14-08-2015ਅੰਮ੍ਰਿਤਸਰ 14 ਅਗਸਤ (  ) ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਆਉਂਦੀਆਂ ਸੰਗਤਾਂ ਦੀ ਸਹੂਲਤ ਨੂੰ ਮੱਦੇਨਜ਼ਰ ਰੱਖਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਤੇ ਮਾਤਾ ਗੰਗਾ ਜੀ ਨਿਵਾਸ ਨੇੜੇ ਠੰਡੇ-ਮਿੱਠੇ ਜਲ ਦੀ ਛਬੀਲ ਵਾਲੇ ਨਵੇਂ ਕਮਰੇ ਦਾ ਲੈਂਟਰ ਪਾਇਆ ਗਿਆ।ਲੈਂਟਰ ਦੀ ਆਰੰਭਤਾ ਤੋਂ ਪਹਿਲਾਂ ਭਾਈ ਗੁਰਸੇਵਕ ਸਿੰਘ ਗ੍ਰੰਥੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਨੇ ਅਰਦਾਸ ਕੀਤੀ।
ਇਸ ਮੌਕੇ ਡਾ. ਰੂਪ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਂਦੀਆਂ ਸੰਗਤਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਬੰਧ ਕੀਤੇ ਜਾਂਦੇ ਹਨ।ਇਸ ਪਾਸੇ ਦੋ ਸਰਾਵਾਂ, ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਜੀ ਬਿਲਕੁਲ ਨਜ਼ਦੀਕ ਹਨ, ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਤੇ ਨਿਵਾਸ ਬਾਬਾ ਦੀਪ ਸਿੰਘ ਜੀ ਵੀ ਇਸੇ ਪਾਸੇ ਹੀ ਪੈਂਦਾ ਹੈ।ਇਸ ਕਰਕੇ ਇਥੇ ਸੰਗਤਾਂ ਲਈ ਠੰਡੇ-ਮਿੱਠੇ ਜਲ ਦੀ ਛਬੀਲ ਦਾ ਪ੍ਰਬੰਧ ਕਰਨਾ ਜ਼ਰੂਰੀ ਸੀ।ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੋਏ ਆਦੇਸ਼ ਅਨੁਸਾਰ ਇਸ ਕਾਰਜ ਦੀ ਸੇਵਾ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੂੰ ਸੌਂਪੀ ਗਈ ਹੈ।ਬਾਬਾ ਜੀ ਵੱਲੋਂ ਬੜੀ ਤੇਜ਼ੀ ਨਾਲ ਇਸ ਨੂੰ ਨੇਪਰੇ ਚਾੜਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਇਸ ਛਬੀਲ ਤੇ ਆਰ.ਓ.ਸਿਸਟਮ ਵੀ ਲਗਾਇਆ ਜਾਵੇਗਾ ਤਾਂ ਕਿ ਸੰਗਤਾਂ ਸ਼ੁੱਧ ਪਾਣੀ ਪੀ ਸਕਣ।
ਸੇਵਾ ਦਾ ਆਰੰਭ ਬਾਬਾ ਸੁਖਵਿੰਦਰ ਸਿੰਘ ਸੁੱਖਾ, ਸ. ਕੇਵਲ ਸਿੰਘ ਬਾਦਲ ਜੂਨੀਅਰ ਮੀਤ ਪ੍ਰਧਾਨ, ਡਾ. ਰੂਪ ਸਿੰਘ ਤੇ ਸ. ਮਨਜੀਤ ਸਿੰਘ ਸਕੱਤਰ, ਸ. ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ, ਸ. ਸਕੱਤਰ ਸਿੰਘ ਮੀਤ ਸਕੱਤਰ, ਸ. ਗੁਰਿੰਦਰ ਸਿੰਘ ਮੈਨੇਜਰ ਸਰਾਵਾਂ, ਸ. ਜਤਿੰਦਰ ਸਿੰਘ ਵਧੀਕ ਮੈਨੇਜਰ ਤੇ ਸ. ਰਾਮ ਸਿੰਘ ਸਾਬਕਾ ਮੀਤ ਸਕੱਤਰ ਸ਼੍ਰੋਮਣੀ ਕਮੇਟੀ ਵੱਲੋਂ ਕੀਤਾ ਗਿਆ।
ਇਸ ਮੌਕੇ ਬਾਬਾ ਫਤਹਿ ਸਿੰਘ, ਬਾਬਾ ਹਰੀ ਸਿੰਘ, ਬਾਬਾ ਪ੍ਰੇਮ ਸਿੰਘ, ਬਾਬਾ ਕੰਵਰਪ੍ਰਤਾਪ ਸਿੰਘ, ਬਾਬਾ ਅੰਗਰੇਜ਼ ਸਿੰਘ ਤੇ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਤਨੋ-ਮਨੋ ਸੇਵਾ ਕੀਤੀ।