ਅੰਮ੍ਰਿਤਸਰ 28 ਅਪ੍ਰੈਲ – ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪੁਰਾਣੇ ਕੜਾਹ ਪ੍ਰਸ਼ਾਦਿ ਦੇ ਕਾਊਂਟਰਾਂ ਵਾਲੇ ਬਰਾਂਡੇ ਦੇ ਰਹਿੰਦੇ ਲੈਂਟਰ ਦੀ ਸੇਵਾ ਦੀ ਆਰੰਭਤਾ ਸੱਚਖੰਡ ਵਾਸੀ ਪੰਥ ਰਤਨ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਦਿੱਲੀ ਵਾਲਿਆਂ ਵੱਲੋਂ ਬਾਬਾ ਬਚਨ ਸਿੰਘ ਜੀ ਨੇ ਕੀਤੀ।ਇਸ ਸਮੇਂ ਭਾਈ ਸੁਰਜੀਤ ਸਿੰਘ ਸਾਬਕਾ ਅਰਦਾਸੀਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਅਰਦਾਸ ਕੀਤੀ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਰੂਪ ਸਿੰਘ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੋਏ ਆਦੇਸ਼ਾਂ ਮੁਤਾਬਿਕ ਪੁਰਾਣੇ ਕੜਾਹ ਪ੍ਰਸ਼ਾਦਿ ਵਾਲੇ ਕਾਊਂਟਰਾਂ ਦੇ ਬਰਾਂਡੇ ਦੇ ਰਹਿੰਦੇ ਲੈਂਟਰ ਦੀ ਸੇਵਾ ਦਾ ਕਾਰਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਦੇ ਦਰ ਦੀ ਤਨ, ਮਨ ਅਤੇ ਧਨ ਨਾਲ ਕੀਤੀ ਸੇਵਾ ਕਦੇ ਬਿਰਥੀ ਨਹੀਂ ਜਾਂਦੀ ਅਤੇ ਇਹ ਸੇਵਾ ਵੱਡੇ ਭਾਗਾਂ ਵਾਲਿਆਂ ਨੂੰ ਹੀ ਮਿਲਦੀ ਹੈ।ਉਨ੍ਹਾਂ ਇਸ ਸਮੇਂ ਬਾਬਾ ਬਚਨ ਸਿੰਘ ਦਿੱਲੀ ਵਾਲਿਆਂ ਦਾ ਅਤੇ ਸੇਵਾ ਵਿੱਚ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ।

ਬਾਬਾ ਬਚਨ ਸਿੰਘ ਕਾਰ ਸੇਵਾ ਵਾਲਿਆਂ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਦੇ ਪਵਿੱਤਰ ਅਸਥਾਨਾਂ ਦੀ ਸੇਵਾ ਕਿਸੇ ਕਰਮਾਂ ਭਾਗਾਂ ਵਾਲੇ ਨੂੰ ਹੀ ਮਿਲਦੀ ਹੈ।ਉਨ੍ਹਾਂ ਕਿਹਾ ਕਿ ਅਸੀਂ ਧੰਨਤਾਯੋਗ ਹਾਂ ਕਿ ਸਾਨੂੰ ਸ੍ਰੀ ਗੁਰੂ ਰਾਮਦਾਸ ਦੇ ਦਰ-ਘਰ ਦੀ ਸੇਵਾ ਕਰਨ ਦਾ ਸੁਭਾਗ ਮੌਕਾ ਪ੍ਰਾਪਤ ਹੋਇਆ ਹੈ।ਉਨ੍ਹਾਂ ਕਿਹਾ ਕਿ ਸਤਿਗੁਰੂ ਪਾਤਸ਼ਾਹ ਆਪ ਅੰਗ-ਸੰਗ ਸਹਾਈ ਹੋ ਕੇ ਆਪਣੀਆਂ ਸੰਗਤਾਂ ਕੋਲੋਂ ਇਹ ਸੇਵਾ ਕਰਨ ਵਿੱਚ ਸਹਾਈ ਹੋਣਗੇ ਤੇ ਬਹੁਤ ਜਲਦੀ ਇਹ ਸੇਵਾ ਮੁਕੰਮਲ ਹੋ ਜਾਵੇਗੀ।

ਇਸ ਮੌਕੇ ਸ. ਜਗਜੀਤ ਸਿੰਘ ਮੀਤ ਸਕੱਤਰ, ਸ. ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ. ਅਰਵਿੰਦਰ ਸਿੰਘ ਏ ਪੀ ਆਰ ਓ, ਸ. ਜਤਿੰਦਰ ਸਿੰਘ ਫੋਟੋਗ੍ਰਾਫਰ ਤੇ ਸ.ਪਰਮਜੀਤ ਸਿੰਘ ਇੰਚਾਰਜ ਪ੍ਰਕਰਮਾ ਆਦਿ ਹਾਜ਼ਰ ਸਨ।