ਪਲਾਜਾ ਵਿਖੇ ਲਗਾਏ ੨੫ ਛਾਂਦਾਰ ਬੂਟੇ, ਭਵਿੱਖ ਵਿਚ ਹੋਵੇਗਾ ਵਿਸਥਾਰ

ਅੰਮ੍ਰਿਤਸਰ, ੧੮ ਅਗਸਤ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜਦੀ ਸੰਗਤ ਨੂੰ ਤਪਸ਼ ਤੋਂ ਬਚਾਉਣ ਲਈ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਬਣੇ ਪਲਾਜਾ ਵਿਖੇ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ। ਪਹਿਲੇ ਪੜਾਅ ਤਹਿਤ ਅੱਜ ਇਥੇ ੨੫ ਛਾਂਦਾਰ ਬੂਟੇ ਲਗਾਏ ਗਏ ਅਤੇ ਅਗਲੇ ਦਿਨਾਂ ਵਿਚ ਇਸਦਾ ਹੋਰ ਵਿਸਥਾਰ ਹੋਵੇਗਾ। ਬੂਟੇ ਵੱਖ-ਵੱਖ ਕਿਸਮਾਂ ਦੇ ਹਨ, ਜਿਨ੍ਹਾਂ ਨੂੰ ਲਗਾਉਣ ਲਈ ਵੱਡ ਅਕਾਰੀ ਗਮਲਿਆਂ ਦੀ ਵਰਤੋਂ ਕੀਤੀ ਗਈ ਹੈ। ਪਹਿਲਾ ਬੂਟਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਵੱਲੋਂ ਲਗਾਇਆ ਗਿਆ, ਜਦਕਿ ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਪੰਜਾਬ ਸਰਕਾਰ ਦੇ ਆਈਏਐਸ ਅਧਿਕਾਰੀ ਸ. ਕਾਹਨ ਸਿੰਘ ਪੰਨੂ, ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ, ਬਾਬਾ ਸੰਤੋਖ ਸਿੰਘ ਬੀੜ ਸਾਹਿਬ, ਵਾਤਾਵਰਣ ਮਾਹਿਰ ਡਾ. ਬਲਵਿੰਦਰ ਸਿੰਘ ਲੱਖੇਵਾਲੀ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਬਲਵਿੰਦਰ ਸਿੰਘ ਜੌੜਾਸਿੰਘਾ ਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਜਸਵਿੰਦਰ ਸਿੰਘ ਦੀਨਪੁਰ ਵੀ ਮੌਜੂਦ ਸਨ। ਇਸ ਮੌਕੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਕਿਹਾ ਕਿ ਇਹ ਇੱਕ ਚੰਗਾ ਉਪਰਾਲਾ ਹੈ ਅਤੇ ਇਸ ਨਾਲ ਸੰਗਤ ਤਪਸ਼ ਤੋਂ ਬਚ ਸਕੇਗੀ। ਸ. ਕਾਹਨ ਸਿੰਘ ਪੰਨੂ ਨੇ ਕਿਹਾ ਕਿ ਇਸ ਨਾਲ ਭਵਿੱਖ ਵਿਚ ਗਰਮੀ ਦੇ ਮੌਸਮ ਦੌਰਾਨ ਸੰਗਤ ਨੂੰ ਲਾਜ਼ਮੀਂ ਫਾਇਦਾ ਮਿਲੇਗਾ। ਇਸ ਦੇ ਨਾਲ ਹੀ ਉਨ੍ਹਾਂ ਇਸ ਯਤਨ ਨੂੰ ਪਹਿਲੇ ਪਾਤਸ਼ਾਹ ਜੀ ਦੇ ੫੫੦ਵੇਂ ਪ੍ਰਕਾਸ਼ ਪੁਰਬ ਮੌਕੇ ਸੰਗਤ ਅੰਦਰ ਵਾਤਾਵਰਨ ਜਾਗਰੂਕਤਾ ਪੈਦਾ ਕਰਨ ਲਈ ਪ੍ਰੇਰਣਾ ਵੀ ਦੱਸਿਆ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਪੱਜਦੀ ਸੰਗਤ ਨੂੰ ਗਰਮੀ ਤੋਂ ਰਾਹਤ ਦੇਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਪਹਿਲਾਂ ਇਥੇ ਵਰਟੀਕਲ ਗਾਰਡਨ ਤੇ ਰੂਫ ਗਾਰਡਨ ਤਿਆਰ ਕੀਤੇ ਗਏ। ਇਸ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾਂ ਦੇ ਵਰਾਂਡਿਆਂ ਉਪਰ ਬੂਟੇ ਤੇ ਵੇਲਾਂ ਲਗਾਈਆਂ ਗਈਆਂ ਹਨ ਅਤੇ ਹੁਣ ਇੱਕ ਸਾਂਝੇ ਯਤਨ ਨਾਲ ਪਲਾਜਾ ਵਿਖੇ ਛਾਂਦਾਰ ਬੂਟੇ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਪਲਾਜਾ ਵਿਖੇ ਬੂਟਿਆਂ ਦੀ ਸੇਵਾ ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ ਵੱਲੋਂ ਕੀਤੀ ਗਈ ਹੈ ਅਤੇ ਇਸ ਦੀ ਵਿਉਂਤਬੰਦੀ ਵਾਤਾਵਰਣ ਮਾਹਿਰ ਡਾ. ਬਲਵਿੰਦਰ ਸਿੰਘ ਲੱਖੇਵਾਲੀ ਦੀ ਹੈ। ਇਸ ਵਿਚ ਸ. ਪੰਨੂ ਦਾ ਵੀ ਵਡਮੁੱਲਾ ਯੋਗਦਾਨ ਹੈ। ਉਨ੍ਹਾਂ ਦੱਸਿਆ ਕਿ ਬੂਟਿਆਂ ਲਈ ਵੱਡੇ ਆਕਾਰ ਦੇ ਗਮਲੇ ਵਿਸ਼ੇਸ਼ ਤੌਰ ‘ਤੇ ਮੁੰਬਈ ਤੋਂ ਮੰਗਵਾਏ ਗਏ ਹਨ। ਬੂਟਿਆਂ ਵਿਚ ਪਿੱਪਲ, ਬੋਹੜ, ਪਿਲਕਨ, ਸੀਤਾ ਅਸ਼ੋਕ, ਮੌਲਸਰੀ ਕਿਸਮ ਦੇ ਹਨ। ਇਹ ਸਾਰੇ ਬੂਟੇ ਘਣੀ ਛਾਂ ਦੇਣ ਵਾਲੇ ਹਨ ਅਤੇ ਇਨ੍ਹਾਂ ਦੀ ਉਚਾਈ ੧੦ ਤੋਂ ੧੫ ਫੁੱਟ ਤੱਕ ਰਹੇਗੀ। ਉਨ੍ਹਾਂ ਸ੍ਰੀ ਦਰਬਾਰ ਸਾਹਿਬ ਦੇ ਚੌਗਿਰਦੇ ਨੂੰ ਹਰਿਆ ਭਰਿਆ ਤੇ ਛਾਂਦਾਰ ਬਣਾਉਣ ਲਈ ਸ. ਕਾਰਨ ਸਿੰਘ ਪੰਨੂ, ਬਾਬਾ ਗੁਰਮੀਤ ਸਿੰਘ ਖੋਸਾ ਤੇ ਡਾ. ਬਲਵਿੰਦਰ ਸਿੰਘ ਲੱਖੇਵਾਲੀ ਦਾ ਧੰਨਵਾਦ ਕੀਤਾ। ਇਸੇ ਦੌਰਾਨ ਬਾਬ ਗੁਰਮੀਤ ਸਿੰਘ, ਬਾਬਾ ਸੰਤੋਖ ਸਿੰਘ, ਸ. ਪੰਨੂ ਤੇ ਡਾ. ਲੱਖੇਵਾਲੀ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਮੈਨੇਜਰ ਸ. ਨਿਸ਼ਾਨ ਸਿੰਘ, ਐਸਡੀਓ ਸ. ਸੁਖਜਿੰਦਰ ਸਿੰਘ, ਸੂਚਨਾ ਅਧਿਕਾਰੀ ਸ. ਅੰਮ੍ਰਿਤਪਾਲ ਸਿੰਘ ਆਦਿ ਮੌਜੁਦ ਸਨ।