2
ਸ੍ਰੀ ਮੁਕਤਸਰ ਸਾਹਿਬ, ੧੪ ਜਨਵਰੀ- ਸਥਾਨਕ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਲਾਨਾ ਜੋੜ–ਮੇਲਾ ਮਾਘੀ ਦੇ ਦੂਸਰੇ ਦਿਨ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿਚ ਰਾਗੀ, ਢਾਡੀ, ਕਵੀਸ਼ਰ, ਕਥਾਕਾਰਾਂ ਤੇ ਪ੍ਰਚਾਰਕਾਂ ਨੇ ਗੁਰਬਾਣੀ ਕੀਰਤਨ ਅਤੇ ਸਿੱਖ ਕੌਮ ਦੇ ਸ਼ਾਨਾਂਮੱਤੇ ਇਤਿਹਾਸ ਨੂੰ ਸੰਗਤਾਂ ਨਾਲ ਸਾਂਝਾ ਕੀਤਾ। ਬੀਤੇ ਕੱਲ੍ਹ ਤੋਂ ਹੀ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਨੇ ਗੁਰਦੁਆਰਾ ਸਾਹਿਬਾਨ ਵਿਖੇ ਹਾਜ਼ਰੀ ਭਰੀ ਅਤੇ ਸਜੇ ਦੀਵਾਨਾਂ ਵਿੱਚੋਂ ਗੁਰੂ ਜਸ ਸਰਵਣ ਕੀਤਾ।
1(1)ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵੀ ਅੱਜ ਉਚੇਚੇ ਤੌਰ ‘ਤੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਪਹੁੰਚੇ ਅਤੇ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ, ਜਿਥੇ ਉਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ. ਦਿਆਲ ਸਿੰਘ ਕੋਲਿਆਂਵਾਲੀ, ਸ. ਨਵਤੇਜ ਸਿੰਘ ਕੌਣੀ, ਸ. ਅਵਤਾਰ ਸਿੰਘ ਵਣਵਾਲਾ ਮੈਂਬਰ ਧਰਮ ਪ੍ਰਚਾਰ ਕਮੇਟੀ ਤੇ ਭਾਈ ਹਰਪ੍ਰੀਤ ਸਿੰਘ ਮੁੱਖ ਗ੍ਰੰਥੀ ਨੇ ਸਨਮਾਨਿਤ ਕੀਤਾ। ਇਸ ਉਪਰੰਤ ਉਨ੍ਹਾਂ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਖਿਦਰਾਣੇ ਦੀ ਢਾਬ ਤੋਂ ਸ੍ਰੀ ਮੁਕਤਸਰ ਸਾਹਿਬ ਤਕ ਦਾ ਸਫਰ ਗੁਰੂ ਦੇ ਪਿਆਰੇ ਸਿੰਘਾਂ ਦੀਆਂ ਅਦੁੱਤੀ, ਲਾਸਾਨੀ ਤੇ ਬੇਮਿਸਾਲ ਕੁਰਬਾਨੀਆਂ ਦੀ ਗਾਥਾ ਹੈ। ਉਨ੍ਹਾਂ ਕਿਹਾ ਕਿ ਇਹ ਪਾਵਨ ਇਤਿਹਾਸ ਟੁੱਟੀ ਗੰਢੀ ਦੀ ਉਹ ਇਬਾਰਤ ਹੈ, ਜਿਹੜੀ ਸਿੰਘਾਂ ਨੇ ਗੁਰੂ ਸਾਹਿਬ ਤੋਂ ਖਿਮਾਂ ਮੰਗਣ ਲਈ ਆਪਣੇ ਲਹੂ ਨਾਲ ਲਿਖੀ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਬੇਦਾਵਾ ਦੇ ਕੇ ਗਏ ਸਿੰਘਾਂ ਨੂੰ ਗੁਰੂ ਦੀ ਸ਼ਰਨ ਆ ਕੇ ਸ਼ਹਾਦਤਾਂ ਦੇਣ ‘ਤੇ ਸਾਹਿਬ-ਏ-ਕਮਾਲ, ਦਸਮ ਪਾਤਸ਼ਾਹ ਜੀ ਨੇ ਵੱਡੇ ਖਿਤਾਬ ਦੇ ਕੇ ਸਿੱਖ ਇਤਿਹਾਸ ਵਿਚ ਸਦਾ ਲਈ ਅਮਰ ਕਰ ਦਿੱਤਾ। ਅੱਜ ਅਸੀਂ ਉਨ੍ਹਾਂ ਮਹਾਨ ਸ਼ਹੀਦਾਂ ਨੂੰ ੪੦ ਮੁਕਤਿਆਂ ਵਜੋਂ ਸਤਿਕਾਰ ਨਾਲ ਯਾਦ ਕਰਦੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਭੁੱਲ ਦਾ ਅਹਿਸਾਸ ਕਿਸ ਤਰ੍ਹਾਂ ਕਰਨਾ ਹੈ ਇਹ ਸ੍ਰੀ ਮੁਕਤਸਰ ਸਾਹਿਬ ਦਾ ਇਤਿਹਾਸ ਪੜ੍ਹੇ ਬਗੈਰ ਸਮਝਣਾ ਅਧੂਰਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਾਡੀ ਇਤਿਹਾਸਿਕ ਅਤੇ ਵਿਰਾਸਤੀ ਅਮੀਰੀ ਸਾਨੂੰ ਦੁਨੀਆਂ ਤੋਂ ਵੱਖਰਾ ਕਰਦੀ ਹੈ ਪਰ ਨੌਜਵਾਨੀ ਵੱਲੋਂ ਪੱਛਮੀਂ ਪ੍ਰਭਾਵ ਤਹਿਤ ਰਹੁਰੀਤਾਂ ਤੋਂ ਕਿਨਾਰਾ ਕਰਨਾ ਚਿੰਤਾ ਜ਼ਰੂਰ ਪੈਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਸਿੱਖ ਵਿਰਸੇ, ਕਦਰਾਂ-ਕੀਮਤਾਂ ਅਤੇ ਗੁਰਮਤਿ ਦੀ ਰਹਿਣੀ ਨਾਲ ਜੋੜ ਕੇ ਰੱਖਣ ਲਈ ਸੁਹਿਰਦ ਯਤਨ ਕਰਨੇ ਪੈਣਗੇ। ਇਸ ਲਈ ਸਿੱਖ ਸੰਸਥਾਵਾਂ, ਵਿਦਿਅਕ ਅਦਾਰਿਆਂ ਅਤੇ ਮਾਪਿਆਂ ਸਭਨਾਂ ਨੂੰ ਚੇਤੰਨ ਹੋਣਾ ਪਵੇਗਾ।
ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਆਪਣੇ ਸਮੁੱਚੇ ਮੁਲਾਜਮਾਂ ਨੂੰ ਗੁਰਮਤਿ ਟ੍ਰੇਨਿੰਗ ਕੈਂਪ ਰਾਹੀਂ ਸਿੱਖ ਰਹਿਤ ਮਰਯਾਦਾ ਅਤੇ ਗੁਰਮਤਿ ਸਿਧਾਂਤਾਂ ਨਾਲ ਜੋੜਨ ਦਾ ਯਤਨ ਕਰੇਗੀ ਅਤੇ ਇਹ ਟ੍ਰੇਨਿੰਗ ਕੈਂਪ ਪਟਿਆਲਾ ਨੇੜੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਗੁਰਮਤਿ ਇੰਸਟੀਚਿਊਟ, ਬਹਾਦਰਗੜ੍ਹ ਵਿਖੇ ਲਗਾਏ ਜਾਣਗੇ। ਇਸ ਸੰਸਥਾ ਵਿਚ ਪੰਜਾਬ ਦੇ ਪਿੰਡਾਂ ਦੇ ਗੁਰੂ ਘਰਾਂ ਦੇ ਗ੍ਰੰਥੀਆਂ-ਰਾਗੀਆਂ ਨੂੰ ਗੁਰਮਤਿ ਦੀ ਸਿਖਲਾਈ ਵੀ ਦਿੱਤੀ ਜਾਵੇਗੀ। ਇੱਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ, ਪ੍ਰਚਾਰਕ, ਢਾਡੀ-ਕਵੀਸ਼ਰ ਤੇ ਕਥਾਵਾਚਕ ਪਿੰਡਾਂ ਅੰਦਰ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਤੇ ਗ੍ਰੰਥੀ ਸਿੰਘਾਂ ਨੂੰ ਗੁਰੂ ਘਰਾਂ ਦੀ ਸਾਂਭ ਸੰਭਾਲ ਲਈ ਚੇਤੰਨ ਕਰਨ ਹਿਤ ਉਪਰਾਲੇ ਕਰ ਰਹੀ ਹੈ ਤਾਂ ਜੋ ਗੁਰੂ ਘਰਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਾਣ ਮਰਯਾਦਾ ਬਰਕਰਾਰ ਰਹਿ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਵਾਤਾਵਰਣ ਦੀ ਸ਼ੁੱਧਤਾ ਲਈ ਵੱਡੀ ਮੁਹਿੰਮ ਆਰੰਭ ਕਰ ਰਹੀ ਹੈ। ਇਸ ਤਹਿਤ ਵੱਖ-ਵੱਖ ਵਾਤਾਵਰਣ ਪ੍ਰੇਮੀਆਂ ਨਾਲ ਇੱਕ ਇਕੱਤਰਤਾ ਕੀਤੀ ਜਾ ਚੁੱਕੀ ਹੈ। ਪ੍ਰੋ. ਬਡੂੰਗਰ ਨੇ ਕਿਹਾ ਸਿੱਖ ਬੱਚਿਆਂ ਅਤੇ ਨੌਜਵਾਨਾਂ ਨੂੰ ਗਰਬਾਣੀ ਅਤੇ ਸਿੱਖ ਰਹਿਤ ਮਰਯਾਦਾ ਨਾਲ ਜੋੜਨ ਲਈ ਸ਼੍ਰੋਮਣੀ ਕਮੇਟੀ ਨੇ ਪਿਛਲੇ ਦਿਨੀ ਦੋ ਵੱਡੇ ਸਮਾਗਮ ਕੀਤੇ ਹਨ। ਪਹਿਲੇ ਸਮਾਗਮ ਵਿਚ ਦਸਮ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਕੂਲੀ ਬੱਚਿਆਂ ਨੂੰ ਇੱਕੋ ਸਮੇਂ ਜਪੁਜੀ ਸਾਹਿਬ ਅਤੇ ਚੌਪਈ ਸਾਹਿਬ ਦੇ ਪਾਠ ਕਰਵਾਏ ਗਏ, ਜਿਸ ਵਿਚ ੨ ਲੱਖ ਤੋਂ ਜ਼ਿਆਦਾ ਬੱਚਿਆਂ ਨੇ ਭਾਗ ਲਿਆ। ਇਸੇ ਤਰ੍ਹਾਂ ਹਾਲ ਹੀ ਵਿਚ ਦਸਮ ਗੁਰੂ ਜੀ ਦੇ ੩੫੦ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੂਸਰਾ ਸਮਾਗਮ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਇਆ ਗਿਆ ਹੈ ਜਿਸ ਵਿਚ ਕਾਲਜਾਂ ਤੇ ਯੂਨੀਵਰਸਿਟੀ ਪੱਧਰ ਦੇ ਵਿਦਿਆਰਥੀਆਂ ਨੇ ੨੦ ਹਜ਼ਾਰ ਦੀ ਗਿਣਤੀ ਵਿਚ ਜੁੜ ਕੇ ਖਾਲਸਾਈ ਜਾਹੋ ਜਲਾਲ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਦਸਵੇਂ ਪਾਤਸ਼ਾਹ ਜੀ ਦੇ ੩੫੦ ਸਾਲਾ ਪ੍ਰਕਾਸ਼ ਪੁਰਬ ਸਮੇਂ ਬਿਹਾਰ ਦੇ ਮੁੱਖ ਮੰਤਰੀ ਸ੍ਰੀ ਨਿਤੀਸ਼ ਕੁਮਾਰ ਵੱਲੋਂ ਕੀਤੇ ਗਏ ਯਾਦਗਾਰੀ ਪ੍ਰਬੰਧਾਂ ਲਈ ਉਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਕੀਤਾ ਜਾਵੇਗਾ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਸ. ਦਿਆਲ ਸਿੰਘ ਕੋਲਿਆਂਵਾਲੀ, ਸ. ਨਵਤੇਜ ਸਿੰਘ ਕੌਣੀ, ਸ. ਅਵਤਾਰ ਸਿੰਘ ਵਣਵਾਲਾ ਮੈਂਬਰ ਧਰਮ ਪ੍ਰਚਾਰ ਕਮੇਟੀ, ਸਾਬਕਾ ਮੈਂਬਰ ਸ. ਸਰੂਪ ਸਿੰਘ, ਬੀਬੀ ਦਵਿੰਦਰ ਕੌਰ, ਸ. ਹੀਰਾ ਸਿੰਘ ਚੜੇਵਾਣ, ਸ. ਹਰਤੇਜ ਸਿੰਘ ਭੁੱਲਰਵਾਲਾ, ਸ਼੍ਰੋਮਣੀ ਕਮੇਟੀ ਦੇ ਐਡੀ. ਸਕੱਤਰ ਸ. ਕੇਵਲ ਸਿੰਘ ਤੇ ਡਾ. ਪਰਮਜੀਤ ਸਿੰਘ ਸਰੋਆ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਸਿਮਰਜੀਤ ਸਿੰਘ ਤੇ ਸ. ਹਰਜੀਤ ਸਿੰਘ ਲਾਲੂ ਘੁੰਮਣ, ਮੈਨੇਜਰ ਸ. ਜਰਨੈਲ ਸਿੰਘ, ਸ. ਹਰਭਜਨ ਸਿੰਘ ਵਕਤਾ ਪਬਲੀਸਿਟੀ ਅਸਿਸਟੈਂਟ ਤੇ ਹੋਰ ਹਾਜ਼ਰ ਸਨ।