ਅੰਮ੍ਰਿਤਸਰ  26 ਅਕਤੂਬਰ (        )  ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਫਤਰ ਤੋਂ ਜਾਰੀ ਪ੍ਰੈੱਸ ਬਿਆਨ ਵਿੱਚ ਕਿਹਾ ਕਿ ਕੁਝ ਪੰਥ ਦੋਖੀਆਂ ਵੱਲੋਂ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰੇ ਪਾੜ ਕੇ ਥਾਂ-ਥਾਂ ਖਿਲਾਰ ਕੇ ਜੋ ਅਪਮਾਨ ਕੀਤਾ ਗਿਆ ਹੈ ਉਹ ਬਰਦਾਸ਼ਤ ਤੋਂ ਬਾਹਰ ਹੈ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇਵਲ ਸਿੱਖਾਂ ਦੇ ਹੀ ਨਹੀਂ ਬਲਕਿ ਸਭ ਦੇ ਸਾਂਝੇ ਗੁਰੂ ਹਨ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਸਾਹਿਬਾਨ ਦੇ ਇਲਾਵਾ ਹਰ ਧਰਮ ਤੇ ਜਾਤ ਦੇ ਭਗਤਾਂ ਤੇ ਭੱਟਾਂ ਦੀ ਬਾਣੀ ਦਰਜ ਹੈ, ਜੋ ਸਾਂਝੀ ਵਾਲਤਾ ਤੇ ਸਰਬੱਤ ਦੇ ਭਲੇ ਦਾ ਸੰਦੇਸ਼ ਦੇਂਦੀ ਹੈ।ਪਰ ਪੰਜਾਬ ਦੀ ਸ਼ਾਂਤੀ ਨੂੰ ਲਾਂਬੂ ਲਾਉਣ ਵਾਲੇ ਕੁਝ ਸ਼ਰਾਰਤੀ ਅਨਸਰ ਜਿਸ ਦਾ ਦਿੱਤਾ ਖਾਂਦੇ ਹਨ ਉਸੇ ਦੀ ਹੀ ਬੇਅਦਬੀ ਕਰਕੇ ਪਤਾ ਨਹੀਂ ਕੀ ਸਿੱਧ ਕਰਨਾ ਚਾਹੁੰਦੇ ਹਨ।

ਉਨ੍ਹਾਂ ਕਿਹਾ ਕਿ ਜੋ ਲੋਕ ਇਸ ਤਰ੍ਹਾਂ ਦੀਆਂ ਮੰਦਭਾਗੀਆਂ ਘਟਨਾਵਾਂ ਨੂੰ ਅੰਜਾਮ ਦੇਂਦੇ ਹਨ ਉਨ੍ਹਾਂ ਦਾ ਕੋਈ ਵੀ ਧਰਮ ਨਹੀਂ ਹੁੰਦਾ।ਉਨ੍ਹਾਂ ਕਿਹਾ ਕਿ ਇਨ੍ਹਾਂ ਘਟਨਾਵਾਂ ਸਦਕਾ ਪੂਰੇ ਸਿੱਖ ਜਗਤ ਦੇ ਮਨਾਂ ਨੂੰ ਭਾਰੀ ਠੇਸ ਪੁੱਜੀ ਹੈ ਤੇ ਪਸ਼ਚਾਤਾਪ ਵਜੋਂ ਸਮੁੱਚੇ ਸਿੱਖ ਜਗਤ ਨੇ ਵੱਖ-ਵੱਖ ਥਾਵਾਂ ਤੇ ਆਪਣੀਆਂ ਚਿੰਤਾਵਾਂ ਅਤੇ ਦੁੱਖ ਪ੍ਰਗਟ ਕਰਨ ਲਈ ਸ੍ਰੀ ਅਖੰਡ ਪਾਠ ਸਾਹਿਬ ਕਰਵਾ ਕੇ ਉਨ੍ਹਾਂ ਦੇ ਭੋਗ ਪਾਏ ਹਨ।

ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱੱਖ ਸੇਵਾਦਾਰ ਹੋਣ ਦੇ ਨਾਤੇ ਮੈਂ ਸਮੁੱਚੇ ਸਿੱਖ ਜਗਤ ਨੂੰ ਅਪੀਲ ਕਰਦਾ ਹਾਂ ਕਿ ਉਹ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਅਤੇ ਗੁਰਮਤਿ ਸਮਾਗਮਾਂ ਸਮੇਂ ਆਤਿਸ਼ਬਾਜੀ ਅਤੇ ਦੀਪਮਾਲਾ ਨਾ ਕਰਨ ।