ਕੇਂਦਰ ਵਜੋਂ ਜਾਣਿਆਂ ਜਾਣ ਲੱਗਾ। ਉਨ੍ਹਾਂ ਅੱਗੇ ਕਿਹਾ ਕਿ ਚੱਕ ਨਾਨਕੀ ਵਿਖੇ ਹੀ ਕਸ਼ਮੀਰੀ ਪੀੜਤ ਪੰਡਤ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਆਏ ਤੇ ਉਨ੍ਹਾਂ ਨੇ ਗੁਰੂ ਜੀ ਨੂੰ ਅਗਵਾਹੀ ਦੇਣ ਲਈ ਅਰਜੋਈ ਕੀਤੀ ਏਥੇ ਹੀ ਗੁਰੂ ਜੀ ਨੇ ਮਨੁੱਖਲਤਾ ਲਈ ਧਾਰਮਿਕ ਅਜ਼ਾਦੀ ਹਿਤ ਆਪਾ ਕੁਰਬਾਨ ਕਰਨ ਦਾ ਫੈਸਲਾ ਕੀਤਾ। ਏਥੇ ਹੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਵਿਸ਼ਵਾਸ ਭਰਪੂਰ ਸਰਗਰਮੀਆਂ ਤੇ ਸਿੱਖਾਂ ਅੰਦਰ ਪਨਪ ਰਹੇ ਜੋਸ਼ ਨੇ ਪਹਾੜੀ ਰਾਜਿਆਂ ਦੇ ਮਨਾ ਵਿਚ ਗੁਰੂ ਜੀ ਬਾਰੇ ਕਈ ਵਿਸਵਿਸੇ ਪੈਦਾ ਕੀਤੇ। ਇਸ ਨਗਰ ਨੂੰ ਹੋਰ ਵਧਾਉਣ ਅਤੇ ਇਸ ਦੀ ਸੁਰੱਖਿਆ ਨੂੰ ਪੱਕਾ ਕਰਨ ਲਈ ਕਿਲ੍ਹੇ ਉਸਾਰਨ ਦਾ ਫੈਸਲਾ ਕੀਤਾ ਇਨ੍ਹਾਂ ਕਿਲ੍ਹਿਆਂ ਵਿਚ ਅਨੰਦਗੜ੍ਹ ਸਭ ਤੋਂ ਮਜ਼ਬੂਤ ਕਿਲ੍ਹਾ ਸੀ ਅਤੇ ਕੇਸਗੜ੍ਹ ਕੇਂਦਰੀ ਸਥਾਨ ਤੇ ਸਥਿਤ ਸੀ ਏਸੇ ਕਿਲ੍ਹੇਬੰਦ ਸ਼ਹਿਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਅਨੰਦਪੁਰ ਸਾਹਿਬ ਦਾ ਨਾਮ ਦਿੱਤਾ ਤੇ ਬਾਅਦ ਵਿਚ ਸਿੱਖ ਸੰਗਤਾਂ ਨੇ ਸਤਿਕਾਰ ਵਜੋਂ ਇਸ ਨਾਲ ਸਾਹਿਬ ਸ਼ਬਦ ਜੋੜ ਲਿਆ ਅਤੇ ੧੬੯੯ ਈ: ਵਿਚ ਏਥੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਣਾ ਕਰਕੇ ਇਸ ਧਰਤੀ ਨੂੰ ਪਵਿੱਤਰ ਕਰ ਦਿੱਤਾ ਤੇ ਅੱਜ-ਕਲ੍ਹ ਖ਼ਾਲਸੇ ਦੀ ਜਨਮਭੂਮੀ ਵਜੋਂ ਐਲਾਨੀ ਗਈ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੀ ਵਡਿਆਈ ਦਾ ਭੇਤ ਇਸ ਦੇ ਸੁਨਹਿਰੀ ਇਤਿਹਾਸ ਵਿਚ ਹੀ ਅੰਕਿਤ ਹੈ ਤੇ ਅਸੀਂ ਹੁਣ ਇਸੇ ਸ਼ਾਨਦਾਰ ਅਤੇ ਪਵਿੱਤਰ ਵਿਰਾਸਤ ਦੇ ਜਸ਼ਨ ਮਨਾਉਣ ਜਾ ਰਹੇ ਹਾਂ।

ਸੈਮੀਨਾਰ ਵਿਚ ਡਾ. ਜਸਪਾਲ ਸਿੰਘ ਜੀ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਵਿਸ਼ੇਸ਼ ਤੌਰ ਸ਼ਿਰਕਤ ਕੀਤੀ।

