ਅੰਮ੍ਰਿਤਸਰ, ੧੩ ਮਾਰਚ-
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਰਿ ਕੀ ਪਉੜੀ ‘ਤੇ ਸੁਨਹਿਰੀ ਛੱਤ ਦੀ ਸੇਵਾ ਕਰਵਾਉਣ ਵਾਲੀ ਮੁੰਬਈ ਨਿਵਾਸੀ ਬੀਬੀ ਮਨਿੰਦਰ ਕੌਰ ਬੇਦੀ ਨੂੰ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਵਿਖੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਗੁਰੂ ਬਖ਼ਸ਼ਿਸ਼ ਸਿਰੋਪਾਓ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ ਅਤੇ ਧਾਰਮਿਕ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ ਗਿਆ। ਦੱਸਣਯੋਗ ਹੈ ਕਿ ਬੀਬੀ ਮਨਿੰਦਰ ਕੌਰ ਬੇਦੀ ਨੇ ਬੀਤੇ ਸਮੇਂ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਰਿ ਕੀ ਪਉੜੀ ਦੀ ਸੁਨਹਿਰੀ ਛੱਤ ਦੇ ਨਾਲ-ਨਾਲ ਲਾਚੀ ਬੇਰੀ ਨਜ਼ਦੀਕ ਕੜਾਹ ਪ੍ਰਸ਼ਾਦ ਲਈ ਸੁਨਹਿਰੀ ਸ਼ੈੱਡ ਦੀ ਵੀ ਸੇਵਾ ਕਰਵਾਈ ਸੀ। ਬੀਬੀ ਮਨਿੰਦਰ ਕੌਰ ਨੂੰ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਉਪਰੰਤ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਨਮਾਨਿਤ ਕਰਨ ਮੌਕੇ ਕਿਹਾ ਕਿ ਗੁਰੂ ਘਰ ਦੇ ਸ਼ਰਧਾਲੂ ਬੀਬੀ ਮਨਿੰਦਰ ਕੌਰ ਸਮੇਂ ਸਮੇਂ ‘ਤੇ ਸੇਵਾਵਾਂ ਕਰ ਕੇ ਗੁਰੂ ਸਾਹਿਬ ਦੀਆਂ ਖ਼ੁਸ਼ੀਆਂ ਪ੍ਰਾਪਤ ਕਰਦੇ ਰਹਿੰਦੇ ਹਨ। ਇਸ ਮੌਕੇ ਉਨ੍ਹਾਂ ਬੀਬੀ ਮਨਿੰਦਰ ਕੌਰ ਦੇ ਨਾਲ ਆਏ ਮੈਡਮ ਚੰਦਰਾ ਅਧਾਂਗਾਰ ਤੇ ਐਡਵੋਕੇਟ ਅਦਿਤਯ ਚੌਧਰੀ ਨੂੰ ਵੀ ਸਨਮਾਨਿਤ ਕੀਤਾ।

ਇਸੇ ਦੌਰਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ‘ਇਕ ਪਿੰਡ ਇਕ ਗੁਰਦੁਆਰਾ ਸਾਹਿਬ’ ਮੁਹਿੰਮ ਆਰੰਭੀ ਗਈ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਕ ਪਿੰਡ ਇਕ ਗੁਰਦੁਆਰਾ ਤਹਿਤ ਕੇਵਲ ਉਨ੍ਹਾਂ ਪਿੰਡਾਂ ਨੂੰ ਹੀ ਮਾਇਕ ਸਹਾਇਤਾ ਦਿੱਤੀ ਜਾਵੇਗੀ, ਜਿਨ੍ਹਾਂ ਪਿੰਡਾਂ ਵਿਚ ਜ਼ਿਆਦਾ ਗੁਰਦੁਆਰਿਆਂ ਦੀ ਥਾਂ ਇਕ ਗੁਰਦੁਆਰਾ ਸਾਹਿਬ ਕਰਨ ਦਾ ਸੰਕਲਪ ਕੀਤਾ ਜਾਵੇਗਾ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਮਾਮਲੇ ਵਿਚ ਸੰਗਤਾਂ ਅਵੱਸ਼ ਹੀ ਸਹਿਯੋਗ ਕਰਨਗੀਆਂ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਸ. ਮਨਜੀਤ ਸਿੰਘ ਤੇ ਸ. ਅਵਤਾਰ ਸਿੰਘ ਸੈਂਪਲਾ, ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ, ਸ. ਜਗਜੀਤ ਸਿੰਘ ਜੱਗੀ ਨਿੱਜੀ ਸਹਾਇਕ, ਬੀਬੀ ਪਰਮਜੀਤ ਕੌਰ ਪਿੰਕੀ, ਸ. ਸਤਨਾਮ ਸਿੰਘ ਸਲੂਜਾ, ਸ. ਬਿਕਰਮਜੀਤ ਸਿੰਘ ਤੇ ਹੋਰ ਮੌਜੂਦ ਸਨ।