ਸ਼੍ਰੋਮਣੀ ਕਮੇਟੀ ਵੱਲੋਂ ਗੁਰਮਤਿ ਪ੍ਰਚਾਰ ਲਹਿਰ ਪ੍ਰਚੰਡ ਕਰਨ ਲਈ ਹਫਤਾਵਾਰੀ ਸਮਾਗਮ ਆਰੰਭ

ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਹੋਇਆ ਵਿਸ਼ਾਲ ਗੁਰਮਤਿ ਸਮਾਗਮ

ਤਲਵੰਡੀ ਸਾਬੋ, 21 ਜਨਵਰੀ- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਗਲੇ ਵਰ੍ਹੇ ਆ ਰਹੇ ੫੫੦ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਮਤਿ ਪ੍ਰਚਾਰ ਲਹਿਰ ਤਹਿਤ ਉਲੀਕੇ ਗਏ ਹਫਤਾਵਾਰੀ ਸਮਾਗਮਾਂ ਦੀ ਆਰੰਭਤਾ ਅੱਜ ਇੱਥੇ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਇੱਕ ਵਿਸ਼ਾਲ ਗੁਰਮਤਿ ਸਮਾਗਮ ਨਾਲ ਕੀਤੀ ਗਈ। ਇਸ ਗੁਰਮਤਿ ਸਮਾਗਮ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਨੰਦ ਸਿੰਘ ਤੇ ਭਾਈ ਸਾਹਿਬ ਸਿੰਘ ਦੇ ਰਾਗੀ ਜੱਥਿਆਂ ਅਤੇ ਪ੍ਰਸਿੱਧ ਕਥਾਵਾਚਕ ਭਾਈ ਬਲਦੇਵ ਸਿੰਘ ਲੁਧਿਆਣਾ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਨਾਲ ਜੋੜਿਆ। ਇਸ ਮੌਕੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤਾਂ ਨੂੰ ਬਾਣੀ ਅਤੇ ਬਾਣੇ ਨਾਲ ਜੁੜਨ ਅਤੇ ਗੁਰਮਤਿ ਰਹਿਣੀ ਦੇ ਧਾਰਨੀ ਬਣਨ ਦੀ ਪ੍ਰੇਰਨਾ ਕੀਤੀ।
ਗੁਰਮਤਿ ਸਮਾਗਮ ਦੌਰਾਨ ਵਿਚਾਰ ਸਾਂਝੇ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਗੁਰਬਾਣੀ ਦੀ ਵਿਚਾਰਧਾਰਾ ਮਨੁੱਖ ਦੇ ਜੀਵਨ ਸੁਚੱਜਾ ਬਣਾਉਣ ਲਈ ਉੱਤਮ ਮਾਰਗ ਦਰਸ਼ਨ ਹੈ, ਜਿਸ ‘ਤੇ ਚੱਲਣਾ ਹਰ ਸਿੱਖ ਦਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਨੇ ਕੇਵਲ ਸਿੱਖਾਂ ਨੂੰ ਹੀ ਸੇਧ ਨਹੀਂ ਦਿੱਤੀ ਸਗੋਂ ਉਨ੍ਹਾਂ ਨੇ ਸਮੁੱਚੀ ਮਾਨਵਤਾ ਨੂੰ ਚੰਗੇਰੇ ਜੀਵਨ ਦਾ ਰਸਤਾ ਦਿਖਾਇਆ। ਭਾਈ ਲੌਂਗੋਵਾਲ ਨੇ ਕਿਹਾ ਕਿ ਵਰਤਮਾਨ ਸਮੇਂ ਅੰਦਰ ਦਰਪੇਸ਼ ਸਮਾਜਕ ਚੁਣੌਤੀਆਂ ਨਾਲ ਸਿੱਝਣ ਲਈ ਸਾਨੂੰ ਗੁਰਬਾਣੀ ਨੂੰ ਅਮਲ ਵਿਚ ਲਿਆਉਣਾ ਪਵੇਗਾ। ਉਨ੍ਹਾਂ ਕਿਹਾ ਕਿ ਅੱਜ ਸਮਾਜ ਅੰਦਰ ਨਸ਼ੇ, ਭਰੂਣ ਹੱਤਿਆ, ਵਾਤਾਵਰਣਕ ਪ੍ਰਦੂਸ਼ਣ ਅਤੇ ਦਾਜ ਜਿਹੀਆਂ ਸਮੱਸਿਆਵਾਂ ਮੂੰਹ ਅੱਡੀ ਖੜੀਆਂ ਹਨ ਅਤੇ ਇਸਦੇ ਨਾਲ ਹੀ ਕਿਸਾਨੀ ਦੀ ਹਾਲਤ ਵੀ ਤਰਸਯੋਗ ਦਿਸ਼ਾ ਵਿਚ ਹੈ। ਇਹ ਸਭ ਸਮੱਸਿਆਵਾਂ ਸਮਾਜ ਨੂੰ ਖੋਖਲਾ ਕਰ ਰਹੀਆਂ ਅਤੇ ਇਨ੍ਹਾਂ ਤੋਂ ਨਿਯਾਤ ਪਾਉਣ ਲਈ ਧਰਮ ਦੀਆਂ ਸਿੱਖਿਆਵਾਂ ਉਪਰ ਚੱਲਣ ਦੀ ਲੋੜ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਦੀ ਸੰਸਕ੍ਰਿਤੀ ਨੂੰ ਬਚਾਉਣ ਵਾਲੇ ਸਿੱਖਾਂ ਨੂੰ ਅੱਜ ਕਈ ਸ਼ਕਤੀਆਂ ਕਮਜ਼ੋਰ ਕਰਨ ਦੇ ਰਾਹ ਤੁਰੀਆਂ ਹੋਈਆਂ ਹਨ ਜਿਸਦਾ ਮੁਕਾਬਲਾ ਵੀ ਸਾਨੂੰ ਸੰਯੁਕਤ ਉਪਰਾਲਿਆਂ ਨਾਲ ਕਰਨਾ ਹੋਵੇਗਾ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੇ ਚੁਣੌਤੀਆਂ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਕਮੇਟੀ ਵੱਲੋਂ ਵਿਸ਼ਾਲ ਧਰਮ ਪ੍ਰਚਾਰ ਲਹਿਰ ਆਰੰਭੀ ਗਈ ਹੈ ਜੋ ਜ਼ਮੀਨੀ ਪੱਧਰ ‘ਤੇ ਕਾਰਜਸ਼ੀਲ ਰਹੇਗੀ। ਉਨ੍ਹਾਂ ਕਿਹਾ ਕਿ ਮਾਲਵਾ ਖੇਤਰ ਵਿਚ ਧਰਮ ਪ੍ਰਚਾਰ ਲਹਿਰ ਨੂੰ ਪ੍ਰਚੰਡ ਕਰਨ ਲਈ ਸ਼੍ਰੋਮਣੀ ਕਮੇਟੀ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸਬ-ਆਫਿਸ ਵੀ ਸਥਾਪਤ ਕਰ ਦਿੱਤਾ ਗਿਆ ਹੈ ਜੋ ਇਸ ਖੇਤਰ ਵਿਚ ਧਰਮ ਪ੍ਰਚਾਰ ਲਹਿਰ ਦੀ ਦੇਖ-ਰੇਖ ਕਰੇਗਾ। ਉਨ੍ਹਾਂ ਸੰਗਤਾਂ ਨੂੰ ਧਰਮ ਪ੍ਰਚਾਰ ਲਈ ਸਹਿਯੋਗੀ ਬਣਨ ਦੀ ਅਪੀਲ ਵੀ ਕੀਤੀ।
ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸ. ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਸੰਗਤਾਂ ਨੂੰ ਆਪਣੇ ਵਿਰਸੇ ਅਤੇ ਇਤਿਹਾਸ ਨਾਲ ਜੋੜਨ ਲਈ ਪ੍ਰਚਾਰਕ ਸ਼੍ਰੇਣੀ ਦਾ ਅਹਿਮ ਯੋਗਦਾਨ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਕ ਮਾਤਰ ਅਜਿਹੀ ਸੰਸਥਾ ਹੈ ਜੋ ਵੱਡੀ ਗਿਣਤੀ ਵਿਚ ਪ੍ਰਚਾਰਕਾਂ, ਢਾਡੀ, ਕਵੀਸ਼ਰਾਂ ਤੇ ਰਾਗੀਆਂ ਦੁਆਰਾ ਸੰਗਤਾਂ ਤਕ ਪਹੁੰਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਚਾਰਕ ਸ਼੍ਰੇਣੀ ਦਾ ਵੀ ਫਰਜ਼ ਹੈ ਕਿ ਵਰਤਮਾਨ ਸਮੇਂ ਦੀ ਲੋੜ ਅਨੁਸਾਰ ਪ੍ਰਚਾਰ ਢੰਗ ਅਪਣਾਉਣ। ਉਨ੍ਹਾਂ ਕਿਹਾ ਕਿ ਸਾਡੇ ਪਾਸ ਸੰਗਤਾਂ ਨੂੰ ਦੱਸਣ ਲਈ ਅਮੀਰ ਤੇ ਵਿਲੱਖਣ ਇਤਿਹਾਸ ਹੈ ਜੋ ਸੁਣਨ ਵਾਲਿਆਂ ਨੂੰ ਸਹਿਜੇ ਹੀ ਧਰਮ ਨਾਲ ਜੋੜਨ ਲਈ ਉਤਸ਼ਾਹਤ ਕਰਦਾ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਗੁਰਮਤਿ ਪ੍ਰਚਾਰ ਲਹਿਰ ਨੂੰ ਪ੍ਰਚੰਡ ਕਰਨ ਲਈ ਹਫਤਾਵਾਰੀ ਸਮਾਗਮ ਆਰੰਭ ਕਰਨ ਦੀ ਪ੍ਰਸ਼ੰਸਾ ਵੀ ਕੀਤੀ। ਇਸ ਸਮੇਂ ਸਟੇਜ ਦੀ ਸੇਵਾ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਕੇਵਲ ਸਿੰਘ ਭੂਰਾ ਕੋਹਨਾ ਨੇ ਨਿਭਾਈ।
