ਸਾਰੇ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਪ੍ਰਕਾਸ਼ ਪੁਰਬ ਵਾਲੇ ਦਿਨ ਕੀਤਾ ਜਾਵੇਗਾ ਸਨਮਾਨਿਤ

 

ਅੰਮ੍ਰਿਤਸਰ 20 ਸਤੰਬਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਖ-ਵੱਖ ਧਾਰਮਿਕ ਪ੍ਰੋਗਰਾਮ ਕਰਵਾਏ ਜਾਂਦੇ ਹਨ ਜਿਸ ਤਹਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅੱਜ ਸਕੂਲੀ ਬੱਚਿਆਂ ਦੇ ਭਾਸ਼ਣ ਮੁਕਾਬਲੇ ਕਰਵਾਏ ਗਏ। ਇਨ੍ਹਾਂ ਭਾਸ਼ਣ ਮੁਕਾਬਲਿਆਂ ਵਿਚ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਹੁਸ਼ਿਆਰਪੁਰ ਤੇ ਜਲੰਧਰ ਦੇ 34 ਸਕੂਲਾਂ ਵਿਚੋਂ ਆਏ 68 ਵਿਦਿਆਰਥੀਆਂ ਨੇ ਭਾਗ ਲਿਆ। ਭਾਸ਼ਣ ਮੁਕਾਬਲੇ ਦੌਰਾਨ ਡਾ. ਅਮਰੀਕ ਸਿੰਘ ਮੁਕੇਰੀਆਂ, ਸ. ਸਤਵਿੰਦਰ ਸਿੰਘ ਫੂਲਪੁਰ ਸੰਪਾਦਕ ਗੁਰਮਤਿ ਪ੍ਰਕਾਸ਼, ਬੀਬੀ ਰਾਜਵਿੰਦਰ ਕੌਰ ਤੇ ਬੀਬੀ ਰਮਨਦੀਪ ਕੌਰ ਸਕਾਲਰ ਗੁਰੂ ਨਾਨਕ ਅਧਿਐਨ ਕੇਂਦਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਜੱਜ ਵਜੋਂ ਸੇਵਾ ਨਿਭਾਈ।

ਇਸ ਸਮੇਂ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਬਲਵਿੰਦਰ ਸਿੰਘ ਜੌੜਾਸਿੰਘਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਕੂਲੀ ਬੱਚਿਆਂ ਵਿਚ ਇਨ੍ਹਾਂ ਮੁਕਾਬਲਿਆਂ ਲਈ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰੰਗਰ ਵੱਲੋਂ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਅੰਦਰ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਮਹੱਤਵਪੂਰਨ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਬੱਚਿਆਂ ਦੇ ਚੰਗੇ ਭਵਿੱਖ ਨੂੰ ਮੁੱਖ ਰੱਖਦਿਆਂ ਗੁਰਮਤਿ ਪ੍ਰਤੀ ਪ੍ਰੇਰਿਤ ਕਰਨ ਲਈ ਸਕੂਲ ਮੁਖੀਆਂ ਨੂੰ ਵੀ ਕਿਹਾ ਗਿਆ ਸੀ।

ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਸਾਰੇ ਮੁਕਾਬਲਿਆਂ ਵਿਚੋਂ ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਆਉਣ ਵਾਲੇ ਬੱਚਿਆਂ ਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਵਿਸ਼ੇਸ਼ ਇਨਾਮ ਦਿੱਤੇ ਜਾਣਗੇ। ਸ. ਜੌੜਾਸਿੰਘਾ ਨੇ ਅੱਗੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿਚ ਪਹੁੰਚਣ ਵਾਲੇ ਅੰਮ੍ਰਿਤਸਰ ਸ਼ਹਿਰ ਦੇ ਹਰੇਕ ਬੱਚੇ ਨੂੰ 250/- ਅੱਖਰੀਂ ਦੋ ਸੌ ਪੰਜਾਹ ਰੁਪਏ ਅਤੇ ਦੂਜੇ ਸ਼ਹਿਰ ਤੋਂ ਆਏ ਹਰੇਕ ਬੱਚੇ ਨੂੰ 300/- ਅੱਖਰੀਂ ਤਿੰਨ ਸੌ ਰੁਪਏ ਦਿੱਤੇ ਜਾਂਦੇ ਹਨ।

ਉਨ੍ਹਾਂ ਅਗਲੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ 21 ਸਤੰਬਰ ਨੂੰ ਕਵਿਤਾ ਮੁਕਾਬਲੇ, 22 ਸਤੰਬਰ ਨੂੰ ਕਵੀਸ਼ਰੀ ਮੁਕਾਬਲੇ ਅਤੇ ਭਾਈ ਗੁਰਦਾਸ ਹਾਲ, ਨੇੜੇ ਕੋਤਵਾਲੀ (ਟਾਊਨ ਹਾਲ) ਸ੍ਰੀ ਅੰਮ੍ਰਿਤਸਰ ਵਿਖੇ 23 ਸਤੰਬਰ ਨੂੰ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਦੇ ਪੇਂਟਿੰਗ ਮੁਕਾਬਲੇ, 25 ਸਤੰਬਰ ਨੂੰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼ਬਦ ਕੀਰਤਨ ਅਤੇ 28 ਸਤੰਬਰ ਨੂੰ ਕੁਇਜ਼ ਮੁਕਾਬਲੇ ਸਥਾਨਕ ਭਾਈ ਗੁਰਦਾਸ ਹਾਲ ਨੇੜੇ ਕੋਤਵਾਲੀ (ਟਾਊਨ ਹਾਲ) ਸ੍ਰੀ ਅੰਮ੍ਰਿਤਸਰ ਵਿਖੇ ਕਰਵਾਏ ਜਾਣਗੇ। ।

ਇਸ ਮੌਕੇ ਸ. ਬਘੇਲ ਸਿੰਘ ਐਡੀਸ਼ਨਲ ਮੈਨੇਜਰ, ਸ. ਕਾਬਲ ਸਿੰਘ ਲੁਹਾਰਕਾ ਸੁਪਰਵਾਈਜ਼ਰ, ਡਾ. ਅਮਰਜੀਤ ਕੌਰ, ਡਾ. ਰਣਜੀਤ ਕੌਰ, ਡਾ. ਕਿਰਨਦੀਪ ਕੌਰ ਤੇ ਡਾ. ਪਲਵਿੰਦਰ ਕੌਰ ਰੀਸਰਚ ਸਕਾਲਰ, ਸ. ਸਵਰਨ ਸਿੰਘ ਪ੍ਰਚਾਰਕ, ਸ. ਗੁਰਭੇਜ ਸਿੰਘ, ਸ. ਜਸਪਾਲ ਸਿੰਘ, ਸ. ਹਰਦੀਪ ਸਿੰਘ ਆਦਿ ਹਾਜ਼ਰ ਸਨ।