ਪ੍ਰਚਾਰਕ ਭਾਈ ਦਲਬੀਰ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ ਸ. ਸੁਖਦੇਵ ਸਿੰਘ ਭੂਰਾ ਕੋਹਨਾ ਐਡੀਸ਼ਨਲ ਸਕੱਤਰ ਤੇ ਸ. ਰਾਜਿੰਦਰ ਸਿੰਘ ਰੂਬੀ ਅਟਾਰੀ।

ਅੰਮ੍ਰਿਤਸਰ, 19 ਜੁਲਾਈ:- ਸੜਕ ਹਾਦਸੇ ਵਿਚ ਅਕਾਲ ਚਲਾਣਾ ਕਰ ਗਏ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਭਾਈ ਦਲਬੀਰ ਸਿੰਘ ਤੇੜੀ ਦੇ ਗ੍ਰਹਿ ਵਿਖੇ ਪੁੱਜ ਕੇ ਸ਼੍ਰੋਮਣੀ ਕਮੇਟੀ ਦੇ ਐਡੀਸ਼ਨਲ ਸਕੱਤਰ ਸ. ਸੁਖਦੇਵ ਸਿੰਘ ਭੂਰਾ ਕੋਹਨਾ ਨੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰੋ: ਕਿਰਪਾਲ ਸਿੰਘ ਬਡੂੰਗਰ ਵੱਲੋਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਇਸ ਮੌਕੇ ਸ. ਸੁਖਦੇਵ ਸਿੰਘ ਭੂਰਾ ਕੋਹਨਾ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਪ੍ਰਚਾਰਕ ਭਾਈ ਦਲਬੀਰ ਸਿੰਘ ਦੇ ਬੇਵਕਤੀ ਵਿਛੋੜੇ ਨਾਲ ਜਿਥੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉਥੇ ਹੀ ਸ਼੍ਰੋਮਣੀ ਕਮੇਟੀ ਨੂੰ ਵੀ ਇਸ ਇਮਾਨਦਾਰ ਤੇ ਮਿਹਨਤੀ ਪ੍ਰਚਾਰਕ ਦੀ ਘਾਟ ਹਮੇਸ਼ਾ ਰੜਕਦੀ ਰਹੇਗੀ। ਉਨ੍ਹਾਂ ਕਿਹਾ ਕਿ ਜੋ ਵੀ ਜੀਵ ਇਸ ਦੁਨੀਆਂ ‘ਤੇ ਆਇਆ ਹੈ ਉਸ ਨੇ ਇਕ ਦਿਨ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਕੇ ਇਥੋਂ ਚਲੇ ਜਾਣਾ ਹੁੰਦਾ ਹੈ। ਜਨਮ ਅਤੇ ਮੌਤ ਪਰਮਾਤਮਾ ਦੀ ਅਟੱਲ ਸੱਚਾਈ ਹਨ। ਉਨ੍ਹਾਂ ਪ੍ਰਧਾਨ ਸ਼੍ਰੋਮਣੀ ਕਮੇਟੀ ਵੱਲੋਂ ਪਰਿਵਾਰ ਨੂੰ ਹਰ ਸੰਭਵ ਮਦਦ ਕਰਨ ਦਾ ਭਰੋਸਾ ਵੀ ਦਿੱਤਾ। ਇਸ ਦੁੱਖ ਦੀ ਘੜੀ ਵਿਚ ਸ਼੍ਰੋਮਣੀ ਕਮੇਟੀ ਪਰਿਵਾਰ ਨਾਲ ਖੜ੍ਹੀ ਹੈ। ਉਨ੍ਹਾਂ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਇਸ ਮੌਕੇ ਸ. ਭੂਰਾ ਨੇ ਭਾਈ ਦਲਬੀਰ ਸਿੰਘ ਦੇ ਗੰਭੀਰ ਜ਼ਖਮੀ ਹੋਏ ਪੁੱਤਰ ਸ. ਰੋਬਨਪ੍ਰੀਤ ਸਿੰਘ ਦੀ ਸਿਹਤਯਾਬੀ ਲਈ ਵੀ ਅਕਾਲ ਪੁਰਖ ਅੱਗੇ ਅਰਦਾਸ ਕੀਤੀ।
ਇਸ ਮੌਕੇ ਸ. ਰਾਜਿੰਦਰ ਸਿੰਘ ਰੂਬੀ ਅਟਾਰੀ, ਬਾਪੂ ਸੁਰਿੰਦਰ ਸਿੰਘ ਤੇੜੀ, ਸ. ਲਖਬੀਰ ਸਿੰਘ ਤੇੜੀ, ਸਰਪੰਚ ਸ. ਗੁਰਪ੍ਰੀਤ ਸਿੰਘ, ਨੰਬਰਦਾਰ ਸ. ਕੁਲਵਿੰਦਰ ਸਿੰਘ, ਸ. ਸੁਰਜੀਤ ਸਿੰਘ ਸ਼ਾਹ ਆਦਿ ਹਾਜ਼ਰ ਸਨ।