ਇਸ ਮੌਕੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ, ਵਿਧਾਇਕ ਸ. ਦਿਲਰਾਜ ਸਿੰਘ ਭੂੰਦੜ, ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਸ. ਗੁਰਤੇਜ ਸਿੰਘ ਢੱਡੇ, ਸ. ਗੁਰਮੀਤ ਸਿੰਘ ਬੂਹ, ਬਾਬਾ ਗੁਰਮੀਤ ਸਿੰਘ ਤਰਲੋਕੇਵਾਲਾ, ਸ. ਨਵਤੇਜ ਸਿੰਘ ਕਾਉਣੀ ਤੇ ਸ. ਹਰਦੇਵ ਸਿੰਘ ਰੋਗਲਾ, ਮੈਂਬਰ ਸ. ਮੋਹਣ ਸਿੰਘ ਬੰਗੀ, ਜਥੇਦਾਰ ਅਵਤਾਰ ਸਿੰਘ ਵਣਵਾਲਾ, ਸ. ਬਿੱਕਰ ਸਿੰਘ ਚੰਨੂ, ਸ. ਅਮਰੀਕ ਸਿੰਘ ਕੋਟਸ਼ਮੀਰ, ਸ. ਰਾਮਪਾਲ ਸਿੰਘ ਬਹਿਣੀਵਾਲ, ਸ. ਮਨਜੀਤ ਸਿੰਘ ਬੱਪੀਆਣਾ, ਬਾਬਾ ਸੁਖਚੈਨ ਸਿੰਘ ਧਰਮਪੁਰਾ, ਬੀਬੀ ਪਰਮਜੀਤ ਕੌਰ, ਜਥੇਦਾਰ ਇੰਦਰਮੋਹਣ ਸਿੰਘ ਲ਼ਖਮੀਰੇਵਾਲ, ਬੀਬੀ ਰਣਜੀਤ ਕੌਰ ਘਰਾਚੋਂ, ਬੀਬੀ ਗੁਰਿੰਦਰ ਕੌਰ ਭੋਲੂਵਾਲਾ, ਬੀਬੀ ਕਿਰਨਵੀਰ ਕੌਰ ਭੁੱਲਰ, ਸ. ਬਲਦੇਵ ਸਿੰਘ ਚੂੰਘਾ, ਸ. ਸੁਖਦਰਸ਼ਨ ਸਿੰਘ ਮਰਾੜ, ਜਥੇਦਾਰ ਲਾਭ ਸਿੰਘ ਦੇਵੀਨਗਰ, ਸ. ਜਗਸੀਰ ਸਿੰਘ ਮਾਂਗੇਆਣਾ, ਸ. ਮਿੱਠੂ ਸਿੰਘ ਕਾਹਨੇਕੇ, ਸ. ਸੁਖਦੇਵ ਸਿੰਘ ਬਾਠ, ਸ. ਸੁਰਜੀਤ ਸਿੰਘ ਰਾਏਪੁਰ, ਬੀਬੀ ਨਰਿੰਦਰ ਕੌਰ ਰਣੀਆ, ਬੀਬੀ ਜੋਗਿੰਦਰ ਕੌਰ ਬਠਿੰਡਾ, ਬੀਬੀ ਜਸਬੀਰ ਕੌਰ ਦਾਤੇਵਾਸ, ਸ. ਕੌਰ ਸਿੰਘ, ਸ. ਉਦੈ ਸਿੰਘ ਲੌਂਗੋਵਾਲ, ਸ. ਸੁਖਦੇਵ ਸਿੰਘ ਦਿਆਲਪੁਰਾ, ਸ. ਦਰਸ਼ਨ ਸਿੰਘ ਕੋਟਫੱਤਾ, ਸ. ਸਵਰਨ ਸਿੰਘ ਹੀਰੇਵਾਲਾ, ਬਾਬਾ ਮੇਜਰ ਸਿੰਘ, ਬਾਬਾ ਅਰਜਨ ਦੇਵ ਸਿੰਘ, ਬਾਬਾ ਛੋਟਾ ਸਿੰਘ, ਸ. ਗੁਰਮੀਤ ਸਿੰਘ ਬੁਰਜਮਹਿਮਾ, ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਪ੍ਰੋ: ਬਲਵਿੰਦਰ ਸਿੰਘ ਜੌੜਾ ਸਿੰਘਾ, ਸ. ਕੇਵਲ ਸਿੰਘ ਗਿੱਲ, ਸ. ਕਰਨ ਸਿੰਘ, ਸ. ਬਲਦੇਵ ਸਿੰਘ ਤੇ ਸ. ਗੁਰਲਾਲ ਸਿੰਘ ਮੈਨੇਜਰ, ਗਿਆਨੀ ਜਸਵਿੰਦਰ ਸਿੰਘ ਸ਼ਹੂਰ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।