ਅੰਮ੍ਰਿਤਸਰ, ੧੯ ਮਈ- ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੋਢੀ, ਵਿਸ਼ਵ ਪ੍ਰਸਿੱਧ ਸਿੱਖ ਸ਼ਖਸੀਅਤ ਡਾਕਟਰ ਸੰਤੋਖ ਸਿੰਘ ਭੋਪਾਲ ਦੇ ਅਕਾਲ ਚਲਾਣੇ ‘ਤੇ ਸਿੱਖ ਕੌਮ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਧਕ ਕਮੇਟੀ ਵੱਲੋਂ ਗਹਿਰੇ ਦੁੱਖ ਦਾ ਇਜਹਾਰ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਜਾਰੀ ਇੱਕ ਬਿਆਨ ਵਿਚ ਆਖਿਆ ਕਿ ਡਾ. ਸੰਤੋਖ ਸਿੰਘ ਸਿੱਖ ਨੌਜਵਾਨੀ ਅੰਦਰੋਂ ਆਗੂ ਪੈਦਾ ਕਰਨ ਵਾਲੀ ਇੱਕ ਸੰਸਥਾ ਵੱਜੋਂ ਜਾਣੇ ਜਾਂਦੇ ਸਨ, ਜਿਨ੍ਹਾਂ ਨੇ ਆਪਣੇ ਸਮੇਂ ਵਿਚ ਸਿੱਖ ਨੌਜਵਾਨੀ ਨੂੰ ਸੇਧ ਤੇ ਅਗਵਾਈ ਦੇ ਕੇ ਸਿੱਖ ਰਾਜਨੀਤੀ ਅਤੇ ਸਮਾਜ ਸੇਵਾ ਵਿਚ ਭਰਵਾਂ ਹਿੱਸਾ ਪਾਉਣ ਦੀ ਚਿਣਗ ਲਾਈ। ਸਿੱਖਾਂ ਦੀ ਵਿਲੱਖਣ ਹੋਂਦ, ਹਸਤੀ ਤੇ ਪਹਿਚਾਣ ਨੂੰ ਦ੍ਰਿੜ੍ਹ ਕਰਨ ਵਿੱਚ ਡਾਕਟਰ ਸਾਹਿਬ ਨੇ ਅਦੁੱਤੀ ਹਿੱਸਾ ਪਾਇਆ। ਉਹ ਚੰਗੇ ਸਿੱਖ ਆਗੂ ਤੇ ਵਿਸ਼ਵ ਪੱਧਰ ਦੇ ਬੁਲਾਰੇ ਹੋਣ ਦੇ ਨਾਲ ਨਾਲ ਪ੍ਰਸਿੱਧ ਸਿੱਖ ਡਾਕਟਰ ਵੀ ਸਨ ਜਿਨ੍ਹਾਂ ਤੋਂ ਅੱਖਾਂ ਦੇ ਮਾਹਰ ਡਾਕਟਰ ਦਲਜੀਤ ਸਿੰਘ ਵਰਗੇ ਅਨੇਕਾਂ ਵਿਦਿਆਰਥੀਆਂ ਨੇ ਮੈਡੀਕਲ ਦੀ ਤਾਲੀਮ ਪ੍ਰਾਪਤ ਕਰ ਕੇ ਨਾਮ ਕਮਾਇਆ। ਡਾ. ਰੂਪ ਸਿੰਘ ਨੇ ਕਿਹਾ ਕਿ ਅਜਿਹੇ ਪ੍ਰਤੀਨਿਧ ਸਿੱਖ ਦਾ ਚਲਾਣਾ ਸਿੱਖ ਹਲਕਿਆਂ ਅੰਦਰ ਵੱਡਾ ਘਾਟਾ ਹੈ ਜਿਸ ਦੀ ਪੂਰਤੀ ਮੁਸ਼ਕਿਲ ਹੀ ਨਹੀਂ ਸਗੋਂ ਅਸੰਭਵ ਹੈ। ਉਨ੍ਹਾਂ ਡਾ. ਸੰਤੋਖ ਸਿੰਘ ਦੀ ਦੇਣ ਨੂੰ ਯਾਦ ਕਰਦਿਆਂ ਕਿਹਾ ਕਿ ਅਜਿਹੇ ਆਗੂ ਸਮਿਆਂ ਬਾਅਦ ਜਨਮਦੇ ਹਨ ਜਿਹੜੇ ਨਵੀਆਂ ਪੈੜਾ ਦੇ ਸਿਰਜਕ ਬਣ ਕੇ ਸਮਾਜ ਲਈ ਦਿਸ਼ਾ ਸੂਚਕ ਬਣਦੇ ਹੋਣ। ਉਨ੍ਹਾਂ ਕਿਹਾ ਕਿ ਡਾਕਟਰ ਸੰਤੋਖ ਸਿੰਘ ਅੰਦਰ ਸਿੱਖ ਜਜਬਾ ਕੁੱਟ ਕੁੱਟ ਕੇ ਭਰਿਆ ਹੋਇਆ ਸੀ ਅਤੇ ਉਹ ਹਮੇਸ਼ਾ ਸਿੱਖੀ ਦੀ ਚੜ੍ਹਦੀ ਕਲਾ ਲਈ ਸੋਚਦੇ ਸਨ। ਡਾ. ਰੂਪ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਪਹਿਲੀ ਵਾਰ ਡਾ. ਸੰਤੋਖ ਸਿੰਘ ਨਾਲ ੧੯੯੨ ਵਿਚ ਸੰਪਰਕ ਬਣਿਆ ਸੀ ਅਤੇ ਉਦੋਂ ਤੋਂ ਲੈ ਕੇ ਡਾਕਟਰ ਸਾਹਿਬ ਦੇ ਸਿੱਖੀ ਸਰੋਕਾਰਾਂ ਵਾਲੇ ਜੀਵਨ ਨੂੰ ਸਮਝਣ ਤੇ ਜਾਣਨ ਦੇ ਅਨੇਕਾਂ ਮੌਕੇ ਬਣੇ। ਉਨ੍ਹਾਂ ੯੬ ਸਾਲਾ ਸਿੱਖ ਆਗੂ ਦੀ ਮੱਧ ਪ੍ਰਦੇਸ਼ ਅੰਦਰ ਸਿੱਖੀ ਦੇ ਪ੍ਰਸਾਰ ਲਈ ਕੀਤੇ ਕੰਮਾਂ ਨੂੰ ਯਾਦਗਾਰੀ ਕਰਾਰ ਦਿੰਦਿਆਂ ਉਥੋਂ ਦੇ ਸਿੱਖਾਂ ਨੂੰ ਇੱਕ ਸੁਯੋਗ ਅਗਵਾਈ ਤੇ ਸਲਾਹ ਦੇਣ ਵਾਲੇ ਆਗੂ ਤੋਂ ਵਿਰਵਾ ਹੋਣ ਦੀ ਗੱਲ ਵੀ ਆਖੀ। ਉਨ੍ਹਾਂ ਕਿਹਾ ਕਿ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੋਢੀ ਸਾਥੀਆਂ ਡਾ. ਜਸਵੰਤ ਸਿੰਘ ਨੇਕੀ, ਸ. ਭਾਨ ਸਿੰਘ ਸਾਬਕਾ ਸਕੱਤਰ ਸ਼੍ਰੋਮਣੀ ਕਮੇਟੀ ਆਦਿ ਨਾਲ ਮਿਲ ਕੇ ਜੋ ਅਗਵਾਈ ਸਿੱਖ ਨੌਜਵਾਨੀ ਨੂੰ ਦਿੱਤੀ ਉਹ ਸਦਾ ਯਾਦ ਰੱਖੀ ਜਾਵੇਗੀ। ਡਾ. ਰੂਪ ਸਿੰਘ ਨੇ ਡਾਕਟਰ ਸੰਤੋਖ ਸਿੰਘ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਉਨ੍ਹਾਂ ਦੇ ਦੁੱਖ ਵਿਚ ਸ਼ਰੀਕ ਹੈ । ਇਸ ਦੇ ਨਾਲ ਹੀ ਮੁੱਖ ਸਕਤਰ ਨੇ ਅਜੋਕੀ ਸਿੱਖ ਨੌਜਵਾਨੀ ਨੂੰ ਡਾਕਟਰ ਸਾਜਿਬ ਦੇ ਜੀਵਨ ਤੇ ਘਾਲਣਾ ਤੋਂ ਪ੍ਰੇਰਣਾ ਲੈਣ ਦੀ ਅਪੀਲ ਵੀ ਕੀਤੀ।