ਅੰਮ੍ਰਿਤਸਰ, ੬ ਜੁਲਾਈ- ਧਰਮ ਪ੍ਰਚਾਰ ਕਮੇਟੀ ਵੱਲੋਂ ਹਰਿਆਣਾ ਅੰਦਰ ਗੁਰਮਤਿ ਪ੍ਰਚਾਰ ਲਈ ਕਾਰਜਸ਼ੀਲ ਸਿੱਖ ਮਿਸ਼ਨ ਕੁਰੂਕੁਸ਼ੇਤਰ ਦੇ ਸਟਾਫ਼ ਮੈਂਬਰਾਂ ਵੱਲੋਂ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ ੪੬ ਹਜ਼ਾਰ ਰੁਪਏ ਭੇਟ ਕੀਤੇ ਗਏ ਹਨ। ਮਿਸ਼ਨ ਦੇ ਇੰਚਾਰਜ ਸ. ਮੰਗਪ੍ਰੀਤ ਸਿੰਘ ਨੇ ਇਸ ਰਾਸ਼ੀ ਦਾ ਚੈੱਕ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿਘ ਮਹਿਤਾ, ਮੈਂਬਰ ਭਾਈ ਰਾਮ ਸਿੰਘ, ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਸ. ਮਨਜੀਤ ਸਿੰਘ ਬਾਠ, ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ ਦੀ ਮੌਜੂਦਗੀ ਵਿਚ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਮੁਖਤਾਰ ਸਿੰਘ ਚੀਮਾ ਨੂੰ ਸੌਂਪਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਅਤੇ ਅਧਿਕਾਰੀਆਂ ਨੇ ਭਾਈ ਮੰਗਪ੍ਰੀਤ ਸਿੰਘ ਅਤੇ ਉਨ੍ਹਾਂ ਨਾਲ ਆਏ ਸਟਾਫ਼ ਮੈਂਬਰਾਂ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤਾ ਕੀਤਾ। ਭਾਈ ਮਹਿਤਾ ਨੇ ਕਿਹਾ ਕਿ ਗੁਰੂ ਕੇ ਲੰਗਰਾਂ ਲਈ ਦਸਵੰਧ ਕੱਢਣਾ ਗੁਰਮਤਿ ਦੀ ਰਵਾਇਤ ਹੈ। ਉਨ੍ਹਾਂ ਕਿਹਾ ਕਿ ਜਿਥੇ ਦੇਸ਼ ਦੁਨੀਆਂ ਵਿਚ ਵੱਸਦੇ ਗੁਰੂ ਘਰ ਦੇ ਸ਼ਰਧਾਲੂ ਲੰਗਰਾਂ ਲਈ ਰਸਦਾਂ ਤੇ ਮਾਇਆ ਭੇਜ ਰਹੇ ਹਨ, ਉਥੇ ਹੀ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਵੱਲੋਂ ਵੀ ਆਪਣੀ ਸਮਰੱਥਾ ਅਨੁਸਾਰ ਹਿੱਸਾ ਪਾਇਆ ਜਾ ਰਿਹਾ ਹੈ। ਇਸ ਮੌਕੇ ਵਧੀਕ ਮੈਨੇਜਰ ਸ. ਰਾਜਿੰਦਰ ਸਿੰਘ ਰੂਬੀ ਵੀ ਮੌਜੂਦ ਸਨ।