ਅੰਮ੍ਰਿਤਸਰ, ੧੬ ਅਪ੍ਰੈਲ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਲੰਗਰ ਵਿਚ ਖਾਪੜਖੇੜੀ ਪਰਿਵਾਰ ਵੱਲੋਂ ਹਰ ਸਾਲ ਦੀ ਤਰ੍ਹਾਂ ਜਲੇਬੀਆਂ ਤੇ ਪਕੌੜਿਆਂ ਦੀ ਸੇਵਾ ਕੀਤੀ ਗਈ। ਦੱਸਣਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਮੰਗਵਿੰਦਰ ਸਿੰਘ ਖਾਪੜਖੇੜੀ, ਸ. ਕੁਲਦੀਪ ਸਿੰਘ ਖਾਪੜਖੇੜੀ ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਪਿਛਲੇ ਕਈ ਸਾਲਾਂ ਤੋਂ ਖਾਲਸਾ ਸਾਜਣਾ ਦਿਵਸ ਮੌਕੇ ਸ੍ਰੀ ਗੁਰੂ ਰਾਮਦਾਸ ਲੰਗਰ ਵਿਖੇ ਸੰਗਤ ਦੀ ਟਹਿਲ ਸੇਵਾ ਕੀਤੀ ਜਾਂਦੀ ਹੈ। ਸ. ਮੰਗਵਿੰਦਰ ਸਿੰਘ ਖਾਪੜਖੇੜੀ ਨੇ ਕਿਹਾ ਕਿ ਗੁਰੂ ਸਾਹਿਬ ਦੇ ਇਸ ਪਾਵਨ ਅਸਥਾਨ ‘ਤੇ ਰੋਜ਼ਾਨਾਂ ਲੱਖਾਂ ਸੰਗਤਾਂ ਹਾਜਰੀ ਭਰਦੀਆਂ ਹਨ ਅਤੇ ਇਥੇ ਪੁੱਜਦੀ ਸੰਗਤ ਦੀ ਸੇਵਾ ਦਾ ਸੁਭਾਗ ਸਕੂਨ ਦਿੰਦਾ ਹੈ। ਉਨ੍ਹਾਂ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਕਿ ਉਹ ਇਸੇ ਤਰ੍ਹਾਂ ਸੇਵਾ ਕਰਵਾਉਣ ਦੀ ਬਖਸ਼ਿਸ਼ ਕਰਦੇ ਰਹਿਣ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਮਨਜੀਤ ਸਿੰਘ ਬਾਠ ਨੇ ਖਾਪੜਖੇੜੀ ਪਰਿਵਾਰ ਤੇ ਹਾਜ਼ਰ ਸ਼ਖਸੀਅਤਾਂ ਨੂੰ ਗੁਰੂ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ, ਜਦਕਿ ਬਾਬਾ ਬਾਬਾ ਗੁਰਪਾਲ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਨੇ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੂੰ ਸਨਮਾਨ ਦਿੱਤਾ। ਇਸ ਮੌਕੇ ਸ. ਜਸਵਿੰਦਰ ਸਿੰਘ ਕੁਹਾਲਾ, ਬਾਬਾ ਸਵਰਨ ਸਿੰਘ ਵੇਈਂਪੂਈਂ, ਬਾਬਾ ਸ਼ਿੰਦਰ ਸਿੰਘ, ਸ. ਜਸਪਾਲ ਸਿੰਘ ਭੱਟੀ, ਸ. ਦਿਲਰਾਜ ਸਿੰਘ ਗਿੱਲ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਮਨਜੀਤ ਸਿੰਘ ਬਾਠ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਵਧੀਕ ਮੈਨੇਜਰ ਸ. ਹਰਪ੍ਰੀਤ ਸਿੰਘ, ਸ. ਦਿਲਬਾਗ ਸਿੰਘ ਚੁਗਾਵਾਂ, ਸ. ਪਲਵਿੰਦਰ ਸਿੰਘ ਆਦਿ ਮੌਜੂਦ ਸਨ।