ਸੈਮੀਨਾਰ ਦੇ ਦੂਸਰੇ ਸੈਸ਼ਨ ਦੀ ਪ੍ਰਧਾਨਗੀ ਡਾ. ਗੁਰਮੋਹਨ ਸਿੰਘ ਵਾਲੀਆ ਵਾਈਸ ਚਾਂਸਲਰ ਸ੍ਰੀ ਗੁਰੂ ਗੰ੍ਰਥ ਸਾਹਿਬ ਵਿਸ਼ਵ ਸਿੱਖ ਯੂਨੀਵਰਸਿਟੀ ਨੇ ਕੀਤੀ। ਇਸ ਸਮੇਂ ਡਾ. ਹਰਪਾਲ ਸਿੰਘ ਪੰਨੂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਵਿਰਾਸਤ, ਡਾ ਬਲਵੰਤ ਸਿੰਘ ਢਿੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਅੰਮ੍ਰਿਤਸਰ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਸਥਾਪਨਾ ਅਤੇ ਖਾਲਸਾ ਮਿਸ਼ਨ ਦਾ ਉਦੇਸ, ਡਾ. ਜਸਬੀਰ ਸਿੰਘ ਸਾਬਰ ਸਾਬਕਾ ਡਾਇਰੈਕਟਰ ਨੇ ਸ੍ਰੀ ਅਨੰਦਪੁਰ ਸਾਹਿਬ ਦਾ ਅਮਰ ਸੰਦੇਸ਼: ਸਰੂਪ ਤੇ ਸੰਦਰਭ, ਡਾ. ਸੁਖਦਿਆਲ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਸ੍ਰੀ ਅਨੰਦਪੁਰ ਸਾਹਿਬ ਖਾਲਸਾ ਦੀ ਸਿਟੀ ਸਟੇਟ ਤੇ ਡਾ. ਜਗਬੀਰ ਸਿੰਘ ਦਿੱਲੀ ਨੇ ਭਾਰਤੀ ਸਭਿਅਤਾ ਦੇ ਵਿਸੇਸ਼ ਸੰਦਰਭ ਵਿਚ ਆਦਿ ਵਿਸ਼ਿਆਂ ਤੇ ਪਰਚੇ ਪੜ੍ਹੇ। ਇਸ ਮੌਕੇ ਡਾ. ਰੂਪ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਸੈਮੀਨਾਰ ਦੀ ਸ਼ੁਰੂਆਤ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਦੇ ਵਿਦਿਆਰਥੀਆਂ ਦੁਆਰਾ ‘ਦੇਹ ਸਿਵਾ ਬਰ ਮੋਹਿ ਇਹੈ” ਦਾ ਸ਼ਬਦ ਗਾਇਨ ਕਰਕੇ ਕੀਤੀ ਮੰਚ ਦੀ ਸੇਵਾ ਡਾਕਟਰ ਕਸ਼ਮੀਰ ਸਿੰਘ ਪਿੰ੍ਰਸੀਪਲ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਨੇ ਕੀਤੀ।

ਇਸ ਮੌਕੇ ਸ. ਦਿਆਲ ਸਿੰਘ ਕੋਲਿਆਂਵਾਲੀ, ਸ. ਨਿਰਮੈਲ ਸਿੰਘ ਜੌਲਾਂ, ਸ. ਗੁਰਬਚਨ ਸਿੰਘ ਕਰਮੂੰਵਾਲ ਤੇ ਰਾਮਪਾਲ ਸਿੰਘ ਬਹਿਣੀਵਾਲ ਅੰਤਿੰ੍ਰਗ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ. ਅਮਰਜੀਤ ਸਿੰਘ ਚਾਵਲਾ ਮੈਂਬਰ ਸ਼੍ਰੋਮਣੀ ਕਮੇਟੀ, ਸ. ਜਗੀਰ ਸਿੰਘ ਸਾਬਕਾ ਮੈਂਬਰ, ਡਾਕਟਰ ਰੂਪ ਸਿੰਘ ਸਕੱਤਰ, ਸ. ਸਤਬੀਰ ਸਿੰਘ ਸਾਬਕਾ ਸਕੱਤਰ ਤੇ ਸ. ਬਲਵਿੰਦਰ ਸਿੰਘ ਜੌੜਾਸਿੰਘਾ ਵਧੀਕ ਸਕੱਤਰ ਧਰਮ ਪ੍ਰਚਾਰ ਕਮੇਟੀ, ਸ. ਜਗਜੀਤ ਸਿੰਘ ਤੇ ਸ. ਜਗੀਰ ਸਿੰਘ ਮੀਤ ਸਕੱਤਰ, ਡਾ. ਧਰਮਿੰਦਰ ਸਿੰਘ ਉੱਭਾ ਡਾਇਰੈਕਟਰ ਐਜੂਕੇਸ਼ਨ, ਸ. ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ, ਸ. ਸੁਖਵਿੰਦਰ ਸਿੰਘ ਮੈਨੇਜਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ. ਸਿਮਰਜੀਤ ਸਿੰਘ ਸੰਪਾਦਕ ਗੁਰਮਤਿ ਪ੍ਰਕਾਸ਼, ਸ. ਸੁਰਜੀਤ ਸਿੰਘ ਪਾਤਰ, ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਸਕੂਲਾਂ, ਕਾਲਜਾਂ ਦੇ ਸਮੂੰਹ ਪਿੰ੍ਰਸੀਪਲ ਸਾਹਿਬਾਨ, ਸਟਾਫ਼ ਤੇ ਵੱਡੀ ਗਿਣਤੀ ‘ਚ ਸੰਗਤਾਂ ਹਾਜ਼ਰ ਸਨ।