7-03-2015ਅੰਮ੍ਰਿਤਸਰ 7 ਮਾਰਚ ( ) ਕਨੇਡੀਅਨ ਐਮ ਪੀ ਸ੍ਰੀ ਪਰਮ ਗਿੱਲ ਨੇ ਪਰਿਵਾਰ ਸਮੇਤ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਪਰਿਵਾਰਕ ਸੁੱਖ ਸ਼ਾਂਤੀ ਦੇ ਨਾਲ-ਨਾਲ ਦੋਹਾਂ ਦੇਸ਼ਾਂ ਦੇ ਚੰਗੇ ਸਬੰਧਾਂ ਬਾਰੇ ਅਰਦਾਸ ਕੀਤੀ।ਇਸ ਸਮੇਂ ਉਨ੍ਹਾਂ ਦੇ ਨਾਲ ਸ. ਜੋਗਿੰਦਰ ਸਿੰਘ ਅਦਲੀਵਾਲ ਸਕੱਤਰ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਟਰੱਸਟ ਵੀ ਮੌਜੂਦ ਸਨ।ਇਸ ਦੌਰਾਨ ਉਨ੍ਹਾਂ ਨੇ ਸਹਾਇਕ ਸੂਚਨਾ ਅਧਿਕਾਰੀ ਸ. ਹਰਪ੍ਰੀਤ ਸਿੰਘ ਪਾਸੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸ ਬਾਰੇ ਮੁਕੰਮਲ ਜਾਣਕਾਰੀ ਵੀ ਪ੍ਰਾਪਤ ਕੀਤੀ।ਉਪਰੰਤ ਸੂਚਨਾ ਕੇਂਦਰ ਵਿਖੇ ਸ੍ਰੀ ਪਰਮ ਗਿੱਲ ਤੇ ਉਨ੍ਹਾਂ ਦੇ ਪਰਿਵਾਰ ਨੂੰ ਸ. ਜੋਗਿੰਦਰ ਸਿੰਘ ਅਦਲੀਵਾਲ ਸਕੱਤਰ ਟਰੱਸਟ ਅਤੇ ਸ. ਗੁਰਬਚਨ ਸਿੰਘ ਮੁੱਖ ਸੂਚਨਾ ਅਧਿਕਾਰੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਸੂਚਨਾ ਕੇਂਦਰ ਵਿਖੇ ਗੱਲਬਾਤ ਦੌਰਾਨ ਸ੍ਰੀ ਗਿੱਲ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਭ ਧਰਮਾਂ ਦਾ ਸਾਂਝਾ ਅਸਥਾਨ ਹੈ।ਇਸ ਅਸਥਾਨ ਦੇ ਦਰਸ਼ਨ ਕਰਨ ਨਾਲ ਮਨ ਨੂੰ ਸ਼ਾਂਤੀ ਤੇ ਸਕੂਨ ਪ੍ਰਾਪਤ ਹੁੰਦਾ ਹੈ ਤੇ ਜਦੋਂ ਵੀ ਮੈਂ ਭਾਰਤ ਆਉਂਦਾ ਹਾਂ ਇਸ ਅਸਥਾਨ ਤੇ ਜਰੂਰ ਨਤਮਸਤਕ ਹੁੰਦਾ ਹਾਂ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਿਲੇ ਮਾਣ ਸਨਮਾਨ ਬਦਲੇ ਸ. ਜੋਗਿੰਦਰ ਸਿੰਘ ਸਕੱਤਰ ਟਰੱਸਟ ਰਾਹੀਂ ਉਨ੍ਹਾਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ।