-ਦਿਲਜੀਤ ਸਿੰਘ ‘ਬੇਦੀ’, ਅੰਮ੍ਰਿਤਸਰ।

ਸਿੱਖੀ ਸ਼ਰਧਾ, ਸੇਵਾ-ਸਿਮਰਨ, ਮਾਨਸਿਕ ਤ੍ਰਿਪਤੀ ਅਤੇ ਕੁਰਬਾਨੀ ਦੀ ਪ੍ਰੇਰਨਾ ਸਰੋਤ ਵਜੋਂ ਜਾਣੇ ਜਾਂਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਿਸ ਬਾਰੇ ਗੁਰਬਾਣੀ ਵਿੱਚ ਅੰਕਿਤ ਹੈ, ‘ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ’ ਦੇ ਦਰਬਾਰ ਵਿੱਚ ਸੁਨਹਿਰੀ ਪੱਤਰੇ ਜਾਂ ਹੋਏ ਮੀਨਾਕਾਰੀ ਆਦਿ ਦੇ ਕੰਮ ਨੂੰ ਸੁਰਜੀਤ ਰੱਖਣ ਲਈ ਸ਼੍ਰੋਮਣੀ ਕਮੇਟੀ ਵਲੋਂ ਯਤਨ ਕੀਤੇ ਜਾ ਰਹੇ ਹਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨਾਂ ਲਈ ਆਏ ਹਰ ਸਿੱਖ, ਗੈਰ-ਸਿੱਖ ਯਾਤਰੂ ਸ਼ਰਧਾਲੂ ਦੇ ਮਨ ਉੱਪਰ ਜਿਥੇ ਏਥੋਂ ਦੇ ਸ਼ਾਂਤ ਤੇ ਅਧਿਆਤਮਿਕ ਵਾਯੂ ਮੰਡਲ ਅਤੇ ਅੱਠੇ ਪਹਿਰ ਦੇ ਇਲਾਹੀ ਕੀਰਤਨ ਦਾ ਦੈਵੀ ਪ੍ਰਭਾਵ ਪੈਂਦਾ ਹੈ। ਉਥੇ ਸ੍ਰੀ ਹਰਿਮੰਦਰ ਸਾਹਿਬ ਦੀ ਕਲਾ ਸੁੰਦਰਤਾ ਵੀ ਹਰ ਦਰਸ਼ਕ ਦੀ ਨਿਗ੍ਹਾ ਨੂੰ ਆਪਣੇ ਵੱਲ ਬਦੋਬਦੀ ਖਿੱਚਦੀ ਹੈ। ਜਿਵੇਂ ਸ੍ਰੀ ਹਰਿਮੰਦਰ ਸਾਹਿਬ ਦੀ ਭਵਨ ਕਲਾ ਦੁਨੀਆਂ ਭਰ ਦੀਆਂ ਹੋਰ ਭਵਨ-ਕਲਾਵਾਂ ਤੋਂ ਭਿੰਨ, ਅਨੂਪਮ ਤੇ ਵਿਲੱਖਣ ਹੈ, ਇਸੇ ਤਰ੍ਹਾਂ ਇਸ ਦੇ ਅੰਦਰ ਤੇ ਬਾਹਰ ਜੋ ਚਿਤ੍ਰਕਲਾ ਦਾ ਨਿਰਮਾਣ ਹੋਇਆ ਹੈ, ਉਹ ਕਲਾ-ਪਾਰਖੂਆਂ ਨੂੰ ਚਕ੍ਰਿਤ ਕਰ ਦੇਣ ਵਾਲਾ ਹੈ।

ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਸੱਚਖੰਡ ਵਿਖੇ ਹਾਲ ਦੀ ਛੱਤ, ਕੰਧਾਂ ਅਤੇ ਦਰਵਾਜ਼ਿਆਂ ਦੀਆਂ ਡਾਟਾਂ ਉਪਰ ਕਰੀਬ ਡੇਢ ਸਦੀ ਪਹਿਲਾਂ ਹੋਇਆ ਸੋਨੇ ਦਾ ਕੰਮ, ਨਕਾਸ਼ੀ ਤੇ ਜੜ੍ਹਤਕਾਰੀ ਦੇ ਕੰਮ ਵਿੱਚ ਆ ਰਹੀ ਢਿੱਲਮੱਠ ਨੂੰ ਠੀਕ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੁਰੰਮਤ ਕਰਾਉਣ ਦਾ ਫੈਸਲਾ ਕੀਤਾ ਗਿਆ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਮੁੱਖ ਇਮਾਰਤ ਦੇ ਅੰਦਰਲੇ ਹਿੱਸੇ ਵਿੱਚ ਲੱਗੇ ਹੋਏ ਸੋਨੇ ਦੇ ਪੱਤਰੇ ਕਈ ਥਾਵਾਂ ਤੋ ਘਸਮੈਲੇ ਹੋ ਗਏ ਹਨ ਅਤੇ ਕਈ ਥਾਵਾਂ ਤੋਂ ਪੱਤਰੇ ਉਖੜ ਗਏ ਹਨ। ਇਸੇ ਤਰ੍ਹਾਂ ਨਕਾਸ਼ੀ ਦਾ ਕੰਮ ਵੀ ਖਰਾਬ ਹੋ ਰਿਹਾ ਹੈ। ਕਈ ਥਾਵਾਂ ਤੋਂ ਸੰਗਤ ਦੇ ਹੱਥ ਲੱਗਣ ਕਾਰਨ ਨਕਾਸ਼ੀ ਘਸ ਕੇ ਮੱਧਮ ਤੇ ਖਤਮ ਹੋ ਗਈ ਹੈ। ਪ੍ਰਬੰਧਕਾਂ ਵੱਲੋਂ ਕਈ ਸਾਲ ਪਹਿਲਾਂ ਇਸ ‘ਤੇ ਸ਼ੀਸ਼ਾ ਲਾ ਕੇ ਬਚਾਉਣ ਦਾ ਯਤਨ ਕੀਤਾ ਗਿਆ ਸੀ।

ਸੱਚਖੰਡ ਵਿਖੇ ਕੁਝ ਪੱਤਰੇ ਆਪਣੀ ਚਮਕ ਛਡ ਕੇ ਉਖੜ ਗਏ ਹਨ। ਸਿਰਫ ਉਹੀ ਪੱਤਰ ਨਵੇਂ ਲਾਏ ਜਾਣਗੇ, ਜੋ ਬਿਲਕੁਲ ਖਰਾਬ ਹੋ ਚੁੱਕੇ ਹਨ। ਅਜਿਹੇ ਪੱਤਰੇ ਸਿਰਫ ੧੫ ਕੁ ਫੀਸਦੀ ਹਨ ਅਤੇ ੮੫ ਫੀਸਦੀ ਪੱਤਰੇ ਠੀਕ ਹਨ। ਇਸੇ ਤਰ੍ਹਾਂ ਨਕਾਸ਼ੀ ਦਾ ਵੀ ਸਿਰਫ ਉਹੀ ਕੰੰਮ ਨਵੇਂ ਸਿਰਿਉਂ ਕੀਤਾ ਗਿਆ, ਜੋ ਚਿਤਰ, ਮੀਨਾਕਾਰੀ ਆਦਿ ਬਿਲਕੁਲ ਮੱਧਮ ਪੈ ਚੁੱਕੀ ਹੈ ਉਸ ਦੀ ਪੁਰਾਤਨਤਾ ਨੂੰ ਕਾਇਮ ਰੱਖਦਿਆਂ ਉਸ ਉਪਰ ਹੀ ਦੁਬਾਰਾ ਨਕਾਸ਼ੀ ਕੀਤੀ ਗਈ ਹੈ। ਕੰਮ ਸ਼ੁਰੂ ਕਰਨ ਤੋਂ ਪਹਿਲਾਂ ਇਸ ਦੀ ਮੁਕੰਮਲ ਵੀਡੀਓ ਤੇ ਫੋਟੋਗ੍ਰਾਫੀ ਕੀਤੀ ਗਈ ਹੈ ਤਾਂ ਜੋ ਉਸੇ ਅਨੁਸਾਰ ਹੀ ਦੁਬਾਰਾ ਨਵੇਂ ਸੋਨੇ ਦੇ ਪੱਤਰੇ ਅਤੇ ਨਕਾਸ਼ੀ ਦਾ ਕੰੰਮ ਹੋ ਸਕੇ। ਇਸ ਕਾਰਜ ਲਈ ਮਾਹਰਾਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ ਅਤੇ ਇਸਦੀ ਨਿਗਰਾਨੀ ਲਈ ਵੀ ਸ੍ਰੀ ਦਰਬਾਰ ਸਾਹਿਬ ਵੱਲੋਂ ਮਾਹਿਰ ਨਿਯੁਕਤ ਕੀਤੇ ਗਏ ਹਨ।

ਸ੍ਰੀ ਹਰਿਮੰਦਰ ਸਾਹਿਬ ਦੀ ਮੁੱਖ ਇਮਾਰਤ ਦੇ ਬਾਹਰਲੇ ਪਾਸੇ ਲੱਗੇ ਸੋਨੇ ਦੀ ਕਾਰ ਸੇਵਾ ੧੯੯੫ ਵਿੱਚ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਵੱਲੋਂ ਕੀਤੀ ਗਈ ਸੀ ਅਤੇ ਇਹ ਕਾਰ ਸੇਵਾ ਖਾਲਸੇ ਦੀ ਸਿਰਜਨਾ ਵਰ੍ਹੇ ਦੀ ਤੀਸਰੀ ਸ਼ਤਾਬਦੀ ਮੌਕੇ ੧੯੯੯ ਈ: ਵਿੱਚ ਮੁਕੰਮਲ ਹੋਈ ਸੀ। ਉਸ ਵੇਲੇ ਸ਼੍ਰੋਮਣੀ ਕਮੇਟੀ ਨੇ ਇਮਾਰਤ ਦੇ ਅੰਦਰ ਅਤੇ ਬਾਹਰ ਦੋਵੇਂ ਪਾਸੇ ਕਾਰ ਸੇਵਾ ਕਰਾਉਣ ਦਾ ਫੈਸਲਾ ਕੀਤਾ ਸੀ ਪਰ ਸਿਰਫ ਬਾਹਰਲੇ ਪਾਸੇ ਦੀ ਕਾਰ ਸੇਵਾ ਹੀ ਮੁਕੰਮਲ ਹੋਈ ਸੀ ਅਤੇ ਇਮਾਰਤ ਦੇ ਅੰਦਰਲੇ ਹਿੱਸੇ ਦੀ ਰਹਿ ਗਏ ਕੰਮਾਂ ਨੂੰ ਹੁਣ ਮਾਹਿਰਾਂ ਰਾਹੀਂ ਕੀਤਾ ਕਰਾਇਆ ਜਾ ਰਿਹਾ ਹੈ। ਹੁਣ ਅਗਸਤ ੨੦੧੬ ਵਿਚ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸੋਨ ਪੱਤਰਿਆਂ ਦੀ ਸੇਵਾ ਕਰਵਾਈ ਗਈ ਹੈ। ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਦੇ ਗੁੰਬਦਾਂ ਦੀ ਸੇਵਾ ਵਿਚਾਰ ਅਧੀਨ ਹੈ। ਕੁਝ ਗੈਰ ਜਿੰਮੇਵਾਰ ਲੋਕ ਤਕਰਹੀਣ ਬਿਆਨਬਾਜੀ ਕਰ ਕੇ ਸੰਗਤਾਂ ਵਿਚ ਭਰਮ ਭੁਲੇਖੇ ਪਾਉਣ ਲਈ ਸਾਜ਼ਿਸ਼ਾਂ ਰਚ ਰਹੇ ਹਨ, ਜੋ ਉਚਿਤ ਨਹੀਂ ਹੈ।

ਇਤਿਹਾਸ ਗਵਾਹ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਭਾਗ ਸੰਭਾਲਣ ਉਪਰੰਤ ਜਦ ੧੮੬੦ ਬਿ: ਵਿੱਚ ਉਨ੍ਹਾਂ ਸ੍ਰੀ ਅੰਮ੍ਰਿਤਸਰ ਦਾ ਇਲਾਕਾ ਆਪਣੇ ਰਾਜ ਵਿੱਚ ਸ਼ਾਮਲ ਕਰ ਲਿਆ ਤਾਂ ਉਨ੍ਹਾਂ ਦੀ ਸਿੱਖੀ ਸ਼ਰਧਾ ਨੇ ਸ੍ਰੀ ਹਰਿਮੰਦਰ ਸਾਹਿਬ ਨੂੰ ਕੋਮਲ ਹੁੱਨਰਾਂ ਨਾਲ ਵੱਧ ਤੋਂ ਵੱਧ ਸਜਾਉਣ ਦਾ ਸੰਕਲਪ ਲਿਆ। ਜਿਸ ਨੂੰ ਮੂਰਤੀਮਾਨ ਕਰਨ ਲਈ ਆਪ ਨੇ ਉਸ ਸਮੇਂ ਦੇ ਪ੍ਰਸਿੱਧ ਸਿੱਖ ਵਿਦਵਾਨ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਗੁਰਬਾਣੀ ਦੇ ਕਥਾ-ਵਾਚਕ, ਕੋਮਲ ਕਲਾਵਾਂ ਦੇ ਪਾਰਖੂ ਭਾਈ ਸਾਹਿਬ ਗਿਆਨੀ ਸੰਤ ਸਿੰਘ ਜੀ ਦੇ ਪੰਜ ਲੱਖ ਰੁਪਇਆ ਸਪੁਰਦ ਕੀਤਾ। ਉਨ੍ਹਾਂ ਨੇ ਕੋਮਲ ਹੁੱਨਰਾਂ ਦੇ ਮਾਹਰ ਮਿਸਤਰੀ ਮੰਗਵਾਏ, ਜਿਨ੍ਹਾਂ ‘ਚੋਂ ਮੁਹੰਮਦ ਖਾਨ ਮਿਸਤਰੀ ਸੋਨੇ ਦਾ ਪਾਣੀ ਤੇ ਸੋਨੇ ਦੇ ਵਰਕ ਚੜ੍ਹਾਉਣ ਦੇ ਕੰਮ ਵਿੱਚ ਬਹੁਤ ਮਾਹਰ ਸੀ।

ਸ੍ਰੀ ਕੇ.ਸੀ ਆਰੀਅਨ ਦਾ ਕਹਿਣਾ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਸਾਰੀ ਜੜਤਕਾਰੀ ਤੇ ਨਕਾਸ਼ੀ ਚਨਯੋਟ ਤੋਂ ਆਏ ਮੁਸਲਮਾਨ ਕਾਰੀਗਰਾਂ ਕੀਤੀ, ਜਿਨ੍ਹਾਂ ਦਾ ਨਿਗਰਾਨ ਬਦਰੂ ਮਹੀਯੁੱਦੀਨ ਨੂੰ ਥਾਪਿਆ ਗਿਆ ਸੀ। ਲਿਖਤੀ ਵੇਰਵਿਆਂ ਅਨੁਸਾਰ ਸਿੱਖ, ਹਿੰਦੂ ਤੇ ਮੁਸਲਮਾਨ ਸਾਰੇ ਕਲਾਕਾਰਾਂ ਉੱਪਰ ਸਭ ਤੋਂ ਵੱਡੇ ਪ੍ਰਮੁੱਖ ਨਿਗਰਾਨ ਭਾਈ ਸੰਤ ਸਿੰਘ ਜੀ ਗਿਆਨੀ ਸਨ, ਜੋ ਖੁਦ ਆਪ ਵੀ ਇਹ ਕੋਮਲ ਹੁੱਨਰੀ ਕੰਮ ਕਰਦੇ ਸਨ ਤੇ ਨਾਲ-ਨਾਲ ਦੂਜੇ ਕਲਾਕਾਰਾਂ ਨੂੰ ਜੜਤਕਾਰੀ ਗੱਚ, ਟੁਕੜੀ, ਨਕਾਸ਼ੀ ਤੇ ਮੋਹਰਾਕਸ਼ੀ ਆਦਿ ਲਈ ਪੁਰਾਣੇ ਤਰੀਕਿਆਂ ਵਿੱਚ ਨਵੇਂ ਰੰਗ ਭਰਨ ਦੀ ਜਾਚ ਵੀ ਸਿਖਾਲਦੇ ਸਨ।

ਸ੍ਰੀ ਹਰਿਮੰਦਰ ਸਾਹਿਬ ਸਿੱਖ ਕੌਮ ਦਾ ਕੇਂਦਰੀ ਧਾਰਮਿਕ ਅਸਥਾਨ ਹੈ। ਪਿਛਲੀਆਂ ਚਾਰ ਸਦੀਆਂ ਤੋਂ ਵੱਧ ਸਮੇਂ ਦਾ ਇਹ ਪਵਿੱਤਰ ਅਸਥਾਨ ਸਿੱਖ ਪੰਥ ਲਈ ਸਿੱਖੀ ਸ਼ਰਧਾ, ਦ੍ਰਿੜਤਾ, ਸੇਵਾ ਸਿਮਰਨ ਅਤੇ ਕੁਰਬਾਨੀ ਦੀ ਪ੍ਰੇਰਨਾ ਸ਼ਕਤੀ ਦਾ ਮੁੱਖ ਸਰੋਤ ਰਿਹਾ ਹੈ। ਸਮੁੱਚਾ ਸਿੱਖ ਇਤਿਹਾਸ ਕਿਸੇ ਨਾ ਕਿਸੇ ਰੂਪ ਵਿੱਚ ਇਸ ਕੇਂਦਰੀ ਧਾਰਮਿਕ ਅਸਥਾਨ ਨਾਲ ਜੁੜਿਆ ਰਿਹਾ ਹੈ। ਮਹਾਰਾਜਾ ਰਣਜੀਤ ਸਿੰਘ ਦੀ ਇਹ ਪ੍ਰਬਲ ਇੱਛਾ ਸੀ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਕੋਮਲ ਹੁੱਨਰਾਂ ਦਾ ਜੋ ਵੀ ਕੰਮ ਕੀਤਾ ਜਾਵੇ, ਉਹ ਮੁਗਲ ਕਲਾ ਜਾਂ ਰਾਜਪੂਤਾਨਾਂ ਕਲਾ ਦੀ ਨਕਲ ਨਾ ਹੋਵੇ, ਸਗੋਂ ਉਪਰੋਕਤ ਕਲਾਵਾਂ ਤੋਂ ਵੱਖਰਾ ਤੇ ਉਨ੍ਹਾਂ ਤੋਂ ਵੱਧ ਚੰਗਾ ਹੋਵੇ, ਜਿਸ ਨੂੰ ਵੇਖ ਕੇ ਕਲਾ-ਪਾਰਖੂ ਅਸ਼-ਅਸ਼ ਕਰ ਉਠਣ। ਉਨ੍ਹਾਂ ਦੀ ਇਹ ਵੀ ਚਾਹਨਾ ਸੀ ਕਿ ਇਥੋਂ ਦੇ ਕਲਾ ਦੇ ਕੰਮ ਵਿੱਚ ਸੁਹਜ-ਸੁਆਦ ਤੇ ਸੁੰਦਰਤਾ ਦੇ ਨਾਲ-ਨਾਲ ਇਥੋਂ ਦੇ ਆਤਮਕ-ਰਸ ਦੀ ਵੀ ਝਲਕ ਹੋਵੇ ਅਤੇ ਉਹ ਇਥੋਂ ਦੇ ਸ਼ਾਂਤ ਤੇ ਸੰਗੀਤਮਈ ਵਾਯੂ-ਮੰਡਲ ਨਾਲ ਇਕਸੁਰਤਾ ਵੀ ਰੱਖਦੀ ਹੋਵੇ। ਇਹ ਤਾਂ ਸਪਸ਼ਟ ਹੀ ਹੈ ਕਿ ਜਿਤਨੇ ਪ੍ਰਕਾਰ ਦੇ ਹੁੱਨਰਾਂ ਦਾ ਕੰਮ ਸ੍ਰੀ ਹਰਿਮੰਦਰ ਸਾਹਿਬ ਅੰਦਰ ਹੋਇਆ ਦਿਸਦਾ ਹੈ, ਇਹ ਸਭ ਮਹਾਰਾਜਾ ਰਣਜੀਤ ਸਿੰਘ ਦੀ ਹੀ ਦੇਣ ਹੈ। ਇਹੋ ਹੀ ਸਮਾਂ ਸਿੱਖ ਕਲਾ ਦੇ ਵਿਕਾਸ ਦਾ ਸਮਾਂ ਕਿਹਾ ਜਾ ਸਕਦਾ ਹੈ।

ਸਵਰਗੀ ਸਿੰਘ ਸਾਹਿਬ ਗਿਆਨੀ ਕ੍ਰਿਪਾਲ ਸਿੰਘ ਨੇ ਆਪਣੀ ਪੁਸਤਕ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਇਤਿਹਾਸ ਵਿੱਚ ਲਿਖਿਆ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਅਤੇ ਬਾਹਰ ਕੋਮਲ ਕਲਾਕ੍ਰਿਤਾਂ ਦਾ ਸਾਰਾ ਕੰਮ ਮਹਾਰਾਜਾ ਰਣਜੀਤ ਸਿੰਘ ਵੇਲੇ ਹੋਇਆ। ਇਹ ਹੁੱਨਰ ਮੁਗਲ ਤੇ ਰਾਜਪੂਤਾਨਾਂ ਕਲਾਵਾਂ ਤੋਂ ਵੱਖਰਾ ਅਤੇ ਗੁਲੇਰ, ਕਾਂਗੜਾ ਤੇ ਲਾਹੌਰ ਕਲਾਵਾਂ ਦੇ ਸੰਗਮ ਤੋਂ ਨਵੀਆਂ ਵਿਸ਼ੇਸ਼ਤਾਵਾਂ ਸਮੇਤ ਨਵੇਂ ਹੁੱਨਰ ਦੇ ਰੂਪ ਵਿੱਚ ਪ੍ਰਗਟ ਹੋਇਆ, ਜਿਸ ਨੂੰ ਸਿੱਖ ਕਲਾ ਦਾ ਨਾਮ ਦਿੱਤਾ ਗਿਆ ਹੈ। ਸਿੱਖ ਪ੍ਰੰਪਰਾ ਦੀ ਚਿਤਰਕਾਰੀ ਦੇ ਬਹੁਤ ਸਾਰੇ ਚਿਤ੍ਰ ਹੱਥ ਲਿਖਤ ਜਨਮ ਸਾਖੀਆਂ ਵਿੱਚ ਮਿਲਦੇ ਹਨ, ਜਿਨ੍ਹਾਂ ਵਿੱਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੀਆਂ ਕਥਾਵਾਂ ਦਿੱਤੀਆਂ ਮਿਲਦੀਆਂ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੁਰਾਤਨ ਹੱਥ ਲਿਖਤ ਬੀੜਾਂ ਮਿਲਦੀਆਂ ਹਨ, ਜਿਨ੍ਹਾਂ ਦੇ ਹਾਸ਼ੀਏ ਸੁੰਦਰ ਬੇਲ ਬੂਟਿਆਂ ਨਾਲ ਸੋਹਣੇ ਰੰਗਾਂ ਵਿੱਚ ਚਿਤਰੇ ਹੋਏ ਹਨ। ਕੁਝ ਬੀੜਾਂ ਦੇ ਹਰ ਰਾਗ ਦੇ ਆਰੰਭਕ ਪੱਤਰੇ ਉੱਪਰ ਵੱਖ-ਵੱਖ ਤੇ ਉਸ ਰਾਗ ਦੇ ਭਾਵ ਨਾਲ ਢੁਕਦੇ ਚਿਤ੍ਰ ਬਣਾਏ ਹੋਏ ਹਨ। ਜਿਵੇਂ ਬਸੰਤ ਰਾਗ ਦੇ ਆਰੰਭਕ ਪੰਨੇ ਨੂੰ ਬਸੰਤੀ ਰੰਗ ਤੇ ਉਸ ਰੁੱਤ ਦੇ ਫੁੱਲ ਬਣਾ ਕੇ ਸਜਾਇਆ ਹੋਇਆ ਹੈ। ਇਵੇਂ ਮਲਾਰ ਰਾਗੁ ਦੇ ਆਰੰਭਕ ਪੰਨੇ ਉੱਪਰ ਬਰਖਾ ਰੁੱਤ ਦਾ ਚਿੱਤਰ ਬਣਾਇਆ ਹੋਇਆ ਹੈ। ਹਰ ਸਫੇ ‘ਤੇ ਵੱਖਰਾ-ਵੱਖਰਾ ਹਾਸ਼ੀਆ ਹੈ। ਵੱਖ-ਵੱਖ ਥਾਵਾਂ ‘ਤੇ ਗੁਰੂ ਸਾਹਿਬਾਨ, ਰਾਜਿਆਂ ਮਹਾਰਾਜਿਆਂ, ਸਿੱਖ ਸਰਦਾਰਾਂ ਦੇ ਵੀ ਚਿਤ੍ਰ ਮਿਲਦੇ ਹਨ, ਜਿਨ੍ਹਾਂ ‘ਚੋਂ ਸਿੱਖ ਕਲਾ ਦੀ ਪਹਿਲੀਆਂ ਪ੍ਰਚਲਤ ਤੇ ਪ੍ਰਸਿੱਧ ਕਲਾਵਾਂ ਤੋਂ ਭਿੰਨਤਾ ਪ੍ਰਤੱਖ ਪ੍ਰਗਟ ਹੋ ਜਾਂਦੀ ਹੈ।

ਪਹਿਲੇ ਸਿੱਖ ਕਲਾਕਾਰ ਦਾ ਨਾਮ ਬਾਬਾ ਕੇਹਰ ਸਿੰਘ ਹੈ ਉਨ੍ਹਾਂ ਦੇ ਕੋਮਲ ਹੁੱਨਰ ਦੇ ਨਮੂਨੇ ਸ੍ਰੀ ਹਰਿਮੰਦਰ ਸਾਹਿਬ, ੧੯੮੪ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਦਰਸ਼ਨੀ ਡਿਉਢੀ ਵਿੱਚ ਵੇਖੇ ਜਾ ਸਕਦੇ ਹਨ। ਉਹ ਆਪਣੇ ਸਮੇਂ ਦੇ ਚੋਟੀ ਦੇ ਕਲਾਕਾਰ ਸਨ,  ਜਿਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਦੀ ਚਿਤ੍ਰਕਾਰੀ ਨੂੰ ਚਾਰ ਚੰਨ ਲਾ ਦਿੱਤੇ। ਮਹੰਤ ਈਸ਼ਰ ਸਿੰਘ, ਬਾਬਾ ਕੇਹਰ ਸਿੰਘ ਦੇ ਨਾਲ ਸਾਰੇ ਕੰਮਾਂ ਵਿੱਚ ਬਰਾਬਰ ਦਾ ਹਿੱਸਾ ਪਾਉਂਦੇ ਰਹੇ। ਇਹ ਵੀ ਆਪਣੇ ਸਮੇਂ ਦੇ ਪ੍ਰਸਿੱਧ ਚਿਤ੍ਰਕਾਰ ਸਨ। ਭਾਈ ਬਿਸ਼ਨ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਅੰਦਰ ਮੋਹਰਾਕਸ਼ੀ  ਦੇ ਹੁੱਨਰ ਨੂੰ ਨਵਾਂ ਰੂਪ ਦਿੱਤਾ। ਉਨ੍ਹਾਂ ਨੇ ਵਧੇਰੇ ਕਰ ਕੇ ਪਰੀਆਂ, ਸੱਪਾਂ ਤੇ ਹਾਥੀਆਂ ਦੀਆਂ ਤਸਵੀਰਾਂ ਬਣਾਈਆਂ। ਆਪ ਨੇ ਈਰਾਨੀ ਤੇ ਪੰਜਾਬੀ ਹੁੱਨਰਾਂ ਦੇ ਸੁਮੇਲ ਤੋਂ ਇਕ ਨਵਾਂ ਹੁੱਨਰ ਪੈਦਾ ਕੀਤਾ, ਜੋ ਕੋਈ ਸੁਘੜ ਚਿਤ੍ਰਕਾਰ ਹੀ ਪੈਦਾ ਕਰ ਸਕਦਾ ਹੈ। ਉਨ੍ਹਾਂ ਚੜ੍ਹਦੇ ਪਾਸੇ ਦੀ ਬਾਰੀ ਵਿੱਚ ਆਪਣਾ ਨਾਮ ਵੀ ਲਿਖਿਆ ਹੈ ਤੇ ਸੰਮਤ ੧੯੪੧ ਬਿ: ਦਿੱਤਾ ਹੈ। ਭਾਈ ਬਿਸ਼ਨ ਸਿੰਘ ਤੋਂ ਬਾਅਦ ਉਨ੍ਹਾਂ ਦੇ ਦੋ ਸਪੁੱਤਰ ਨਿਹਾਲ ਸਿੰਘ ਤੇ ਜਵਾਹਰ ਸਿੰਘ ਵੀ ਉਨ੍ਹਾਂ ਦੇ ਪਾਏ ਪੂਰਨਿਆਂ ਉੱਪਰ ਹੀ ਚਲਦੇ ਰਹੇ। ਭਾਈ ਨਿਹਾਲ ਸਿੰਘ ਦੇ ਸ਼ਾਗਿਰਦ ਭਾਈ ਗਿਆਨ ਸਿੰਘ ਨਕਾਸ਼ ਨੇ ਵੀ ਬੜਾ ਮਨੋਹਰ ਕੰਮ ਕੀਤਾ ਹੈ। ਇਨ੍ਹਾਂ ਨੇ ਅਸਰਾਲਾਂ ਤੇ ਸ਼ੇਰਾਂ ਦੇ ਭੇੜ ਦਿਖਾਏ ਹਨ। ਉਨ੍ਹਾਂ ਨੇ ਕੁਝ ਅਕਾਲੀ ਨਿਸ਼ਾਨ ਵੀ ਚਿੱਤਰੇ ਹਨ, ਜਿਨ੍ਹਾਂ ਵਿੱਚ ਪੁਰਾਣੇ ਨਿਸ਼ਾਨ ਖੰਡਾ ਤੇ ਕਟਾਰ ਦੀ ਥਾਂ ਖੰਡਾ ਚੱਕਰ ਤੇ ਕ੍ਰਿਪਾਨ ਦਾ ਨਿਸ਼ਾਨ ਚਿਤਰਿਆ ਹੈ, ਜਿਸ ਨੂੰ ਪੰਥ ਵਿੱਚ ਵਧੇਰੇ ਮਾਨਤਾ ਪ੍ਰਾਪਤ ਹੈ।

ਭਾਈ ਹਰਭਜਨ ਸਿੰਘ ‘ਨਕਾਸ਼’ ਨੇ ਕੁਝ ਹੋ ਗੁਜ਼ਰੇ ਹੋਰ ਨਕਾਸ਼ਾਂ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਮਹੰਤ ਈਸ਼ਰ ਸਿੰਘ ਦੇ ਸਮੇਂ ਭਾਈ ਜੈਮਲ ਸਿੰਘ ਤੇ ਭਾਈ ਮਹਿਤਾਬ ਸਿੰਘ ਵੀ ਨਕਾਸ਼ੀ ਦਾ ਸੁੰਦਰ ਕੰਮ ਕਰਦੇ ਰਹੇ। ਮਹਿਤਾਬ ਸਿੰਘ ਦੇ ਸ਼ਾਗਿਰਦ ਸਨ ਭਾਈ ਹਰਨਾਮ ਸਿੰਘ ਨਕਾਸ਼ ਤੇ ਭਾਈ ਮਹਿਤਾਬ ਸਿੰਘ ਦਾ ਪੁੱਤਰ ਆਤਮਾ ਸਿੰਘ। ਅੱਗੋਂ ਆਤਮਾ ਸਿੰਘ ਦੇ ਤਿੰਨ ਸ਼ਾਗਿਰਦ ਹੋਏ ਹਨ, ਇਕ ਹਰਭਜਨ ਸਿੰਘ, ਦੂਜਾ ਪ੍ਰੀਤਮ ਸਿੰਘ ਤੇ ਤੀਜਾ ਮਨਮੋਹਨ ਸਿੰਘ। ਭਾਈ ਹਰਨਾਮ ਸਿੰਘ ਨਕਾਸ਼ ਦੇ ਸ਼ਾਗਿਰਦ ਭਾਈ ਕਰਤਾਰ ਸਿੰਘ ਮੁਸੱਵਰ ਤੇ ਭਾਈ ਅਜੀਤ ਸਿੰਘ ਨਕਾਸ਼ ਸਨ। ਭਾਈ ਗਿਆਨ ਸਿੰਘ ਦਾ ਸ਼ਾਗਿਰਦ ਉਨ੍ਹਾਂ ਦਾ ਆਪਣਾ ਪੁੱਤਰ ਸ੍ਰ. ਸੋਹਣ ਸਿੰਘ ਜੋ ਜੀ.ਐੱਸ. ਸੋਹਣ ਸਿੰਘ ਦੇ ਨਾਮ ਨਾਲ ਪ੍ਰਸਿੱਧ ਹੋਇਆ, ਪਹਿਲਾਂ ਨਕਾਸ਼ੀ ਦਾ ਤੇ ਫਿਰ ਤਸਵੀਰਾਂ ਦੇ ਚਿੱਤਰ ਆਦਿ ਬਨਾਉਣ ਦਾ ਕੰਮ ਕਰਦਾ ਰਿਹਾ।ਉਨ੍ਹਾਂ ਦੇ ਅੱਗੇ ਪੁੱਤ-ਪੋਤਰੇ ਸ੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਬ੍ਰਹਮਬੂਟਾ ਮਾਰਕੀਟ ਵਿੱਚ ਤਸਵੀਰਾਂ ਚਿਤਰਕਾਰੀ ਆਦਿ ਦਾ ਕੰਮ ਕਰਦੇ ਹਨ।

ਇਤਿਹਾਸਕ ਵੇਰਵਿਆਂ ਅਨੁਸਾਰ ਉਪਰੋਕਤ ਸਾਰੇ ਨਕਾਸ਼ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਨਕਾਸ਼ੀ, ਮੋਹਰਾਕਸ਼ੀ, ਜੜਤਕਾਰੀ, ਗੱਚ ਤੇ ਟੁਕੜੀ ਆਦਿ ਦਾ ਕੰਮ ਕਰਦੇ ਰਹੇ ਹਨ। ਭਾਈ ਹਰਭਜਨ ਸਿੰਘ ਅਤੇ ਇਨ੍ਹਾਂ ਦਾ ਨੌਜਵਾਨ ਪੁੱਤਰ ਭਾਈ ਹਰਵਿੰਦਰ ਸਿੰਘ ਨਕਾਸ਼ੀ ਦੇ ਖਰਾਬ ਹੋਏ ਕੰਮ ਦੀ ਮੁਰੰਮਤ ਕਰਦੇ ਰਹੇ ਹਨ। ਫੌਜੀ ਹਮਲੇ ਤੋਂ ਬਾਅਦ ਭਾਈ ਹਰਭਜਨ ਸਿੰਘ ਨਵ-ਨਿਰਮਾਣ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਛੱਤਾਂ ਆਦਿ ਦੀ ਚਿਤਰਕਾਰੀ ਤੇ ਮੀਨਾਕਾਰੀ ਆਦਿ ਦਾ ਕੰਮ ਕਰਦੇ ਰਹੇ ਹਨ।

ਜੜਤਕਾਰੀ ਦਾ ਕੰਮ ਜਿਆਦਾ-ਤਰ ਸ੍ਰੀ ਹਰਿਮੰਦਰ ਸਾਹਿਬ ਦੇ ਪੱਛਮੀ ਬੂਹੇ ਦੇ ਸਾਹਮਣੇ ਹੇਠ ਫਰਸ਼ ਵਿੱਚ, ਗੁੰਬਦ ਦੇ ਅੰਦਰ ਫਰਸ਼ ਦੇ ਵਿਚਕਾਰ ਤੇ ਸ੍ਰੀ ਹਰਿਮੰਦਰ ਸਾਹਿਬ ਦੀ ਪਹਿਲੀ ਮੰਜਲ ਦੀਆਂ ਕੰਧਾਂ ਦੇ ਉੱਪਰ ਸਭ ਤੋਂ ਵਧੀਆ ਹੋਇਆ ਹੈ। ਇਨ੍ਹਾਂ ਥਾਵਾਂ ਤੇ ਮੱਛੀਆਂ, ਬਗਲਿਆਂ, ਕੱਛੂ ਕੁੰਮਿਆਂ, ਹਰਨਾਂ, ਚਿੜੀਆਂ, ਬੁਲਬੁਲਾਂ, ਮੋਰਾਂ, ਚੱਕੀ ਰਾਹਿਆਂ, ਸ਼ੇਰਾਂ, ਹਾਥੀਆਂ, ਮਗਰ ਮੱਛਾਂ, ਬੱਕਰੀਆਂ, ਗੁਲਾਬ ਦਾਨੀਆਂ ਆਦਿ ਦੀਆਂ ਸੁੰਦਰ ਸ਼ਕਲਾਂ ਤੋਂ ਇਲਾਵਾ ਸੁੰਦਰ ਫਲਾਂ, ਫੁੱਲਾਂ, ਵੇਲਾਂ, ਦਰੱਖਤਾਂ ਤੇ ਸਮਾਧੀ ਲਾਈ ਬੈਠੇ ਸਾਧੂਆਂ ਦੇ ਬੜੇ ਦਿਲ-ਖਿੱਚਵੇਂ ਚਿੱਤਰ ਹਨ।

ਸ੍ਰੀ ਹਰਿਮੰਦਰ ਸਾਹਿਬ ਦੇ ਹਾਲ ਕਮਰੇ ਦੀ ਛੱਤ ਦੇ ਹੇਠਾਂ ਦੀਆਂ ਕੰਧਾਂ ਤੇ ਥੰਮ੍ਹਾਂ ਦੇ ਅਗਲੇ ਭਾਗ ਤੇ ਧੁਰ ਉੱਪਰ ਗੁੰਬਦ ਦੇ ਅੰਦਰਲੇ ਭਾਗ ਤੇ ਦੂਜੀ ਮੰਜ਼ਲ ਦੀਆਂ ਛੱਤਾਂ ਦੇ ਹੇਠ ਵਾਰ ਕੰਧਾਂ ਤੇ ਥੰਮਾਂ ਉੱਪਰ ਗੱਚ ਮੁਨੱਵਤ ਦਾ ਸੁੰਦਰ ਤੇ ਕੀਮਤੀ ਕੰਮ ਕੀਤਾ ਹੋਇਆ ਹੈ, ਸਿੱਖ ਨਕਾਸ਼ਾਂ ਦੀ ਕਲਾ ਦਾ ਇਕ ਸੁੰਦਰ ਨਮੂਨਾ ਹੈ, ਇਹ ਕੰਮ ਹਰਿ ਕੀ ਪਉੜੀ ਦੀ ਦੂਜੀ ਮੰਜ਼ਲ ਦੀ ਵੱਡੀ ਡਾਟ ਦੇ ਅੰਦਰਵਾਰ ਵਿਚਕਾਰੋਂ ਜਪੁਜੀ ਸਾਹਿਬ ਆਰੰਭ ਕਰ ਅੱਧਾ ਡਾਟ ਦੇ ਕੇ ਇਕ ਪਾਸੇ ਤੇ ਅੱਧਾ ਡਾਟ ਦੇ ਦੂਜੇ ਪਾਸੇ ਲਿਖਿਆ ਹੈ। ਇਸੇ ਤਰ੍ਹਾਂ ਹਰਿ ਕੀ ਪਉੜੀ ਦੀ ਦੂਜੀ ਮੰਜ਼ਲ ਦੀ ਦੱਖਣੀ ਬਾਹੀ ਤੇ ਉੱਤਰੀ ਬਾਹੀ ਦੇ ਉਪਰਲੇ ਹਿੱਸੇ ਕੰਧ ਵਿਚ ਪੂਰਾ ਜਪੁ ਜੀ ਸਾਹਿਬ ਲਿਖਿਆ ਹੋਇਆ ਹੈ। ਇਸੇ ਤਰ੍ਹਾਂ ਹਰਿ ਕੀ ਪਉੜੀ ਦੀ ਪਹਿਲੀ ਮੰਜ਼ਲ ਦੀ ਡਾਟ ਜੋ ਸਰੋਵਰ ਵੱਲ ਹੈ। ਉਸ ਦੇ ਦੋਹੀਂ ਪਾਸੀਂ ਸੁਖਮਨੀ ਸਾਹਿਬ ਦੀਆਂ ੨੪ ਅਸਟਪਦੀਆਂ (ਜੋ ਸ੍ਰੀ ਗੁਰੂ ਰਾਮਦਾਸ ਜੀ ਦੀ ਰਚਨਾ ਹੈ) ਗੱਚ ਦੀ ਮੁਨੱਵਤ ਦਾ ਸੁੰਦਰ ਨਮੂਨਾ ਉੱਕਰਿਆ ਹੋਇਆ ਹੈ।

ਸ੍ਰੀ ਹਰਿਮੰਦਰ ਸਾਹਿਬ ਦੀ ਦੂਜੀ ਛੱਤ ਦੇ ਪੂਰਬੀ ਖੁਲ੍ਹੇ ਦਰਵਾਜ਼ੇ ਦੀ ਡਾਟ ਵਿਚਕਾਰ ਸਾਰਾ ਜਪੁ ਜੀ ਅਤੇ ਅਨੰਦ ਸਾਹਿਬ ਦੀਆਂ ਛੇ ਪਉੜੀਆਂ ਉੱਕਰੀਆਂ ਹੋਈਆਂ ਹਨ ਅਤੇ ਹਾਲ ਦੇ ਅੰਦਰ ਵੱਲ ਪੂਰਬੀ ਵਿਚਕਾਰਲੀ ਬਾਰੀ (ਜੋ ਬੰਦ ਕੀਤੀ ਹੋਈ ਹੈ) ਦੇ ਉਪਰਲੇ ਹਿੱਸੇ ਵਿੱਚ ਗੁਰਬਾਣੀ ਦਾ ਇਕ ਸ਼ਬਦ ਉਕਰਿਆ ਹੋਇਆ ਹੈ।

ਕਈਆਂ ਥਾਵਾਂ ‘ਤੇ ਸੇਵਾ ਕਰਾਉਣ ਵਾਲੇ ਪ੍ਰੇਮੀਆਂ ਦੇ ਨਾਮ ਤੇ ਸਿਰਨਾਵੇਂ ਵੀ ਗੁਰਮੁਖੀ ਅੱਖਰਾਂ ਵਿੱਚ ਲਿਖੇ ਮਿਲਦੇ ਹਨ। ਉੱਤਰ ਦਿਸ਼ਾ ਵੱਲੋਂ ਖਜ਼ਾਨੇ ਵਾਲੀ ਕੋਠੜੀ ਵਿਚਲੀ ਸ੍ਰੀ ਹਰਿਮੰਦਰ ਸਾਹਿਬ ਦੇ ਉੱਪਰ ਚੜ੍ਹਦੀ ਪਉੜੀ ਤੇ ਦੂਜੀ ਮੰਜ਼ਲ ਨੂੰ ਚੜ੍ਹਦਿਆਂ ਉੱਤਰ ਦਿਸ਼ਾ ਵੱਲ ਜਿਥੇ ਪਉੜੀ ਕਰ ਕੇ ਬਾਰੀ ਬੰਦ ਹੈ, ਅੰਦਰਵਾਰ ਪਉੜੀਆਂ ‘ਤੇ ਖੜ੍ਹਿਆਂ ਇਸਦੀ ਇਕ ਸੁੰਦਰ ਤਸਵੀਰ ਹੈ। ਜਿਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਘੋੜੇ ‘ਤੇ ਚੜ੍ਹੇ ਹੋਏ ਹਨ ਇਕ ਸਿੰਘ ਚੌਰ ਕਰਦਾ ਹੈ। ਤਿੰਨ ਪਿੱਛੇ ਆ ਰਹੇ ਹਨ ਤੇ ਦੋ ਸਿੰਘ ਅੱਗੋਂ ਸੁਆਗਤ ਕਰ ਰਹੇ ਹਨ। ਇਹ ਨਕਾਸ਼ ਦੀ ਗੁਰੂ ਸਾਹਿਬ ਪ੍ਰਤੀ ਸ਼ਰਧਾ ਦੀ ਮੂੰਹ ਬੋਲਦੀ ਤਸਵੀਰ ਹੈ।

ਸ੍ਰੀ ਹਰਿਮੰਦਰ ਸਾਹਿਬ ਵਾਲੇ ਪੱਛਮੀ ਭਾਵ ਸਾਹਮਣੇ ਦਰਵਾਜ਼ੇ ਦੇ ਬਾਹਰਵਾਰ ਉੱਪਰ ਤਾਂਬੇ ਦੇ ਪੱਤਰੇ ‘ਤੇ ਚੜ੍ਹੇ ਸੁਨਹਿਰੀ ਵਰਕਾਂ ਵਾਲੇ ਸੁਨਹਿਰੀ ਅੱਖਰਾਂ ਵਿੱਚ ਇਹ ਇਬਾਰਤ ਲਿਖੀ ਹੋਈ ਹੈ।
‘ਸ੍ਰੀ ਮਹਾਰਾਜ ਗੁਰੂ ਸਾਹਿਬ ਜੀ ਨੇ ਆਪਣੇ ਪਰਮ ਸੇਵਕ ਜਾਣ ਕਰ ਕੇ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਸ੍ਰੀ ਮਹਾਰਾਜਾ ਸਿੰਘ ਸਾਹਿਬ ਰਣਜੀਤ ਸਿੰਘ ਪਰ ਦਯਾ ਕਰ ਕੇ ਕਰਵਾਈ। (੧੮੮੭)’

ਸ੍ਰੀ ਹਰਿਮੰਦਰ ਸਾਹਿਬ ਦੇ ਉੱਤਰੀ ਦਰਵਾਜ਼ੇ ਪਰ ਪੱਥਰ ਉੱਪਰ ਇਸ ਤਰ੍ਹਾਂ ਲਿਖਿਆ ਹੈ:
‘ਸੇਵਾ ਗੁਰੂ ਰਾਮਦਾਸ ਜੀ ਕੀ ਅਰ ਸ੍ਵਰਨ ਕੀ ਸੰਗ ਸਫੈਦ ਕੀ ਬਡਭਾਗੀ ਜਾਣ ਕੇ ਸ੍ਰੀ ਮਹਾਰਾਜਾ ਰਣਜੀਤ ਸਿੰਘ ਸੋਂ ਕਰਵਾਈ ਮਾਰਫਤ ਸ੍ਰ ਭਾਈ ਸੰਤ ਸਿੰਘ ਗਿਆਨੀ ਜੀ ਕੀ।’

ਦੱਖਣੀ ਦਰਵਾਜ਼ੇ ਉੱਪਰ ਇਹ ਲਿਖਿਆ ਹੋਇਆ ਹੈ:
‘ਸ੍ਰੀ ਸਤਿਗੁਰੂ ਜੀ ਖਾਲਸੇ ਕਾ ਬੋਲ ਬਾਲਾ ਸਦਾ ਰੱਕੇ। ਸਤਿਗੁਰੂ ਜੀ ਕੀ ਕਿਰਪਾ ਰਾਜ-ਸਾਜ ਸ੍ਰੀ ਮਹਾਰਾਜੇ ਖੜਕ ਸਿੰਘ ਜੀ ਅਰ ਕੰਵਰ ਸ੍ਰੀ ਨੌਨਿਹਾਲ ਸਿੰਘ ਜੀ ਕੋ ਭਯਾ, ਤਿਨੋ ਹਿਤ ਕਰ ਭਾਗਯ ਜਾਣ ਕਰ ਸੇਵਾ ਕਰੀ ਸੰਮਤ ੧੮੯੬ ਬਿਕ੍ਰਮੀ।’

ਪੂਰਬੀ ਦਰਵਾਜ਼ੇ ਉੱਪਰ ਸੋਨੇ ਦੇ ਪੱਤਰੇ ‘ਤੇ ਸੁਨਹਿਰੀ ਗੁਰਮੁਖੀ ਅੱਖਰਾਂ ਵਿੱਚ ਅਰਦਾਸ ਦੀ ਪਹਿਲੀ ਪਉੜੀ ਆਦਿ ਤੋਂ ਲੈ ਕੇ ਸਭ ਥਾਈਂ ਹੋਇ ਸਹਾਇ, ਸ੍ਰੀ ਵਾਹਿਗੁਰੂ ਜੀ ਸਹਾਇ ਤੱਕ ਲਿਖੀ ਹੈ।

ਤਵਾਰੀਖ਼ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਕ੍ਰਿਤ ਊਧਮ ਸਿੰਘ ਪੰਨਾ ੯੫ ‘ਤੇ ਅੰਕਿਤ ਹੈ ਕਿ ੧੮੬੦ ਬਿ: (੧੮੦੩ ਈ.) ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਉੱਪਰ ਸੋਨਾ ਚੜਾਉਣ ਲਈ ਪੰਜ ਲੱਖ ਰੁਪਏ ਦਾ ਸੋਨਾ ਭਾਈ ਸੰਤ ਸਿੰਘ ਜੀ ਗਿਆਨੀ ਦੇ ਸਪੁਰਦ ਕੀਤਾ। ਜਿਨ੍ਹਾਂ ਨੇ ਆਪਣੇ ਵੱਲੋਂ ਮੁਹੰਮਦ ਯਾਰ ਖਾਂ ਮਿਸਤਰੀ ਨੂੰ ਇਮਾਰਤ ਨੂੰ ਸੁਨਹਿਰੀ ਕਰਨ ਲਈ ਨਿਯੁਕਤ ਕੀਤਾ। ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਦੀ ਛੱਤ ਤੇ ਫਿਰ ਚਾਰੇ ਬੰਗਲੇ ਸੁਨਹਿਰੀ ਕਰਨ ਦਾ ਹੁਕਮ ਹੋਇਆ। ਜਿਨ੍ਹਾਂ ਵਿੱਚੋਂ ਦੱਖਣ ਪੱਛਮੀ ਬੰਗਲੇ ਨੂੰ ਸ੍ਰ. ਹੁਕਮ ਸਿੰਘ ਚਿਮਨੀ ਨੇ ਸੋਨਾ ਚੜ੍ਹਾਇਆ। ਬਾਕੀ ਤਿੰਨ ਬੰਗਲਿਆਂ ਅਤੇ ਬੁਰਜੀਆਂ ਨੂੰ ਸੰਮਤ ੧੮੬੨ ਬਿ: (੧੮੦੫ ਈ.) ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਤਿੰਨ ਲੱਖ ਬਤਾਲੀ ਹਜ਼ਾਰ ਛੇ ਸੌ ਪੈਂਤੀ (੩੪੨੬੩੫)/-ਰੁਪਏ ਖਰਚ ਕੇ ਸੁਨਹਿਰੀ ਕਰਵਾਇਆ। ਸ੍ਰੀ ਹਰਿਮੰਦਰ ਸਾਹਿਬ ਦੇ ਵੱਡੇ ਗੁੰਬਦ ਉੱਪਰ ਸ. ਫਤੇ ਸਿੰਘ ਆਹਲੂਵਾਲੀਏ ਨੇ ਦੋ ਲੱਖ ਪੰਜਾਬ ਹਜ਼ਾਰ (੨,੫੦,੦੦੦)ਰੁਪਏ ਦਾ ਸੋਨਾ ਚੜ੍ਹਾਇਆ। ਦੂਜੀ ਮੰਜ਼ਲ ਦੀਆਂ ਬਾਰੀਆਂ ਦੇ ਅੰਦਰਲੇ ਦਰਵਾਜ਼ੇ ਤੇ ਕੰਧਾਂ ਉੱਪਰ ਸੁਨਹਿਰੀ ਗੱਚ ਤੇ ਮੀਨਾਕਾਰੀ ਤੇ ਛੱਤਾਂ ਦਾ ਜੜਾਊ ਕੰਮ ਮਹਾਰਾਜਾ ਰਣਜੀਤ ਸਿੰਘ ਨੇ ਦੂਜੇ ਸਿੱਖ ਸਰਦਾਰਾਂ ਨਾਲ ਮਿਲੇ ਅੱਸੀ ਹਜ਼ਾਰ (੮੦,੦੦੦)ਰੁਪਏ ਖਰਚ ਕੇ ਕਰਵਾਇਆ। ਇਹ ਕੰਮ ੧੮੭੪ ਤੋਂ ੧੮੮੭ ਬਿ: (੧੮੧੭ ਤੋਂ ੧੮੩੦ ਈ.) ਦੇ ਦੌਰਾਨ ਹੋਇਆ। ਚੜ੍ਹਦੇ ਪਾਸੇ ਦੇ ਦਾਲਾਨ ਦੀ ਛੱਤ ਨੂੰ ਰਾਣੀ ਸਦਾ ਕੌਰ ਘਨੱਈਆ ਮਿਸਲ ਦੀ ਸਰਦਾਰਨੀ ਨੇ ਇਕ ਲੱਖ ਪਝੱਤਰ ਹਜ਼ਾਰ ਤਿੰਨ ਸੌ (੧,੭੫,੩੦੦) ਰੁਪਏ ਖਰਚ ਕੇ ਸੁਨਹਿਰੀ ਕਰਵਾਇਆ। ਬਾਕੀ ਤਿੰਨਾਂ ਦਾਲਾਨਾਂ ਦੀਆਂ ਛੱਤਾਂ ਨੂੰ ੧੮੭੫ ਬਿ: ਤੋਂ ੧੮੮੮ ਬਿ: (੧੮੧੮ ਤੋਂ ੧੮੩੧ ਈ.) ਤਕ ਉਸੇ ਨਮੂਨੇ ਦੀਆਂ ਮਹਾਰਾਜਾ ਰਣਜੀਤ ਸਿੰਘ ਨੇ ਸੁਨਹਿਰੀ ਕਰਵਾਈਆਂ। ਜਿਨ੍ਹਾਂ ਉੱਪਰ ਮਹਾਰਾਜੇ ਦਾ ਪੰਜ ਲੱਖ ਪੈਂਤੀ ਹਜ਼ਾਰ ਤਿੰਨ ਸੌ ਬੱਤੀ (੫,੩੫,੩੩੨) ਰੁਪਏ ਖਰਚ ਆਇਆ। ਪੌੜੀਆਂ ਵਾਲੇ ਪਾਸੇ ਦੀ ਛੱਤ ਸੰਮਤ ੧੮੯੩ ਬਿ: (੧੮੩੬ ਈ.) ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਸੁਨਹਿਰੀ ਬਣਵਾਈ। ੧੮੯੩ ਬਿ: (੧੮੩੬ ਈ.) ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਚੁਫੇਰੇ ਦੀਆਂ ਕੰਧਾਂ ਤੇ ਬਾਰ੍ਹਾਂ-ਬਾਰ੍ਹਾਂ ਫੁੱਟ ਉੱਚੇ ਲੱਗੇ ਸੰਗਮਰਮਰ ਤੋਂ ਉੱਪਰ ਅਠਾਰਾਂ ਅਠਾਰਾਂ ਫੁੱਟ  ਜੰਗਲੇ ਸਮੇਤ, ਕਿੰਗਰੇ ਤੇ ਕਲਸਾਂ ਤੋਂ ਬਿਨਾਂ ਮਹਾਰਾਜਾ ਰਣਜੀਤ ਸਿੰਘ ਨੇ ਸੁਨਹਿਰੀ ਕਰਵਾਈਆਂ ਜਿਨ੍ਹਾਂ ‘ਤੇ ਪੈਂਹਠ ਹਜ਼ਾਰ (੬੫,੦੦੦) ਰੁਪਏ ਖਰਚ ਹੋਏ। ਛੋਟੀ ਛੱਤ ਤੇ ਵਿਚਕਾਰਲੀ ਕੰਧ ਸੰਮਤ ੧੮੯੫ ਬਿ: (੧੮੩੮ ਈ.) ਵਿੱਚ ਮਹਾਰਾਜਾ ਖੜਗ ਸਿੰਘ  ਨੇ ਸੁਨਹਿਰੀ ਤਿਆਰ ਕਰਵਾਈ। ਉੱਤਰੀ ਪਾਸੇ ਦੀ ਛੱਤ ੧੮੯੫ ਬਿ: (੧੮੩੮ ਈ.) ਵਿੱਚ ਭਾਈ ਰਾਮ ਸਿੰਘ ਪਸ਼ੌਰੀਏ ਨੇ ਸੁਨਹਿਰੀ ਕਰਵਾਈ। ਪੱਛਮ ਵੱਲ ਦੀ ਛੱਤ ਤੇ ਅੰਦਰੋਂ ਕੰਧ ਭਾਈ ਰਾਮ ਸਿੰਘ ਅਤੇ ਭਾਈ ਗੁਰਮੁਖ ਸਿੰਘ ਜੀ ‘ਲੁਬਾਣੇ’ ਨੇ ੧੯੦੨ ਬਿਕ੍ਰਮੀ (੧੮੪੫ ਈ.) ਵਿੱਚ ਸੁਨਹਿਰੀ ਕਰਵਾਈ। ਦੱਖਣੀ ਪਾਸੇ ਦੀ ਛੱਤ ਸੰਮਤ ੧੯੦੬ ਬਿ: (੧੮੪੯ ਈ.) ਵਿੱਚ ਭਾਈ ਸੁਜਾਨ ਸਿੰਘ ਨੇ ਸੁਨਹਿਰੀ ਕਰਵਾਈ। ਪੂਰਬੀ ਛੋਟੀ ਛੱਤ ਸੰਮਤ ੧੯੧੧ ਬਿ: (੧੮੫੪ ਈ.) ਵਿੱਚ ਭਾਈ ਚੈਨ ਸਿੰਘ ਗੰਢ ਨੇ ਸੁਨਹਿਰੀ ਕਰਵਾਈ। ਵੱਡੇ ਗੁੰਬਦ ਦੇ ਹੇਠ ਚੌਹਾਂ ਕੋਣਾਂ ਤੇ ਚਾਰ ਛੋਟੀਆਂ ਗੁੰਬਦੀਆਂ ਤੇ ਉਨ੍ਹਾਂ ਚੌਹਾਂ ਵਿਚਕਾਰ ਹਰ ਪਾਸੇ ਨੌ-ਨੌ, ਕੁੱਲ ਛਤੀ ਕਲਸ ਹਨ। ਜਿਨ੍ਹਾਂ ਨੂੰ ਸੰਮਤ ੧੮੭੩ ਬਿ: ਵਿੱਚ ਭਾਈ ਭਾਗ ਸਿੰਘ, ਫਤੇ ਸਿੰਘ ਆਹਲੂਵਾਲੀਆ ਨੇ ਸੁਨਹਿਰੀ ਕਰਵਾਇਆ। ਵੱਡੇ ਗੁੰਬਦ ਦੇ ਹੇਠਲੇ ਬਾਰ੍ਹਾਂ ਦਰਵਾਜ਼ਿਆਂ ‘ਤੇ ਸੁਨਹਿਰੀ ਕੰਮ ਸ੍ਰ. ਬਸੰਤ ਸਿੰਘ ਖੇੜੀ ਕਾਲੇ ਨੇ ਕਰਵਾਇਆ। ਸ੍ਰੀ ਹਰਿਮੰਦਰ ਸਾਹਿਬ ਦਾ ਚੁਫੇਰੇ ਅੱਗੇ ਨੂੰ ਵਧਿਆ ਛੱਜਾ ਤੇ ਜੰਗਲੇ ਦੇ ਉੱਪਰ ਬਣੇ ਛੋਟੇ ਗੁੰਬਦ ਜੋ ਗਿਣਤੀ ਵਿੱਚ ੫੮ ਹਨ ਮਹਾਰਾਜਾ ਰਣਜੀਤ ਸਿੰਘ ਨੇ ਸੁਨਹਿਰੀ ਕਰਵਾਏ।

ਗਿਆਨੀ ਕ੍ਰਿਪਾਲ ਸਿੰਘ ਦੀ ਲਿਖਤ ਅਨੁਸਾਰ ਸ੍ਰੀ ਹਰਿਮੰਦਰ ਸਾਹਿਬ ਦੇ ਚਹੁ ਦਰਵਾਜ਼ਿਆਂ ਦੀਆਂ ਚਾਰ ਸੁਨਹਿਰੀ ਜੋੜੀਆਂ ਪੁਰਾਣੇ ਸਮੇਂ ਦੀਵਾਲੀ ਵੈਸਾਖੀ ਅਤੇ ਵੱਡੇ ਗੁਰਪੁਰਬਾਂ (ਹੁਣ ਸਿਰਫ ਪੰਜ ਵੱਡੇ ਗੁਰਪੁਰਬਾਂ ਸਮੇਂ) ਜਿੰਨਾਂ ਸਮਾਂ ਜਲੌ ਲਗਦਾ ਹੈ, ਸਜਾਉਣ ਵਾਸਤੇ ਸੁਨਹਿਰੀ ਤਿਆਰ ਕਰਵਾਈਆਂ ਗਈਆਂ ਇਕ ਜੋੜੀ ਮਹਾਰਾਜਾ ਰਣਜੀਤ ਸਿੰਘ ਵੱਲੋਂ। ਦੂਜੀ ਮਹਾਰਾਜਾ ਖੜਗ ਸਿੰਘ ਦੀ ਮਾਤਾ ਵੱਲੋਂ, ਤੀਜੀ ਮਹਾਰਾਜਾ ਖੜਗ ਸਿੰਘ ਵੱਲੋਂ ਅਤੇ ਚੌਥੀ ਕੰਵਰ ਨੌਨਿਹਾਲ ਸਿੰਘ ਦੀ ਮਾਤਾ ਮਹਾਰਾਣੀ ਚੰਦ ਕੌਰ ਵੱਲੋਂ ਭੇਟ ਕੀਤੀਆਂ ਗਈਆਂ। ਇਨ੍ਹਾਂ ਤੇ ਉਸ ਵਕਤ ਚੌਦਾਂ-ਚੌਦਾਂ ਹਜ਼ਾਰ ਰੁਪਏ ਖਰਚ ਆਇਆ। ਇਹ ਸਾਰਾ ਕੰਮ ਭਾਈ ਸੰਤ ਸਿੰਘ ਗਿਆਨੀ ਦੇ ਰਾਹੀਂ ਮਿਸਤਰੀ ਮੁਹੰਮਦ ਯਾਰ ਖਾਂ ਦੀ ਨਿਗਰਾਨੀ ‘ਚ ਹੋਇਆ। ਭਾਈ ਸੰਤ ਸਿੰਘ ਦੇ ਦੇਹਾਂਤ ਬਾਅਦ ਇਹ ਕੰਮ ਉਨ੍ਹਾਂ ਦੇ ਸਪੁੱਤਰ ਭਾਈ ਗੁਰਮੁਖ ਸਿੰਘ ਗਿਆਨੀ ਦੇ ਸਪੁਰਦ ਹੋਇਆ। ਜਿਸ ਦੀ ਰਾਹੀਂ ਪੰਜ ਲੱਖ ਪੈਂਤੀ ਹਜ਼ਾਰ ਦਾ ਸੋਨਾ ਖਰਚ ਹੋਇਆ। ਜੋੜੀਆਂ ਉੱਪਰ ਸੋਨੇ ਦਾ ਸਾਰਾ ਕੰਮ ਮੁਹੰਮਦ ਯਾਰ ਖਾਂ ਮਿਸਤਰੀ ਦੇ ਪੁੱਤਰ ਅੱਲਾ ਯਾਰ ਖਾਂ ਨੇ ਕੀਤਾ। ਜਿਸ ਦੇ ਇਵਜ਼ ਵਿੱਚ ਮਹਾਰਾਜੇ ਨੇ ਤਿੰਨ ਸੌ ਰੁਪਏ ਦੀ ਕੀਮਤ ਦੇ ਸੋਨੇ ਦੇ ਕੜਿਆਂ ਦੀ ਜੋੜੀ ਤੇ ਸੌ ਰੁਪਇਆ ਨਕਦ ਬਤੌਰ ਇਨਾਮ ਦਿੱਤਾ।

ਸਿੱਖ ਰਾਜ ਸਮੇਂ ਹੋਏ ਕੁੱਲ ਖਰਚ ਦਾ ਵੇਰਵਾ ਦਿੰਦੇ ‘ਤਵਾਰੀਖ ਸ੍ਰੀ ਅੰਮ੍ਰਿਤਸਰ’ ਜੋ ਲਗਭਗ ੧੯੭੨ ਬਿਕਰਮੀ (੧੯੧੫ ਈ.) ‘ਚ ਲਿਖੀ ਗਈ ਵਿੱਚ ਪੰਨਾ ੨੮ ਤੋਂ ੩੦ ਤੇ ਗਿਆਨੀ ਗਿਆਨ ਸਿੰਘ ਲਿਖਦੇ ਹਨ। ਮਹਾਰਾਜਾ ਰਣਜੀਤ ਸਿੰਘ ਵੱਲੋਂ ੧੬੩੯੦੦੦/-ਰੁਪੈ, ਭੰਗੀ ਸਰਦਾਰਾਂ ਵੱਲੋਂ ੩੩੫੫੦੦੦/-ਰੁਪੈ, ਸ੍ਰ. ਖੜਗ ਸਿੰਘ ਤੇ ਕੰਵਰ ਨੌਨਿਹਾਲ ਸਿੰਘ ਵੱਲੋਂ ੯੪੧੦੦੦/-ਰੁਪੈ, ਰਾਣੀਆਂ ਵੱਲੋਂ ੧੮੫੦੦੦/-ਰੁਪੈ, ਸਿੱਖ ਸਰਦਾਰਾਂ ਵੱਲੋਂ ੧੨੮੦੦੦/-ਰੁਪੈ, ਫੁੱਟਕਲ ਸਿੱਖ ਸਰਦਾਰਾਂ ਵੱਲੋਂ ੧੬੩੦੦੦/-ਰੁਪੈ ਕੁੱਲ ਜੋੜ ੬੪੧੧੦੦੦/- ਰੁਪੈ ਖਰਚ ਕੀਤੇ ਗਏ।

ਸ੍ਰੀ ਹਰਿਮੰਦਰ ਸਾਹਿਬ ਦੀ ਦੂਜੀ ਮੰਜ਼ਲ ਦੀ ਛੱਤ ਦਾ ਉੱਪਰ ਵੱਲ ਦਾ ਹਿੱਸਾ ਸੰਮਤ ੧੮੫੬ ਬਿ: (੧੭੯੯ ਈ.) ਵਿੱਚ ਸ੍ਰ. ਸੋਭਾ ਸਿੰਘ ਨਕਈ ਨੇ ਸੁਨਹਿਰੀ ਕਰਵਾਇਆ ਅਤੇ ਉਸੇ ਪਾਸੇ ਦੀ ਕੰਧ ਦੀ ਨਕਾਸ਼ੀ ਸੰਮਤ ੧੮੫੬ ਬਿ: (੧੭੯੯ ਈ.) ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਸੁਨਹਿਰੀ ਕਰਵਾਈ। ਦੱਖਣੀ ਪਾਸੇ ਵੱਲ ਦੀ ਛੱਤ ਨੂੰ ਸੰਮਤ ੧੮੪੩ ਬਿ: (੧੭੮੬ ਈ.) ਵਿੱਚ ਬੰਸੀ ਰਾਮ ਪੁੱਤਰ ਜੋਧ ਸਿੰਘ ਦੀਵਾਨ ਭੰਗੀ ਖਾਨਦਾਨ ਪਿੰਡ ਸੋਹਲ ਨੇ ਸੁਨਹਿਰੀ ਤਿਆਰ ਕਰਵਾਇਆ। ਬਾਕੀ ਦੋਹਾਂ ਪਾਸਿਆਂ ਦੀ ਛੱਤ ਮਹਾਰਾਜਾ ਰਣਜੀਤ ਸਿੰਘ ਦੇ ਰੁਪਏ ਨਾਲ ਸੁਨਹਿਰੀ ਤਿਆਰ ਹੋਈ। ਮਹਾਰਾਜਾ ਸਾਹਿਬ ਨੇ ਪੁਲ ਦੇ ਦੋਹੀਂ ਪਾਸੀਂ ਚਾਰ-ਚਾਰ ਕਲਸ ਸੁਨਹਿਰੀ ਕਰਵਾਏ।

ਸ੍ਰੀ ਹਰਿਮੰਦਰ ਸਾਹਿਬ ਵਿੱਚ ਚਾਂਦੀ ਦਾ ਕੰਮ:-
ਸ੍ਰੀ ਹਰਿਮੰਦਰ ਸਾਹਿਬ ਦੀਆਂ ਛੱਤਾਂ ਸਿੱਖ ਸਰਦਾਰਾਂ ਨੇ ਪਹਲਾਂ ਚਾਂਦੀ ਦੀਆਂ ਬਣਵਾਈਆਂ। ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰੋਂ ਦੋ ਪਾਸਿਆਂ ਦੀਆਂ ਛੱਤਾਂ ਸ੍ਰ. ਤਾਰਾ ਸਿੰਘ ਗੈਬਾ ਨੇ ਚਾਂਦੀ ਦੀਆਂ ਬਣਵਾਈਆਂ ਤੇ ਮੀਨਾਕਾਰੀ ਕਰਵਾਈ। ਤੀਜੇ ਪਾਸੇ ਦੀ ਛੱਤ ਸ੍ਰ. ਪ੍ਰਤਾਪ ਸਿੰਘ ਤੇ ਸ੍ਰ. ਜੱਸਾ ਸਿੰਘ ਅਤੇ ਚੌਥੇ ਪਾਸੇ ਦੀ ਛੱਤ ਸ੍ਰ. ਗੰਡਾ ਸਿੰਘ ਪਸ਼ੌਰੀਏ ਨੇ ੧੮੮੦ ਬਿ: (੧੮੨੩ ਈ.) ਵਿੱਚ ਤਿਆਰ ਕਰਵਾਈ। ਸ੍ਰੀ ਹਰਿਮੰਦਰ ਸਾਹਿਬ ਦੇ ਚੌਂਕ ਅਤੇ ਹਰਿ ਕੀ ਪਉੜੀ ਦੀਆਂ ਚਾਂਦੀ ਦੀਆਂ ਛੱਤਾਂ ਸੰਮਤ ੧੮੭੭ ਬਿ: (੧੮੨੦ ਈ.) ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਅਤੇ ਸੰਮਤ ੧੮੯੪ ਬਿ: (੧੮੩੭ ਈ.) ਵਿੱਚ ਮਹਾਰਾਜਾ ਖੜਗ ਸਿੰਘ ਨੇ ਤਿਆਰ ਕਰਵਾਈਆਂ।

ਸ੍ਰੀ ਹਰਿਮੰਦਰ ਸਾਹਿਬ ਦੇ ਚੌਹਾਂ ਦਰਵਾਜ਼ਿਆਂ ਦੀਆਂ ਚਾਰ ਚਾਂਦੀ ਦੀਆਂ ਜੋੜੀਆਂ ਬਣਵਾਈਆਂ। ਇਨ੍ਹਾਂ ‘ਚੋਂ  ਲਹਿੰਦੇ ਪਾਸੇ ਦੀ ਚਾਂਦੀ ਦੀ ਜੋੜੀ ੧੮੮੯ ਬਿ: (੧੮੩੨ ਈ.) ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਈ। ਦੱਖਣੀ ਦਰਵਾਜ਼ੇ ਦੀ ਜੋੜੀ ਮਹਾਰਾਜਾ ਖੜਗ ਸਿੰਘ ਦੀ ਮਾਤਾ ਰਾਣੀ ਦਯਾ ਕੌਰ ਨਕਈ ਨੇ, ਉੱਤਰੀ ਦਰਵਾਜ਼ੇ ਦੀ ਮਹਾਰਾਜਾ ਖੜਗ ਸਿੰਘ ਨੇ ਅਤੇ ਪੂਰਬੀ ਦਰਵਾਜ਼ੇ ਦੀ ਕੰਵਰ ਨੌ-ਨਿਹਾਲ ਸਿੰਘ ਦੀ ਮਾਤਾ ਰਾਣੀ ਚੰਦ ਕੌਰ ਨੇ ਤਿਆਰ ਕਰਵਾਈ। ਉਸ ਸਮੇਂ ਹਰ ਇਕ ਜੋੜੀ ਉੱਪਰ ਸੱਤ-ਸੱਤ ਹਜ਼ਾਰ ਰੁਪਏ ਖਰਚ ਆਇਆ। ੧੯੦੫ ਬਿ: (੧੮੪੮ ਈ.) ਵਿੱਚ ਇਨ੍ਹਾਂ ਜੋੜੀਆਂ ਨੂੰ ਸ੍ਰ. ਜੇਠਾ ਸਿੰਘ ਦੀ ਰਾਹੀਂ ਨਵੇਂ ਸਿਰੇ ਤੋਂ ਮੁਰੰਮਤ ਕਰਵਾਇਆ। ਜਿਸ ਉੱਪਰ ਛੇ ਹਜ਼ਾਰ ਰੁਪਏ ਖਰਚ ਹੋਏ।

ਤਵਾਰੀਖ ਅੰਮ੍ਰਿਤਸਰ ਕ੍ਰਿਤ ਗਿ: ਗਿਆਨ ਸਿੰਘ ਪੰਨਾ ੨੨-੨੩ ਤੇ ਅੰਕਿਤ ਹੈ ਕਿ ਸੰਮਤ ੧੮੯੬ ਹਾੜ ਸੁਦੀ ਇਕਾਦਸ਼ੀ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਦੇਹਾਂਤ ਮਗਰੋਂ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਦਾ ਕੰਮ ਮਹਾਰਾਜਾ ਖੜਗ ਸਿੰਘ ਨੇ ਓਸੇ ਤਰ੍ਹਾਂ ਜਾਰੀ ਰੱਖਿਆ। ਉਨ੍ਹਾਂ ਨੇ ਪੰਜਾਹ ਹਜ਼ਾਰ ਰੁਪਏ ਦਾ ਸੰਗਮਰਮਰ ਮੰਗਵਾਇਆ ਜਿਸ ਨਾਲ ਪੰਜ ਸੌ ਕਾਰੀਗਰ ਤੇ ਅੱਠ ਸੌ ਮਜ਼ਦੂਰਾਂ ਨੂੰ ਲਾ ਕੇ ਬੜੀ ਕੋਸ਼ਿਸ਼ ਤੇ ਪਿਆਰ ਨਾਲ ਦਰਸ਼ਨੀ ਡਿਉਢੀ ਤੋਂ ਅਕਾਲ ਬੁੰਗੇ ਤੱਕ ਦਾ ਚੌਂਕ, ਫੁਵਾਰਾ, ਫਰਸ਼, ਥੰਮ, ਘੜਿਆਲ ਅਤੇ ਬੁੰਗਾ ਤਿਆਰ ਕਰਵਾਇਆ। ਉਨ੍ਹਾਂ ਦਿਨਾਂ ਵਿੱਚ ਹੀ ਸ੍ਰੀ ਦਰਬਾਰ ਸਾਹਿਬ ਦੀ ਬਾਕੀ ਸੇਵਾ (ਪੌੜ, ਫਰਸ਼, ਸਰਕਾਰੀ ਬੁੰਗੇ ਤੱਕ, ਦਰਸ਼ਨੀ ਦਰਵਾਜ਼ੇ ਅਤੇ ਅਕਾਲ ਤਖ਼ਤ ਦੇ ਬੇਲ ਬੂਟੇ ਆਦਿ) ਕੰਵਰ ਨੌਨਿਹਾਲ ਸਿੰਘ ਦੀ ਮਰਜ਼ੀ ਅਨੁਸਾਰ ਹੁੰਦੀ ਰਹੀ।

ਕੰਵਰ ਸਾਹਿਬ ਦਾ ਵੀਚਾਰ ਬਣ ਚੁੱਕਾ ਸੀ ਕਿ ਇਸੇ ਤਰ੍ਹਾਂ ਦੀ ਪ੍ਰਕਰਮਾ ਅਤੇ ਏਸੇ ਤਰ੍ਹਾਂ ਦਾ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਵੀ ਤਿਆਰ ਕੀਤਾ ਜਾਵੇ। ਇਸੇ ਖਿਆਲ ਨਾਲ ਕੰਵਰ ਸਾਹਿਬ ਨੇ ਮਿਸਤਰੀ ਅਹਿਮਦ ਯਾਰ ਖਾਨ ਦੀ ਰਾਹੀਂ ਜੋਧਪੁਰ ਤੋਂ ਸੱਤ ਲੱਖ ਦਾ ਸੰਗਮਰਮਰ ਮੰਗਵਾ ਲਿਆ ਸੀ ਪਰ ਮਹਾਰਾਜਾ ਖੜਗ ਸਿੰਘ ਅਤੇ ਕੰਵਰ ਨੌ-ਨਿਹਾਲ ਸਿੰਘ ਦੇ ਇਕੋ ਦਿਨ ਗੁਰਪੁਰੀ ਸਿਧਾਰ ਜਾਣ ਕਰਕੇ ਉਹ ਸੱਤ ਲੱਖ ਰੁਪਏ ਦਾ ਜੋਧਪੁਰ ਤੋਂ ਸੈਂਕੜੇ ਗੱਡਿਆਂ ਵਿੱਚ ਮੰਗਵਾਇਆ ਸੰਗਮਰਮਰ ਬਹੁਤ ਸਾਰਾ ਰਸਤੇ ਵਿੱਚ ਹੀ ਲੁੱਟਿਆ ਗਿਆ। ਉਸ ਵਿੱਚੋਂ ਬਹੁਤ ਥੋੜ੍ਹਾ ਹੀ ਅੰਮ੍ਰਿਤਸਰ ਪੁੱਜਾ।

