ਸੰਗਤਾਂ ਨੂੰ ਨਹੀਂ ਪੇਸ਼ ਆਵੇਗੀ ਕੋਈ ਮੁਸ਼ਕਿਲ – ਡਾ. ਰੂਪ ਸਿੰਘ

ਅੰਮ੍ਰਿਤਸਰ, 12 ਅਕਤੂਬਰ-
ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਹਮੇਸ਼ਾਂ ਦੀ ਤਰ੍ਹਾਂ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿਚ ਪੁੱਜ ਰਹੀਆਂ ਸੰਗਤਾਂ ਦੀ ਰਿਹਾਇਸ਼ ਦੇ ਪ੍ਰਬੰਧਾਂ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਚੌਗਿਰਦੇ ਨੇੜਲੇ ਹੋਟਲ ਮਾਲਕਾਂ ਨਾਲ ਇਕੱਤਰਤਾ ਕੀਤੀ ਗਈ। ਇਕੱਤਰਤਾ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿਚ ਇਸ ਵਾਰ ਪ੍ਰਕਾਸ਼ ਪੁਰਬ ਨੂੰ ਵੱਖ-ਵੱਖ ਤਰੀਕਿਆਂ ਨਾਲ ਸਮਾਜਕ ਚੇਤਨਾ ਪੈਦਾ ਕਰਨ ਦੀ ਮਨਸ਼ਾ ਤਹਿਤ ਮਨਾਇਆ ਜਾਵੇਗਾ। ਇਸ ਮੌਕੇ ਮੁੱਖ ਸਕੱਤਰ ਵੱਲੋਂ ਹੋਟਲ ਮਾਲਕਾਂ ਨੂੰ ਪ੍ਰਕਾਸ਼ ਪੁਰਬ ਸਮੇਂ ਸੰਗਤਾਂ ਦੀ ਰਹਾਇਸ਼ ਲਈ ਸ਼੍ਰੋਮਣੀ ਕਮੇਟੀ ਦਾ ਸਹਿਯੋਗ ਕਰਨ ਦੀ ਅਪੀਲ ’ਤੇ ਹੋਟਲ ਮਾਲਕਾਂ ਨੇ 200 ਕਮਰੇ ਦੀ ਫਰੀ ਸੇਵਾ ਕਰਨ ਦਾ ਭਰੋਸਾ ਦਿੱਤਾ। ਇਸ ਬਾਰੇ ਡਾ. ਰੂਪ ਸਿੰਘ ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਮੌਕੇ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚਣਗੀਆਂ ਜਿਨ੍ਹਾਂ ਦੀ ਰਿਹਾਇਸ਼ ਦੇ ਅਗਾਊਂ ਪ੍ਰਬੰਧਾਂ ਲਈ ਹੋਟਲ ਮਾਲਕਾਂ ਨਾਲ ਗੱਲਬਾਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹੋਟਲਾਂ ਵਾਲਿਆਂ ਨੇ ਗੁਰੂ ਸਾਹਿਬ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਕਰਦਿਆਂ ਆਪਣੇ ਹੋਟਲਾਂ ਅਤੇ ਨਿਵਾਸਾਂ ਵਿਚ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਦੀ ਰਿਹਾਇਸ਼ ਲਈ 200 ਕਮਰੇ ਫਰੀ ਸੇਵਾ ਵਿਚ ਦੇਣ ਦਾ ਵਾਅਦਾ ਕੀਤਾ ਹੈ। ਡਾ. ਰੂਪ ਸਿੰਘ ਨੇ ਕਿਹਾ ਕਿ ਸੰਗਤਾਂ ਨੂੰ ਰਹਾਇਸ਼ ਵਿਚ ਕਿਸੇ ਕਿਸਮ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਵੱਖ-ਵੱਖ ਸਕੂਲਾਂ, ਕਾਲਜਾਂ ਵਿਚ ਵੀ ਸੰਗਤ ਦੇ ਠਹਿਰਨ ਲਈ ਪ੍ਰਬੰਧ ਕੀਤੇ ਜਾਣਗੇ।
ਇਸ ਦੌਰਾਨ ਹੋਟਲਾਂ ਦੀ ਐਸੋਸੀਏਸ਼ਨ ਦੇ ਪ੍ਰਧਾਨ ਸ. ਸੁਰਿੰਦਰ ਸਿੰਘ ਨੇ ਕਿਹਾ ਪ੍ਰਕਾਸ਼ ਪੁਰਬ ਮੌਕੇ ਜਿਥੇ ਹੋਟਲਾਂ ਵਿਚ 200 ਕਮਰਿਆਂ ਦਾ ਫਰੀ ਪ੍ਰਬੰਧ ਕੀਤਾ ਜਾ ਰਿਹਾ ਹੈ ਉਥੇ ਹੀ ਇਸ ਦੌਰਾਨ ਇਨ੍ਹਾਂ ਹੋਟਲਾਂ ਵਿਚ ਆਉਣ ਵਾਲੇ ਸ਼ਰਧਾਲੂਆਂ ਨੂੰ ਕਮਰਾ ਲੈਣ ਤੇ ਵਿਸ਼ੇਸ਼ ਰਿਆਇਤ ਵੀ ਦਿੱਤੀ ਜਾਵੇਗੀ। ਇਸ ਮੌਕੇ ਸ਼੍ਰੋਮਣੀ ਕਮੇਟੀ ਸਕੱਤਰ ਸ. ਮਨਜੀਤ ਸਿੰਘ ਬਾਠ, ਸ. ਦਿਲਜੀਤ ਸਿੰਘ ਬੇਦੀ, ਮੈਨੇਜਰ ਸ. ਜਸਵਿੰਦਰ ਸਿੰਘ ਦੀਨਪੁਰ, ਵਧੀਕ ਮੈਨੇਜਰ ਸ. ਰਜਿੰਦਰ ਸਿੰਘ ਰੂਬੀ ਅਟਾਰੀ ਤੇ ਮੀਤ ਮੈਨੇਜਰ ਸ. ਗੁਰਪ੍ਰੀਤ ਸਿੰਘ ਤੋਂ ਇਲਾਵਾ ਹੋਟਲ ਮਾਲਕਾਂ ਵਿਚ ਸ. ਸੁਰਿੰਦਰ ਸਿੰਘ ਪ੍ਰਧਾਨ, ਸ. ਅਮਰਜੀਤ ਸਿੰਘ, ਸ. ਸਰਬਜੀਤ ਸਿੰਘ, ਸ. ਸਤਪਾਲ ਸਿੰਘ, ਸ. ਤੇਜਵੰਤ ਸਿੰਘ, ਸ੍ਰੀ ਮਨੋਜ ਮਲਹੋਤਰਾ, ਸ੍ਰੀ ਰਾਜੀਵ, ਸ. ਰਾਜਿੰਦਰ ਸਿੰਘ, ਸ. ਰਣਜੀਤ ਸਿੰਘ, ਸ. ਲਖਬੀਰ ਸਿੰਘ, ਸ. ਹਰਿੰਦਰ ਸਿੰਘ, ਸ. ਪ੍ਰਭਪ੍ਰੀਤ ਸਿੰਘ ਆਦਿ ਮੌਜੂਦ ਸਨ।