ਫੈਡਰੇਸ਼ਨ ਗਰੇਵਾਲ ਦੇ ਉਪਰਾਲੇ ਦੀ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਭਰਵੀਂ ਸ਼ਲਾਘਾ

ਅੰਮ੍ਰਿਤਸਰ, ੧੫ ਦਸੰਬਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਰੰਭੀ ਗਈ ‘ਇਕ ਪਿੰਡ ਇਕ ਗੁਰਦੁਆਰਾ ਸਾਹਿਬ’ ਮੁਹਿੰਮ ਦਾ ਹਿੱਸਾ ਬਣਦਿਆਂ ਸਰਹੱਦੀ ਜ਼ਿਲ੍ਹਾ ਫਾਜ਼ਿਲਕਾ ‘ਚ ਪੈਂਦੇ ਪਿੰਡ ਫਤਹਿਗੜ੍ਹ ਦੇ ਵਾਸੀਆਂ ਵੱਲੋਂ ਦੋ ਗੁਰਦੁਆਰਿਆਂ ਤੋਂ ਇਕ ਗੁਰਦੁਆਰਾ ਸਾਹਿਬ ਕੀਤਾ ਗਿਆ। ਇਸ ਦੌਰਾਨ ਇੱਕ ਗੁਰਦੁਆਰਾ ਸਾਹਿਬ ਤੋਂ ਦੂਸਰੇ ਗੁਰੂ ਘਰ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਲਿਜਾਣ ਦੀ ਸੇਵਾ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਖੁਦ ਕੀਤੀ। ਇਹ ਦ੍ਰਿਸ਼ ਬੇਹੱਦ ਅਲੌਕਿਕ ਸੀ ਕਿਉਂਕਿ ਗਤਕਾ ਪਾਰਟੀਆਂ, ਬੈਂਡ ਪਾਰਟੀਆਂ, ਸਕੂਲੀ ਬੱਚਿਆਂ ਤੇ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਸਭ ਦਾ ਮਨ ਮੋਹ ਰਹੀ ਸੀ। ਜੈਕਾਰਿਆਂ ਦੀ ਗੂੰਜ ਤੇ ਸਤਿਨਾਮ ਵਾਹਿਗੁਰੂ ਦੇ ਜਾਪ ਨਾਲ ਸੰਗਤਾਂ ਦਾ ਵੱਡਾ ਇਕੱਠ ਦੂਸਰੇ ਗੁਰਦੁਆਰਾ ਸਾਹਿਬ ਪਹੁੰਚਿਆ। ਦੱਸਣਯੋਗ ਹੈ ਕਿ ਪਿੰਡ ਵਿਚ ਇਕ ਗੁਰਦੁਆਰਾ ਸਾਹਿਬ ਕਰਨ ਲਈ ਪਿੰਡ ਵਾਸੀਆਂ ਨੂੰ ਪ੍ਰੇਰਣਾ ਕਰਨ ਵਿਚ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਵਿਸ਼ੇਸ਼ ਭੂਮਿਕਾ ਨਿਭਾਈ ਹੈ।
ਇਸ ਸਬੰਧ ਵਿਚ ਪਿੰਡ ਦੀਆਂ ਸੰਗਤਾਂ ਵੱਲੋਂ ਸਾਂਝੇ ਤੌਰ ‘ਤੇ ਇਕ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪਿੰਡ ਵਾਸੀਆਂ ਦੇ ਫੈਸਲੇ ਦੀ ਭਰਵੀਂ ਸ਼ਲਾਘਾ ਕੀਤੀ। ਉਨ੍ਹਾਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰਦੁਆਰਾ ਸਾਹਿਬ ਸਿੱਖੀ ਪ੍ਰਚਾਰ ਦੇ ਕੇਂਦਰ ਹਨ, ਪਰੰਤੂ ਇਕ ਪਿੰਡ ਵਿਚ ਕਈ-ਕਈ ਗੁਰਦੁਆਰਾ ਸਾਹਿਬਾਨ ਬਣ ਜਾਣ ਕਾਰਨ ਜਿਥੇ ਬੇਹਤਰ ਸੇਵਾ ਸੰਭਾਲ ਵਿਚ ਕਮੀ ਆਈ ਹੈ, ਉਥੇ ਆਪਸੀ ਭਾਈਚਾਰਕ ਪਾੜਾ ਵੀ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਬਹੁਤੇ ਗੁਰਦੁਆਰਾ ਸਾਹਿਬ ਬਣਨ ਦਾ ਕਾਰਨ ਜਿਥੇ ਆਪਸੀ ਧੜ੍ਹੇਬੰਦੀ ਹੈ ਉਥੇ ਹੀ ਜਾਤ-ਪਾਤ ਨੂੰ ਆਧਾਰ ਬਣਾ ਕੇ ਪੈਦਾ ਕੀਤੀਆਂ ਜਾ ਰਹੀਆਂ ਸਮਾਜਿਕ ਵੰਡੀਆਂ ਵੀ ਹਨ। ਉਨ੍ਹਾਂ ਸੰਗਤਾਂ ਨੂੰ ਪ੍ਰੇਰਣਾ ਕਰਦਿਆਂ ਆਖਿਆ ਕਿ ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਸਮਾਜਿਕ ਏਕਤਾ ਅਤੇ ਭਾਈਚਾਰਕ ਸਾਂਝ ਦਾ ਰਾਹ ਦਿਖਾਉਂਦੀ ਹੈ ਅਤੇ ਇਸੇ ਨੂੰ ਮੁੱਖ ਰੱਖ ਕੇ ਸ਼੍ਰੋਮਣੀ ਕਮੇਟੀ ਵੱਲੋਂ ਇਕ ਪਿੰਡ ਵਿਚ ਕੇਵਲ ਇਕ ਗੁਰਦੁਆਰਾ ਸਾਹਿਬ ਰੱਖਣ ਦੀ ਪ੍ਰੇਰਣਾ ਲਈ ਮੁਹਿੰਮ ਆਰੰਭੀ ਗਈ ਹੈ। ਭਾਈ ਲੌਂਗੋਵਾਲ ਨੇ ਸਿੱਖ ਜਗਤ ਨੂੰ ਅਪੀਲ ਕੀਤੀ ਕਿ ਉਹ ਇਸ ਲਹਿਰ ਦਾ ਹਿੱਸਾ ਬਣਨ ਅਤੇ ਪੰਥਕ ਏਕਤਾ ਲਈ ਵਿਚਾਰਧਾਰਕ ਵਖਰੇਵਿਆਂ ਨੂੰ ਇਕ ਪਾਸੇ ਰੱਖਣ। ਉਨ੍ਹਾਂ ਪਿੰਡਾਂ ਅੰਦਰ ਇਕ ਗੁਰਦੁਆਰਾ ਸਾਹਿਬ ਕਰਨ ਲਈ ਫੈਡਰੇਸ਼ਨ ਆਗੂ ਭਾਈ ਗੁਰਚਰਨ ਸਿੰਘ ਗਰੇਵਾਲ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਇਸ ਨੂੰ ਕੌਮੀ ਹਿੱਤ ਵਿਚ ਦੱਸਿਆ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਲਈ ੫੦ ਹਜਾਰ ਰੁਪਏ ਦੀ ਮਾਲੀ ਸਹਾਇਤਾ ਅਤੇ ੫੦ ਹਜਾਰ ਰੁਪਏ ਦੀਆਂ ਧਾਰਮਿਕ ਪੁਸਤਕਾਂ ਦੇਣ ਦਾ ਐਲਾਨ ਵੀ ਕੀਤਾ।
ਇਸ ਸਮੇਂ ਵਿਚਾਰ ਸਾਂਝੇ ਕਰਦਿਆਂ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਸਿੱਖਾਂ ਨੇ ਪੰਥਕ ਏਕਤਾ ਦੇ ਬਲ ਨਾਲ ਹੀ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ, ਪਰੰਤੂ ਚਿੰਤਾਜਨਕ ਗੱਲ ਇਹ ਹੈ ਕਿ ਅੱਜ ਅਸੀਂ ਆਪਣੀਆਂ ਰਵਾਇਤਾਂ ਅਤੇ ਗੁਰੂ ਉਪਦੇਸ਼ਾਂ ਨੂੰ ਭੁੱਲਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਗੁਰੂ ਘਰ ਵੱਖ ਵੱਖ ਬਣਾਉਣ ਦਾ ਮਤਲਬ ਗੁਰੂ ਸਾਹਿਬ ਦੀ ਵਿਚਾਰਧਾਰਾ ਤੋਂ ਕਿਨਾਰਾ ਕਰਨਾ ਹੈ। ਭਾਈ ਗਰੇਵਾਲ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਵੱਲੋਂ ਪੰਥਕ ਏਕਤਾ ਲਈ ਕੀਤੇ ਜਾ ਰਹੇ ਯਤਨਾਂ ਨੂੰ ਸਲਾਹਿਆ ਅਤੇ ਇਕ ਪਿੰਡ ਇਕ ਗੁਰਦੁਆਰਾ ਸਾਹਿਬ ਮੁਹਿੰਮ ਨੂੰ ਹੋਰ ਤੇਜ ਕਰਨ ਲਈ ਸਹਿਯੋਗੀ ਬਣੇ ਰਹਿਣ ਦੀ ਵਚਨਬਧਤਾ ਦਾ ਪ੍ਰਗਟਾਵਾ ਵੀ ਕੀਤਾ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਸੂਬਾ ਸਿੰਘ ਡੱਬਵਾਲਾ ਅਤੇ ਜਥੇਦਾਰ ਅਵਤਾਰ ਸਿੰਘ ਵਣਵਾਲਾ ਨੇ ਵੀ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ। ਸਟੇਜ ਦੀ ਸੇਵਾ ਫੈਡਰੇਸ਼ਨ ਆਗੂ ਸ. ਦਿਲਬਾਗ ਸਿੰਘ ਵਿਰਕ ਨੇ ਨਿਭਾਈ। ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪਿੰਡ ਦੀਆਂ ਸੰਗਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ, ਜਦਕਿ ਪਿੰਡ ਵਾਸੀਆਂ ਵੱਲੋਂ ਵੀ ਭਾਈ ਲੌਂਗੋਵਾਲ, ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਸੂਬਾ ਸਿੰਘ ਡੱਬਵਾਲਾ, ਜਥੇਦਾਰ ਅਵਤਾਰ ਸਿੰਘ ਵਣਵਾਲਾ, ਸ. ਸਰੂਪ ਸਿੰਘ ਨੰਦਗੜ੍ਹ ਸਾਬਕਾ ਮੈਂਬਰ, ਸ. ਦਿਲਬਾਗ ਸਿੰਘ ਵਿਰਕ ਕੌਮੀ ਜਨਰਲ ਸਕੱਤਰ ਫੈਡਰੇਸ਼ਨ, ਪ੍ਰਚਾਰਕ ਭਾਈ ਜਸਵਿੰਦਰਪਾਲ ਸਿੰਘ, ਸ੍ਰੀ ਦਰਬਾਰ ਸਾਹਿਬ ਮੁਕਤਸਰ ਸਾਹਿਬ ਦੇ ਮੈਨੇਜਰ ਸ. ਬਲਦੇਵ ਸਿੰਘ, ਸ. ਸੁਰਜੀਤ ਸਿੰਘ ਸੋਢੀ, ਸਰਪੰਚ ਜਸਵਿੰਦਰ ਸਿੰਘ, ਸਾਬਕਾ ਸਰਪੰਚ ਹਰਬੰਸ ਲਾਲ, ਸ. ਹਰਬੰਸ ਸਿੰਘ, ਗੁਰਦੁਆਰਾ ਕਮੇਟੀ ਪ੍ਰਧਾਨ ਸ. ਅਮਰੀਕ ਸਿੰਘ, ਸ. ਹਰਜੀਤ ਸਿੰਘ ਹੀਰਾ ਸਾਬਕਾ ਮੈਂਬਰ, ਸ. ਗੁਰਪ੍ਰੀਤ ਸਿੰਘ, ਸ. ਗੁਰਕੀਰਤਨ ਸਿੰਘ, ਸ. ਧਰਮਿੰਦਰ ਸਿੰਘ ਰੋੜਾਵਾਲੀ ਸਾਰੇ ਜ਼ਿਲ੍ਹਾ ਪ੍ਰਧਾਨ ਫੈਡਰੇਸ਼ਨ, ਸ. ਅਵਤਾਰ ਸਿੰਘ, ਸ. ਨਿਸ਼ਾਲ ਸਿੰਘ ਬੁੱਢੀਮਾਲ, ਸ. ਸਵਰਨ ਸਿੰਘ ਸੰਧੂ, ਸ. ਹਰਜਿੰਦਰ ਸਿੰਘ ਤਰੋਬੜੀ, ਸ. ਸਤਵੰਤ ਸਿੰਘ ਸੰਧੂ. ਗੁਰਜੀਤ ਸਿੰਘ ਫਾਜਿਲਕਾ ਆਦਿ ਮੌਜੂਦ ਸਨ।