sਅੰਮ੍ਰਿਤਸਰ : 4 ਦਸੰਬਰ (        ) ਪ੍ਰੋ: ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਲਗਾਏ ਗਏ ਸਵਾਗਤੀ ਹੋਰਡਿੰਗ ਬੋਰਡ ਉੱਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਨਾਲ ਭੰਗੜੇ ਦੀ ਤਸਵੀਰ ਛਾਪਣ ਤੇ ਇਤਰਾਜ਼ ਜ਼ਾਹਿਰ ਕੀਤਾ ਹੈ।

ਉਨ੍ਹਾਂ ਕਿਹਾ ਕਿ ਮਨਿਸਟਰੀ ਆਫ ਐਕਸਟਰਨਲ ਅਫੇਅਰਜ਼ (ਵਿਦੇਸ਼ ਮੰਤਰਾਲੇ) ਵੱਲੋਂ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਅਨਉਚਿੱਤ ਤਰੀਕੇ ਨਾਲ ਛਾਪਣਾ ਨਿੰਦਣਯੋਗ ਕਾਰਵਾਈ ਹੈ।ਉਨ੍ਹਾਂ ਕਿਹਾ ਕਿ ਸਾਂਝੀਵਾਲਤਾ ਦੇ ਪ੍ਰਤੀਕ ਅਤੇ ਮੁਕੱਦਸ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਖਾਂ ਦੀ ਗਿਣਤੀ ਵਿੱਚ ਹਰ ਧਰਮ ਦੇ ਲੋਕ ਨਤਮਸਤਿਕ ਹੋਣ ਲਈ ਆਉਂਦੇ ਹਨ ਤੇ ਇਸ ਅਸਥਾਨ ਨਾਲ ਸੰਗਤਾਂ ਦੀ ਆਸਥਾ ਜੁੜੀ ਹੈ, ਪਰ ਵਿਦੇਸ਼ ਮੰਤਰਾਲੇ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਨਾਲ ਮਰਯਾਦਾ ਦੇ ਖਿਲਾਫ਼ ਸਮੱਗਰੀ ਛਾਪਣ ਨਾਲ ਸੰਗਤਾਂ ਦੇ ਮਨਾ ਨੂੰ ਭਾਰੀ ਠੇਸ ਪੁੱਜੀ ਹੈ।

ਉਨ੍ਹਾਂ ਕਿਹਾ ਕਿ ਇਹ ਤਸਵੀਰ ਵਟਸ ਐਪ ਤੇ ਵੀ ਦਿੱਤੀ ਗਈ ਹੈ, ਜਿਸ ਨਾਲ ਦੇਸ਼-ਵਿਦੇਸ਼ ਵਿੱਚ ਵਸਦੇ ਸਿੱਖਾਂ ਦੇ ਮਨਾ ਵਿੱਚ ਭਾਰੀ ਰੋਸ ਤੇ ਰੋਹ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ ਮੰਤਰਾਲੇ ਨੂੰ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਨਾਲ ਇਸ ਤਰ੍ਹਾਂ ਦੀ ਇਤਰਾਜਯੋਗ ਸਮੱਗਰੀ ਨਹੀਂ ਛਾਪਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਇਸ ਤਸਵੀਰ ਨੂੰ ਤੁਰੰਤ ਹਟਾਉਣ ਲਈ ਪੱਤਰ ਵੀ ਲਿਖਣਗੇ।