ਅੰਮ੍ਰਿਤਸਰ, ੧੪ ਮਾਰਚ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਹੋਲਾ ਮਹੱਲਾ ਮੌਕੇ ਸ੍ਰੀ ਅਨੰਦਪੁਰ ਸਾਹਿਬ ਪਹੁੰਚੀ ਸੰਗਤ ਦੀ ਇੱਕ ਟਰਾਲੀ ਦੇ ਹਾਦਸਾਗ੍ਰਸਤ ਹੋਣ ਕਾਰਨ ਇੱਕ ਸ਼ਰਧਾਲੂ ਦੀ ਮੌਤ ਅਤੇ ਕੁਝ ਦੇ ਜ਼ਖਮੀਂ ਹੋ ਜਾਣ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਗੁਰੂ-ਘਰ ਦੇ ਦਰਸ਼ਨ ਕਰਨ ਪੁੱਜੀ ਸੰਗਤ ਨਾਲ ਵਾਪਰਿਆ ਇਹ ਹਾਦਸਾ ਦੁੱਖਦ ਹੈ। ਉਨ੍ਹਾਂ ਇਸ ਹਾਦਸੇ ਵਿਚ ਅਕਾਲ ਚਲਾਣਾ ਕਰ ਗਏ ਅਤੇ ਜ਼ਖਮੀਂ ਹੋਏ ਸ਼ਰਧਾਲੂਆਂ ਪ੍ਰਤੀ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਕਰਤਾ ਪੁਰਖ ਦਾ ਭਾਣਾ ਹੈ, ਜਿਸ ਅੱਗੇ ਕਿਸੇ ਦਾ ਵੱਸ ਨਹੀਂ। ਉਨ੍ਹਾਂ ਪਰਮਾਤਮਾ ਅੱਗੇ ਅਰਦਾਸ ਕਰਦਿਆਂ ਕਿਹਾ ਕਿ ਕਿ ਵਿਛੜ ਚੁੱਕੇ ਸ਼ਰਧਾਲੂ ਦੇ ਪਰਿਵਾਰ ਤੇ ਨਜ਼ਦੀਕੀਆਂ ਨੂੰ ਭਾਣਾ ਮੰਨਣ ਦਾ ਬਲ ਦੇਣ। ਉਨ੍ਹਾਂ ਜ਼ਖਮੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਵੀ ਕਾਮਨਾ ਕੀਤੀ ਹੈ। ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੋਲਾ ਮਹੱਲਾ ਮੌਕੇ ਪੁੱਜਦੀਆਂ ਸੰਗਤਾਂ ਦੀ ਸੁਰੱਖਿਆ ਲਈ ਬੀਮਾ ਸੁਵਿਧਾ ਵੀ ਮੁਹੱਈਆ ਕਰਵਾਈ ਗਈ ਹੈ। ਇਸ ਅਧੀਨ ਨਿਰਧਾਰਤ ਇਲਾਕੇ ਵਿਚ ਹਾਦਸਾ ਵਾਪਰਨ ਸਮੇਂ ਅਕਾਲ ਚਲਾਣਾ ਕਰ ਜਾਣ ‘ਤੇ ਇੱਕ ਲੱਖ ਰੁਪਿਆ ਅਤੇ ਜ਼ਖਮੀਆਂ ਲਈ ੧੦ ਹਜ਼ਾਰ ਰੁਪਏ ਦਾ ਬੀਮਾ ਸ਼ਾਮਲ ਹੈ।
ਦੱਸਣਯੋਗ ਹੈ ਕਿ ੧੨ ਮਾਰਚ ਨੂੰ ਹੋਲੇ ਮਹੱਲੇ ਦੌਰਾਨ ਇੱਕ ਟਰਾਲੀ ਵਿਚ ਸਵਾਰ ਸੰਗਤ ਦੇ ਗੁਰੂ ਕਾ ਲਾਹੌਰ ਵਿਖੇ ਦਰਸ਼ਨ ਕਰਨ ਤੋਂ ਬਾਅਦ ਵਾਪਸ ਪਰਤਦਿਆਂ ਟਰਾਲੀ ਹਾਦਸਾਗ੍ਰਸਤ ਹੋ ਗਈ ਸੀ। ਇਸ ਹਾਦਸੇ ਵਿਚ ਇੱਕ ਸ਼ਰਧਾਲੂ ਦੀ ਮੋਤ ਹੋ ਗਈ ਸੀ ਅਤੇ ੧੫ ਦੇ ਕਰੀਬ ਜ਼ਖਮੀ ਹੋ ਗਏ ਸਨ।