ਉਨ੍ਹਾਂ ਤੋਂ ਮਗਰੋਂ ਕੰਵਰ ਸਾਹਿਬ ਦੀ ਮਾਤਾ ਮਹਾਰਾਣੀ ਚੰਦ ਕੌਰ ਨੇ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਨੂੰ ਉਸੇ ਤਰ੍ਹਾਂ ਜਾਰੀ ਰੱਖਿਆ। ਸੰਮਤ ੧੮੯੮ ਬਿਕ੍ਰਮੀ (੧੮੪੧ ਈ.) ਵਿੱਚ ਮਹਾਰਾਜਾ ਸ਼ੇਰ ਸਿੰਘ ਦੇ ਚਲਾਣੇ ਪਿੱਛੋਂ ਰਾਜਾ ਹੀਰਾ ਸਿੰਘ ਨੇ ਕੁਝ ਧਿਆਨ ਨਾ ਦਿੱਤਾ ਜਿਸ ਕਰ ਕੇ ਸੇਵਾ ਦਾ ਕੰਮ ਇਕ ਸਾਲ ਬੰਦ ਰਿਹਾ। ਸੰਮਤ ੧੯੦੦ (੧੮੪੩ ਈ.) ਦੇ ਪੋਹ ਨੂੰ ਰਾਜਾ ਹੀਰਾ ਸਿੰਘ ਦੇ ਮਾਰੇ ਜਾਣ ਪਿੱਛੋਂ ਸ੍ਰ. ਜਵਾਹਰ ਸਿੰਘ ਨੇ ਭਾਈ ਪ੍ਰਦੁਮਨ ਸਿੰਘ ਗਿਆਨੀ ਦੀ ਰਾਹੀਂ ਫੇਰ ਇਮਾਰਤ ਦਾ ਕੰਮ ਆਰੰਭ ਕੀਤਾ ਅਤੇ ਪਝੱਤਰ ਹਜ਼ਾਰ ਦੀ ਜਾਗੀਰ ਤੋਂ ਛੁੱਟ ਹੋਰ ਖਰਚ ਆਦਿ ਲਈ ਪੰਜ ਹਜ਼ਾਰ ਸਾਲਾਨਾ ਸ੍ਰੀ ਦਰਬਾਰ ਸਾਹਿਬ ਦੀ ਮੁਰੰਮਤ ਵਾਸਤੇ ਸਦਾ ਲਈ ਲਾ ਦਿੱਤਾ।

ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਉੱਪਰਲੀ ਮੰਜ਼ਲ ਵਿੱਚ ਹੋਏ ਚਿਤ੍ਰਕਾਰੀ ਦੇ ਕੰਮ ਦੀ ਮੁਰੰਮਤ ਜ਼ਰੂਰ ਹੁੰਦੀ ਰਹੀ। ਇਕ ਦੋ ਨਕਾਸ਼ ਹਰ ਰੋਜ਼ ਇਸ ਸੇਵਾ ਵਿੱਚ ਉੱਪਰ ਨੀਅਤ ਕੀਤੇ ਹੋਏ ਸਨ। ਇਤਿਹਾਸਕ ਵੇਰਵਿਆਂ ਅਨੁਸਾਰ ਸ੍ਰੀ ਹਰਿਮੰਦਰ ਸਾਹਿਬ ਦੀ ਸੁਨਹਿਰੀ ਤੇ ਸੰਗਮਰਮਰੀ ਇਮਾਰਤ ਲਈ ਦੋ ਨਕਾਸ਼ਾਂ ਦੀ ਡਿਊਟੀ ਜ਼ਰੂਰ ਸੀ, ਜੋ ਚਿਤ੍ਰਕਾਰੀ ਦੇ ਕੰਮ ਵਿੱਚ ਮੁਰੰਮਤ ਕਰਦੇ ਰਹਿੰਦੇ ਸਨ। ਲਗਭਗ ੧੯੫੫ ਈ: ਬਾਅਦ ਗੱਚ ਤੇ ਨਕਾਸ਼ੀ ਦੇ ਸਾਰੇ ਹਿੱਸੇ ਨਵੇਂ ਸਿਰੇ ਤੋਂ ਦੋਬਾਰਾ ਬਨਾਉਣੇ ਸ਼ੁਰੂ ਕੀਤੇ ਕਿਉਂਕਿ ਪਹਿਲੇ ਕੰਮ ਦਾ ਰੰਗ ਫਿੱਕਾ ਪੈ ਚੁੱਕਾ ਸੀ ਜਾਂ ਯਾਤਰੂਆਂ ਦੇ ਕੰਧਾਂ ਉੱਪਰ ਹੱਥ ਲਾਉਣ ਕਰ ਕੇ ਚਿੱਤਰਾਂ ਦੀਆਂ ਸ਼ਕਲਾਂ ਘਸ ਚੁੱਕੀਆਂ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੀਤੇ ਫੈਸਲੇ ਅਨੁਸਾਰ ਉੱਪਰਲੀ ਮੰਜ਼ਲ ਦੀਆਂ ਬਾਹਰਲੀਆਂ ਕੰਧਾਂ ਤੇ ਅੰਦਰਲੇ ਥੰਮ੍ਹਾਂ ਉੱਪਰ ਦੋਬਾਰਾ ਨਕਾਸ਼ੀ ਕਰਵਾ ਕੇ ਉਨ੍ਹਾਂ ਉੱਪਰ ਚਿੱਟੇ ਸ਼ੀਸ਼ੇ ਇਸ ਤਰ੍ਹਾਂ ਜੜ ਦਿੱਤੇ ਗਏ, ਜੋ ਕੁਝ ਸਮਾਂ ਤਾਂ ਠੀਕ ਰਹੇ ਪਰ ਬਾਅਦ ਵਿੱਚ ਉਹ ਵੀ ਮੱਧਮ ਪੈ ਗਏ।

੧੯੬੫ ਈ: ਵਿੱਚ ਸੰਤ ਫਤਹ ਸਿੰਘ ਤੇ ਸੰਤ ਚੰਨਣ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਸੋਨੇ ਨੂੰ ਧੋਣ ਦਾ ਫੈਸਲਾ ਕਰ ਲਿਆ। ਸੋਨਾ ਧੋਣ ਦਾ ਮਸਾਲਾ ਲਾ ਕੇ ਸੁੱਚੇ ਤੇ ਪਵਿੱਤਰ ਜਲ ਨਾਲ ਵੱਡੇ ਗੁੰਬਦ ਦੇ ਉੱਪਰ ਤੇ ਹੇਠ ਕੰਧਾਂ ਤੱਕ ਬਾਹਰੋਂ ਅਤੇ ਅੰਦਰੋਂ ਸਾਰਾ ਸੋਨਾ ਧੋ ਦਿੱਤਾ ਗਿਆ, ਜਿਸ ਨਾਲ ਸੋਨੇ ਵਿੱਚ ਕਾਫੀ ਚਮਕ ਆ ਗਈ ਪਰ ਬਾਅਦ ਵਿੱਚ ਉਹ ਚਮਕ ਮੱਧਮ ਹੋਣੀ ਸ਼ੁਰੂ ਹੋ ਗਈ। ਜਦ ਸੋਨੇ ਨੂੰ ਧੋਣ ਵਾਲੇ ਮਾਹਰਾਂ ਤੋਂ ਰਾਇ ਲਈ, ਤਾਂ ਉਨ੍ਹਾਂ ਕਿਹਾ ਕਿ ਜਿਹੜਾ ਮਸਾਲਾ ਸੋਨਾ ਧੋਣ ਲਈ ਵਰਤਿਆ ਗਿਆ, ਉਹ ਠੀਕ ਨਹੀਂ ਸੀ। ਉਸ ਨੇ ਤਾਂਬੇ ਦੇ ਪੱਤ੍ਰਿਆਂ ਉੱਪਰ ਚੜ੍ਹਿਆ ਹੋਇਆ ਸੋਨਾ ਲਾਹ ਦਿੱਤਾ ਹੈ। ਇਸ ਲਈ ਸੋਨਾ ਨਵੇਂ ਸਿਰੇ ਤੋਂ ਚੜ੍ਹਾਇਆ ਜਾਣਾ ਚਾਹੀਦਾ ਹੈ।

੧੯੭੪ ਈ: ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਸ੍ਰੀ ਹਰਿਮੰਦਰ ਸਾਹਿਬ ਉੱਪਰ ਦੋਬਾਰਾ ਸੋਨਾ ਚੜ੍ਹਾਉਣ ਲਈ ਸਿੰਘ ਸਾਹਿਬਾਨ ਨਾਲ ਵਿਚਾਰ ਕਰਨ ਉਪਰੰਤ ਸਰਬ ਸੰਮਤੀ ਨਾਲ ਨਵਾਂ ਸੋਨਾ ਚੜ੍ਹਾਉਣ ਦਾ ਫੈਸਲਾ ਕਰ ਦਿੱਤਾ। ਸੰਤ ਕਰਤਾਰ ਸਿੰਘ ਜੀ ਠੱਟੇ ਟਿੱਬੇ ਵਾਲਿਆਂ ਨੂੰ ਇਹ ਸੇਵਾ ਸੰਭਾਲਣ ਦਾ ਸ਼੍ਰੋਮਣੀ ਕਮੇਟੀ ਨੇ ਮਤਾ ਕਰ ਦਿੱਤਾ ਤੇ ਸੰਤਾਂ ਪਾਸ ਸ਼੍ਰੋਮਣੀ ਕਮੇਟੀ ਦੇ ਮੁਖੀ ਸਿੰਘਾਂ ਨੇ ਜਾ ਕੇ ਬੇਨਤੀ ਕੀਤੀ। ਸੰਤ ਜੀ ਉਸ ਸਮੇਂ ਗੁਰਦੁਆਰਾ ਮੰਜੀ ਸਾਹਿਬ ਦੇ ਦੀਵਾਨ ਹਾਲ ਦੀ ਸੇਵਾ ਕਰਵਾ ਰਹੇ ਸਨ। ਪਹਿਲਾਂ ਤਾਂ ਉਨ੍ਹਾਂ ਇਸ ਕਠਨ ਸੇਵਾ ਨਿਭਾਉਣ ਤੋਂ ਅਸਮਰਥਾ ਪ੍ਰਗਟ ਕੀਤੀ ਪਰ ਸੰਗਤ ਤੇ ਪ੍ਰਬੰਧਕਾਂ ਵੱਲੋਂ ਬੇਨਤੀ ਕਰਨ ‘ਤੇ ਆਪ ਮੰਨ ਗਏ। ਸ੍ਰੀ ਹਰਿਮੰਦਰ ਸਾਹਿਬ ਦੇ ਗੁੰਬਦ ‘ਚੋਂ ਕੁਝ ਪੱਤਰੇ ਖੋਲ੍ਹ ਕੇ ਗਰਮ ਕਰ ਕੇ ਉਨ੍ਹਾਂ ਵਿੱਚ ਪਏ ਵੱਲ-ਵਿੰਗ ਸਿੱਧੇ ਕੀਤੇ। ਪਹਿਲੇ ਦਿਨ ਸੋਨਾ ਚੜ੍ਹਾਉਣ ਦੀ ਰਸਮ ਆਰੰਭ ਕਰਨ ਦੇ ਸਮੇਂ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਕਿਰਪਾਲ ਸਿੰਘ ਪਾਸੋਂ ਅਰਦਾਸ ਕਰਵਾਈ ਤੇ ਤਾਂਬੇ ਦੇ ਪੱਤਰੇ ਉੱਪਰ ਸੋਨੇ ਦਾ ਪਹਿਲਾ ਵਰਕ ਚੜ੍ਹਾਇਆ, ਜਿਸ ਤੋਂ ਇਹ ਕਾਰਜ ਆਰੰਭ ਹੋ ਗਿਆ।
******